ਦਸਬ
ਚੰਡੀਗੜ੍ਹ/16 ਨਵੰਬਰ : ਚੰਡੀਗੜ੍ਹ ਪੁਲਿਸ ਨੇ ਸੈਕਟਰ-37 ਦੇ ਮਕਾਨ ਹੜੱਪਣ ਦੇ ਮੁਲਜ਼ਮ ਬਾਊਂਸਰ ਦੇ ਕਤਲ ਦੇ ਮਾਮਲੇ ਵਿਚ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਨੀਰਜ ਚਸਕਾ ਨੂੰ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ । ਮਲੋਆ ਥਾਣਾ ਪੁਲਿਸ ਨੇ ਬਾਊਂਸਰ ਦੇ ਕਤਲ ਮਾਮਲੇ ਵਿਚ ਸ਼ੂਟਰ ਨੀਰਜ ਚਸਕਾ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਪੰਜ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਹੈ । ਬਾਊਂਸਰ ਸੁਰਜੀਤ ਨੂੰ ਮਾਰਚ 2020 ਵਿਚ ਸੈਕਟਰ-38 ਵੈਸਟ ਵਿਚ ਮੋਟਰਸਾਈਕਲ ’ਤੇ ਆਏ ਦੋ ਸ਼ਾਰਪ ਸ਼ੂਟਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ । ਅਦਾਲਤ ਨੇ ਚਸਕਾ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ । ਇਸ ਦੇ ਨਾਲ ਹੀ ਸ਼ੂਟਰ ਚਸਕਾ ਇੰਡਸਟਰੀਅਲ ਏਰੀਆ ਸਥਿਤ ਕਲੱਬ ਦੇ ਬਾਹਰ ਗੁਰਲਾਲ ਦੇ ਕਤਲ ਕੇਸ ਵਿਚ ਵੀ ਲੋੜੀਂਦਾ ਹੈ । ਮਲੋਆ ਥਾਣੇ ਤੋਂ ਬਾਅਦ ਇੰਡਸਟਰੀਅਲ ਏਰੀਆ ਥਾਣਾ ਪੁਲਿਸ ਚਸਕਾ ਤੋਂ ਪੁੱਛਗਿੱਛ ਕਰੇਗੀ । ਇਸ ਤੋਂ ਪਹਿਲਾਂ ਮਲੋਆ ਥਾਣਾ ਪੁਲਸ ਨੇ ਸੁਰਜੀਤ ਕਤਲ ਕੇਸ ਵਿਚ ਮੁਲਜ਼ਮ ਸੰਜੀਵ ਮਹਾਜਨ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਪੁੱਛਗਿੱਛ ਕੀਤੀ ਸੀ । ਉਸ ਤੋਂ ਬਾਅਦ ਪਿਛਲੇ ਸਾਲ ਮ੍ਰਿਤਕ ਬਾਊਂਸਰ ਸੁਰਜੀਤ ਕਤਲ ਕੇਸ ਵਿਚ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਸੰਗਰੂਰ ਜੇਲ੍ਹ ਤੋਂ ਲਿਆਂਦਾ ਗਿਆ ਸੀ । ਪਤਾ ਲੱਗਾ ਹੈ ਕਿ ਸੁਖਪ੍ਰੀਤ ਨੇ ਪੁਲਿਸ ਰਿਮਾਂਡ ਵਿਚ ਸੁਰਜੀਤ ਕਤਲ ਕੇਸ ਦੀ ਸਾਜ਼ਿਸ਼ ਰਚਣ ਅਤੇ ਹਥਿਆਰਾਂ ਦੀ ਸਪਲਾਈ ਆਦਿ ਸਬੰਧੀ ਜਾਣਕਾਰੀ ਦਿੱਤੀ ਸੀ । ਉਸ ਨੂੰ ਇਸ ਕਤਲ ਕੇਸ ਵਿਚ ਮੁਲਜ਼ਮ ਬਣਾਇਆ ਗਿਆ ਸੀ । ਉਸ ਖਿਲਾਫ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ।