ਦੇਸ਼ਵਾਸੀਆਂ ਨੂੰ, ਖਾਸ ਕਰ ਦੇਸ਼ ਦੇ ਸਾਧਾਰਣ ਲੋਕਾਂ ਨੂੰ, ਦੀਵਾਲੀ ਬਾਅਦ ਅਜਿਹੀ ਮਹਿੰਗਾਈ ਦੇ ਹੋਰ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਮੁਨਾਫ਼ੇਖੋਰਾਂ, ਦੀ ਪੈਦਾ ਕੀਤੀ ਹੋਈ ਹੈ। ਸਰਕਾਰ ਦੁਆਰਾ ਇਸ ਨੂੰ ਰੋਕਣ ਦੀ ਪਹਿਲੋਂ ਹੀ ਤਿਆਰੀ ਕਰ ਲਈ ਜਾਣੀ ਚਾਹੀਦੀ ਸੀ ਪਰ ਸਕਰਾਰ ਦਾ ਜਿਵੇਂ ਇਸ ਵਲ ਧਿਆਨ ਹੀ ਨਹੀਂ ਹੈ। ਮਹਿੰਗਾਈ ਨੇ ਹਰ ਪ੍ਰਕਾਰ ਦੀਆਂ ਵਸਤਾਂ ਦੀ ਵਿਕਰੀ ’ਤੇ ਮਾੜਾ ਪ੍ਰਭਾਵ ਪਾਇਆ ਹੈ ਅਤੇ ਪਹਿਲਾਂ ਹੀ ਇਹ ਸਾਫ਼ ਹੋ ਗਿਆ ਸੀ ਕਿ ਦੇਸ਼ ’ਚ ਪ੍ਰਚਲਿਤ ਮਹਿੰਗਾਈ ਦੀ ਉੱਚੀ ਦਰ ਕੁੱਲ ਮਿਲਾ ਕੇ ਅਗਲੇ ਸਾਲ ਦੇ ਅਪਰੈਲ ਮਹੀਨੇ ਤੱਕ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੀ ਰਹੇਗੀ ਜਿਸ ਨਾਲ ਆਰਥਿਕ ਵਾਧਾ ਦਰ ਨੂੰ ਵੀ ਧੱਕਾ ਲੱਗਣਾ ਹੈ। ਪਹਿਲਾਂ ਦੇ ਕੁਝ ਸਾਲਾਂ ਵਾਂਗ ਇਸ ਵਾਰ ਵੀ ਸਰਕਾਰ ਤੇ ਸਰਕਾਰੀ ਅਰਥਸ਼ਾਸਤਰੀਆਂ ਨੂੰ ਉਮੀਦ ਸੀ ਕਿ ਤਿਓਹਾਰਾਂ ਦੇ ਦਿਨਾਂ ’ਚ ਇਸ ਵਾਰ, ਕੋਵਿਡ-19 ਮਹਾਮਾਰੀ ਦੀ ਮਾਰ ਖ਼ਤਮ ਹੋਣ ਕਾਰਨ, ਹਰ ਖ਼ੇਤਰ ’ਚ ਵਿਕਰੀ ਵਧੇਗੀ ਜਿਸ ਨਾਲ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ। ਤਿਓਹਾਰਾਂ ਦੇ ਮੌਸਮ ’ਚ ਅਰਥਵਿਵਸਥਾ ਪੱਖੋਂ ਕੀ ਹਾਂ-ਪੱਖੀ ਰਿਹਾ ਹੈ, ਇਸ ਸੰਬੰਧੀ ਮੁਕੰਮਲ ਅੰਕੜੇ ਹਾਲੇ ਸਾਹਮਣੇ ਨਹੀਂ ਆਏ ਹਨ। ਇਹ ਗੱਲ ਜ਼ਰੂਰ ਹੈ ਕਿ ਵਿਅਕਤੀਗਤ ਪੱਧਰ ’ਤੇ ਕੁੱਛ ਖ਼ਰੀਦਦਾਰੀ ਜ਼ਰੂਰ ਹੋਈ ਹੈ ਪਰ ਇਹ ਚਿੰਤਾਜਨਕ ਤੱਥ ਵੀ ਸਾਹਮਣੇ ਆਇਆ ਹੈ ਕਿ ਤਿਓਹਾਰਾਂ ਦੇ ਜਸ਼ਨਾਂ ਦੌਰਾਨ ਕਰਜ਼ ਦਾ ਵਾਧਾ ਵੀ ਹੋਇਆ ਹੈ।
ਸਾਫ਼ ਹੈ ਕਿ ਆਮ ਲੋਕਾਂ ਕੋਲ ਖ਼ਰਚਣ ਲਈ ਪੈਸਾ ਨਹੀਂ ਹੈ। ਕੋਵਿਡ-19 ਮਹਾਂਮਾਰੀ ਦੇ ਦੋ ਸਾਲਾਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲੈਂਦਿਆਂ ਤਿਓਹਾਰਾਂ ’ਚ ਮੁਕਾਬਲਤਨ ਵਧ ਕੇ ਹਿੱਸਾ ਲਿਆ ਹੋਵੇਗਾ, ਜਿਸ ਲਈ ਉਧਾਰ ਵੀ ਚੁੱਕਿਆ ਹੋਵੇਗਾ। ਹੁਣ ਆਮ ਲੋਕਾਂ ਨੂੰ ਹੋਰ ਵੀ ਔਖੀ ਹਾਲਤ ’ਚ ਧੱਕ ਦਿੱਤਾ ਗਿਆ ਹੈ। ਦੀਵਾਲੀ ਤੋਂ ਬਾਅਦ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਨਿੱਗਰ ਵਾਧਾ ਹੋ ਗਿਆ ਹੈ । ਜਿਨ੍ਹਾਂ ਵਸਤਾਂ ਦੀਆਂ ਕੀਮਤਾਂ ਵਿਚ 8 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ ਉਨ੍ਹਾਂ ਵਿੱਚ ਕਣਕ, ਚਾਵਲ, ਖ਼ੁਰਾਕੀ ਤੇਲ, ਬਾਸਮਤੀ ਚਾਵਲ ਅਤੇ ਰਸੋਈ ’ਚ ਕੰਮ ਆਉਣ ਵਾਲੀਆਂ ਵਸਤਾਂ ਸ਼ਾਮਿਲ ਹਨ। ਕੀਮਤਾਂ ਦੇ ਇਸ ਵਾਧੇ ਪਿੱਛੇ ਸੱਟੇਬਾਜ਼ਾਂ, ਜਮ੍ਹਾਂਖੋਰਾਂ ਅਤੇ ਕਾਲਾਬਾਜ਼ਾਰੀਆਂ ਦੀਆਂ ਕਾਰਵਾਈਆਂ ਵੀ ਹਨ। ਦੀਵਾਲੀ ਤੋਂ ਬਾਅਦ, ਲਗਭਗ ਦਸ ਦਿਨਾਂ ਅੰਦਰ ਹੀ, ਕਣਕ ਦੀ ਕੀਮਤ ਵਿੱਚ 7 ਪ੍ਰਤੀਸ਼ਤ ਦਾ ਵਾਧਾ ਹੋ ਚੁੱਕਾ ਹੈ ਜਿਸ ਕਾਰਨ ਪਰਿਵਾਰ ਦੇ ਰਸੋਈ ਦੇ ਖ਼ਰਚਿਆਂ ’ਚ ਤਾਂ ਵਾਧਾ ਹੋਇਆ ਹੀ ਹੈ, ਜਿਵੇਂ ਕਿ ਆਟੇ ਦੇ ਨਾਲ ਹੀ ਮੈਦਾ, ਰਾਵਾ, ਸੂਜੀ ਤੇ ਬਰੈਡ ਮਹਿੰਗੇ ਹੋਏ ਹਨ, ਢਾਬਿਆਂ ਤੇ ਹੋਟਲਾਂ ਆਦਿ ’ਚ ਰੋਟੀ, ਪਰੌਂਠਾ, ਪੂਰੀ, ਉਪਮਾ, ਪੀਜ਼ਾ ਅਤੇ ਨੂਡਲਜ਼ ਤੱਕ ਦੀ ਕੀਮਤ ਚੜ੍ਹ ਚੁੱਕੀ ਹੈ। ਇਸ ਦੇ ਨਾਲ ਹੀ ਚਾਵਲ ਦੀ ਕੀਮਤ ’ਚ ਵੀ 7 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ।
ਸਰਕਾਰ ਦੁਆਰਾ 6 ਲੱਖ ਟਨ ਚਾਵਲ ਨੇਪਾਲ ਨੂੰ ਭੇਜਣ ਦੇ ਫੈਸਲੇ ਕਾਰਨ ਸੱਟੇਬਾਜ਼ਾਂ ਨੇ ਕਣਕ ਦੀ ਕੀਮਤ ਚੜ੍ਹਾਈ ਹੈ। ਜਮ੍ਹਾਂਖੋਰਾਂ ਨੇ ਬਾਸਮਤੀ ਚਾਵਲ ਬਾਜ਼ਾਰ ਵਿੱਚੋਂ ਗਾਇਬ ਕਰ ਦਿੱਤਾ ਹੈ ਜਿਸ ਨਾਲ ਸਾਰੀਆਂ ਕਿਸਮਾਂ ਦੇ ਚਾਵਲ ਮਹਿੰਗੇ ਹੋ ਗਏ ਹਨ। ਖ਼ੁਰਾਕੀ ਤੇਲ ਦੀ ਕੀਮਤ ’ਚ 8 ਪ੍ਰਤੀਸ਼ਤ ਵਾਧਾ ਹੋ ਚੁੱਕਾ ਹੈ । ਕਣਕ ਤੇ ਚਾਵਲ ਦੀਆਂ ਕੀਮਤਾਂ, ਵਿੱਚ ਹੋਰ ਵਾਧੇ ਲਈ ਸਿਰਫ਼ ਕੌਮਾਂਤਰੀ ਹਾਲਾਤ ਹੀ ਜ਼ਿੰਮੇਵਾਰ ਨਹੀਂ ਹਨ। ਪੈਟਰੋਲ, ਡੀਜ਼ਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਦਾ ਵਾਧਾ ਪਹਿਲਾਂ ਹੀ ਮਹਿੰਗਾਈ ਦਾ ਨਤੀਜਾ ਕੱਢ ਚੁੱਕਾ ਹੈ। ਪਰ ਮਹਿੰਗਾਈ ਦੀ ਹਾਲ ਦੀ ਚੜ੍ਹਤ ਸੱਟੇਬਾਜ਼ਾਂ ਅਤੇ ਜਮ੍ਹਾਂਖੋਰਾਂ ਕਾਰਨ ਹੋਈ ਹੈ।
ਸਰਕਾਰ ਨੂੰ ਖ਼ੁਰਾਕੀ ਵਸਤਾਂ ਦੀ ਹੋਰ ਮਹਿੰਗਾਈ ਨੂੰ ਤੁਰੰਤ ਰੋਕਣ ਲਈ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਆਟਾ ਤੇ ਚਾਵਲ ਦੀ ਮਹਿੰਗਾਈ ਆਮ ਭਾਰਤੀ ਲੋਕਾਂ ਦਾ ਬਹੁਤ ਨੁਕਸਾਨ ਕਰ ਰਹੀ ਹੈ। 2022 ਦੇ ਵਿਸ਼ਵ ਭੁੱਖਮਰੀ ਸੂਚਕ ਅੰਕ ’ਤੇ ਪਹਿਲਾਂ ਹੀ ਸਾਡਾ ਦੇਸ਼ 121 ਦੇਸ਼ਾਂ ਵਿੱਚੋਂ 107ਵੇਂ ਸਥਾਨ ’ਤੇ ਹੈ।