ਇਸ ਗ੍ਰਹਿ ਦੇ ਵਿਸ਼ਾਲ ਕੁਦਰਤੀ ਪਸਾਰੇ ’ਚ ਆਪਣਾ ਟਿਕਾਣਾ ਪੱਕਾ ਕਰਦੇ ਕਰਦੇ ਮਨੁੱਖ ਅੱਜ ਆਪਣਾ ਕੁਨਬਾ ਬਹੁਤ ਵਧਾ ਚੁੱਕਾ ਹੈ। ਇੰਜ ਮਨੁੱਖ ਨੇ ਕੁਦਰਤ ਦੇ ਨੇਮਾਂ ਨੂੰ ਸਮਝਦਿਆਂ ਅਤੇ ਉਨ੍ਹਾਂ ਅਨੁਸਾਰ ਚਲਦਿਆਂ ਹੀ ਕੀਤਾ ਹੈ, ਫਿਰ ਵੀ ਬਹੁਤ ਸਾਰੀਆਂ ਮਨੁੱਖ ਮਾਰੂ ਕੁਦਰਤੀ ਕਰੋਪੀਆਂ ਕਾਇਮ ਹਨ ਜਿਨ੍ਹਾਂ ਵਿੱਚੋਂ ਬਹੁਤ ਨੇ ਸ਼ਾਇਦ ਹਾਲੇ ਕਾਇਮ ਹੀ ਰਹਿਣਾ ਹੈ ਅਤੇ ਕੁਝ, ਜਿਵੇਂ ਕਿ ਅਤੀਤ ਦੀਆਂ ਮਹਾਮਾਰੀਆਂ, ’ਤੇ ਮਨੁੱਖ ਕਾਫੀ ਹੱਦ ਤੱਕ ਕਾਬੂ ਪਾ ਚੁੱਕਾ ਹੈ ਜਦੋਂ ਕਿ ਚੁਣੌਤੀਆਂ ਵੀ ਮੌਜੂਦ ਹਨ। ਆਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ, ਵਿਗਿਆਨਕ ਤਰੀਕੇ ਨਾਲ, ਮਨੁੱਖ ਇਸ ਧਰਤੀ ਉਪਰ ਆਪਣੀ ਔਸਤ ਉਮਰ ਵਧਾਉਂਦਾ ਗਿਆ ਹੈ। ਇੰਜ ਵਿਸ਼ਵ ਪੱਧਰ ’ਤੇ ਵਾਪਰਿਆ ਹੈ। ਤਾਂਬੇ ਦੇ ਯੁੱਗ ’ਚ ਮਨੁੱਖ ਔਸਤਨ 26 ਸਾਲ ਹੀ ਜਿਊ ਪਾਉਂਦਾ ਸੀ। ਲੰਬੇ ਸਮੇਂ ਬਾਅਦ 19ਵੀਂ ਸਦੀ ’ਚ ਜਾ ਕੇ ਔਸਤ ’ਚ ਸਿਰਫ਼ 2 ਸਾਲ ਦਾ ਵਾਧਾ ਹੋ ਸਕਿਆ ਸੀ। ਪਿਛਲੀ ਸਦੀ ਦੇ ਪੰਜਵੇਂ ਦਹਾਕੇ ’ਚ ਮਨੁੱਖ ਦੀ ਔਸਤਨ ਉਮਰ 45 ਸਾਲ ਹੋ ਸਕੀ ਸੀ।
ਇਸ ਸੰਬੰਧ ’ਚ ਭਾਰਤ ਨਾਲ ਵੀ ਅਜਿਹਾ ਹੀ ਵਾਪਰਿਆ ਹੈ। ਬੇਸ਼ੱਕ ਮਿੱਥਹਾਸ ਅਤੇ ਕਾਲਪਨਿਕ ਮਹਾਂਕਾਵਾਂ ’ਚ ਸਾਡੇ ਦੇਸ਼ ’ਚ ਹਜ਼ਾਰਾਂ ਸਾਲ ਪਹਿਲਾਂ ਸੈਂਕੜੇ ਸਾਲਾਂ ਦੀ ਉਮਰ ਦੇ ਮਨੁੱਖ ਵਿਚਰਦੇ ਚਿਤਰੇ ਗਏ ਹੋਣ ਪਰ ਅਸਲੀਅਤ ਇਹ ਹੈ ਕਿ ਕਬਾਇਲੀ ਸਮੇਂ ’ਚ ਭਾਰਤ ਵਿੱਚ ਮਨੁੱਖ ਦੀ ਔਸਤ ਉਮਰ 19-20 ਸੀ ਸੀ। ਜਦੋਂ 1947 ਵਿੱਚ ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋਈ ਸੀ ਤਾਂ ਉਸ ਸਮੇਂ ਭਾਰਤੀ ਔਸਤਨ 32 ਸਾਲ ਹੀ ਜਿਊ ਪਾਉਂਦੇ ਸਨ। ਭਾਰਤ ’ਚ 50 ਸਾਲ ਦੀ ਔਸਤਨ ਉਮਰ 1976 ’ਚ ਜਾ ਕੇ ਹੋਈ । ਅੱਜ, 2022 ’ਚ, ਭਾਰਤ ’ਚ ਮਨੁੱਖ ਦੀ ਔਸਤਨ ਉਮਰ 70 ਸਾਲ 19 ਦਿਨ ਹੈ। ਇਹ ਮਨੁੱਖਜਾਤੀ ਦੁਆਰਾ ਆਮ ਬਿਮਾਰੀਆਂ ਵਿਰੁੱਧ ਅਤੇ ਆਮ ਜੀਵਨ ਦੀਆਂ ਹਾਲਤਾਂ ਨੂੰ ਬੇਹਤਰ ਬਣਾਉਣ ਲਈ ਕੀਤੇ ਲੰਬੇ ਸੰਘਰਸ਼ ਦਾ ਨਤੀਜਾ ਹੈ। ਇਸ ਸੰਘਰਸ਼ ਦਾ ਲਿਸ਼ਕਾਰਾ ਸਮੁੱਚੇ ਸੰਸਾਰ ’ਚ ਕੁੱਲ ਆਬਾਦੀ ਦੇ ਵੱਧਦੇ ਜਾਣ ਦੇ ਸਦੀਆਂ ਦੇ ਯਤਨਾਂ ਰਾਹੀਂ ਵੀ ਪੈਂਦਾ ਹੈ। ਪੰਦਰਵੀਂ ਸਦੀ ਦੇ ਆਖੀਰ ਤੱਕ, 1492 ’ਚ, ਸੰਸਾਰ ਦੀ ਕੁੱਲ ਆਬਾਦੀ ਸਿਰਫ਼ 4 ਕਰੋੜ ਤੱਕ ਹੀ ਪਹੁੰਚੀ ਸੀ; ਪੰਜ ਹਜ਼ਾਰ ਸਾਲ ਪਹਿਲਾਂ ਸੰਸਾਰ ਦੀ ਕੁੱਲ ਆਬਾਦੀ 5 ਲੱਖ ਤੱਕ ਹੀ ਸੀ। 1900 ਤੱਕ ਆਉਂਦੇ ਆਉਂਦੇ ਬਹੁਤ ਸਮਾਂ ਲੰਘ ਗਿਆ ਜਦੋਂ 1803 ਵਿੱਚ ਸੰਸਾਰ ਦੀ ਆਬਾਦੀ 1 ਅਰਬ ਹੋ ਸਕੀ। ਸੰਸਾਰ ਦੀ ਆਬਾਦੀ ਨੂੰ 2 ਅਰਬ ਤੱਕ ਪਹੁੰਚਦੇ ਪਹੁੰਚਦੇ 124 ਸਾਲ ਲੱਗ ਗਏ। 20ਵੀਂ ਸਦੀ ’ਚ ਆਬਾਦੀ ’ਚ ਤਿੱਖਾ ਵਾਧਾ ਹੋਣ ਲੱਗਾ। 1950 ਤੋਂ 1987 ਦੌਰਾਨ ਸੰਸਾਰ ਦੀ ਆਬਾਦੀ ਢਾਈ ਅਰਬ ਤੋਂ ਵੱਧ ਕੇ 5 ਅਰਬ ਹੋ ਗਈ। ਜਿੱਥੇ ਹਜ਼ਾਰਾਂ ਸਾਲਾਂ ਵਿੱਚ ਇੱਕ ਅਰਬ ਮਨੁੱਖ ਧਰਤੀ ’ਤੇ ਵਿਚਰਣ ਲੱਗੇ ਸਨ, ਉਥੇ 7 ਅਰਬ ਤੋਂ 8 ਅਰਬ ਹੋਣ ’ਚ ਬਾਰਾਂ ਸਾਲ ਹੀ ਲੱਗੇ ਹਨ।
ਪਿਛਲੇ ਮੰਗਲਵਾਰ, 15 ਨਵੰਬਰ 2022 ਨੂੰ, ਸੰਸਾਰ ’ਚ ਆਬਾਦੀ 8 ਅਰਬ ਨੂੰ ਪਾਰ ਕਰ ਗਈ ਹੈ। 7 ਤੋਂ 8 ਅਰਬ ਆਬਾਦੀ ਹੋਣ ’ਚ ਭਾਰਤ ਦਾ ਯੋਗਦਾਨ ਸਭ ਤੋਂ ਜ਼ਿਆਦਾ ਹੈ ਜਿਸ ਨੇ 17 ਕਰੋੜ 70 ਲੱਖ ਵਿਅਕਤੀ ਸ਼ਾਮਿਲ ਕੀਤੇ ਹਨ। ਪਿਛਲੇ ਬਾਰਾਂ ਸਾਲਾਂ ਵਿੱਚ ਚੀਨ ’ਚ 7 ਕਰੋੜ 30 ਲੱਖ ਵਿਅਕਤੀ ਵਧੇ ਹਨ। ਪਰ ਭਾਰਤ ਦੀ ਆਬਾਦੀ ਦੇ ਸਥਿਰ ਹੋਣ ਦੇ ਚਿੰਨ੍ਹ ਪ੍ਰਗਟ ਹੋ ਚੁੱਕੇ ਹਨ ਹਾਲਾਂਕਿ ਅਗਲੇ ਸਾਲ ਭਾਰਤ ਚੀਨ ਨੂੰ ਪਿੱਛੇ ਛੱਡ ਕੇ ਸੰਸਾਰ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਮੁਲਕ ਬਣ ਜਾਵੇਗਾ। ਉਮੀਦ ਪ੍ਰਗਟਾਈ ਗਈ ਹੈ ਕਿ 2048 ਤੱਕ ਭਾਰਤ ਦੀ ਆਬਾਦੀ 1 ਅਰਬ 70 ਕਰੋੜ ਹੋਣ ਤੋਂ ਬਾਅਦ ਘਟਣੀ ਸ਼ੁਰੂ ਹੋ ਜਾਵੇਗੀ ਅਤੇ ਇਸ ਸਦੀ ਦੇ ਅੰਤ ਤੱਕ 1 ਅਰਬ 10 ਕਰੋੜ ’ਤੇ ਆ ਜਾਵੇਗੀ । ਇਸ ਤਰ੍ਹਾਂ ਹੀ ਸਮੁੱਚੇ ਸੰਸਾਰ ਦੀ ਆਬਾਦੀ ਵੀ ਸਾਲ 2054 ’ਚ ਸਿਖਰ ’ਤੇ, ਯਾਨੀ 9 ਅਰਬ 70 ਕਰੋੜ ’ਤੇ, ਪਹੁੰਚ ਕੇ ਘਟਣੀ ਸ਼ੁਰੂ ਹੋ ਜਾਵੇਗੀ ਅਤੇ ਇਸ ਸਦੀ ਦੇ ਅੰਤ ’ਤੇ 8 ਅਰਬ 70 ਕਰੋੜ ’ਤੇ ਆ ਜਾਵੇਗੀ।
ਵਿਸ਼ਵ ਦੀ ਆਬਾਦੀ 8 ਅਰਬ ਹੋਣਾ ਨਿਰਸੰਦੇਹ ਇਤਹਾਸਕ ਹੈ। ਇਸ ਦਾ ਅਸਲ ਕਾਰਨ ਮਨੁੱਖ ਦੀ ਔਸਤ ਉਮਰ ’ਚ ਹੋ ਰਿਹਾ ਵਾਧਾ ਹੈ ਜੋ ਕਿ ਜਨਤਕ ਸਿਹਤ ਵਿਵਸਥਾਵਾਂ ਵਿੱਚ ਸੁਧਾਰ ਅਤੇ ਬੇਹਤਰ ਕਿਸਮ ਦੀਆਂ ਦਵਾਈਆਂ ਦੀ ਖੋਜ ਕਾਰਨ ਹੀ ਸੰਭਵ ਹੋਇਆ ਹੈ। ਆਬਾਦੀ ਨੂੰ ਸਥਿਰ ਕਰਨ ਵਿੱਚ ਵੀ ਇਨ੍ਹਾਂ ਦੀ ਵੱਡੀ ਅਹਿਮੀਅਤ ਹੈ। ਕੁਦਰਤ ਨੇ ਮਨੁੱਖ ਦੇ ਹਵਾਲੇ ਅਥਾਹ ਸਰੋਤ ਕੀਤੇ ਹੋਏ ਹਨ ਜਿਨ੍ਹਾਂ ਦੀ ਸੁਯੋਗ ਤੇ ਹਰੇਕ ਵਿਅਕਤੀ ਲਈ ਵਰਤੋਂ, ਕੋਈ ਘਾਟ ਨਹੀਂ ਆਉਣ ਦੇਵੇਗੀ। ਇਸ ਲਈ ਇਹ ਪ੍ਰਚਾਰ ਗਲਤ ਹੋਵੇਗਾ ਕਿ ਆਬਾਦੀ ਦੇ ਵਾਧੇ ਕਾਰਨ ਭੁੱਖ ਜਾਂ ਗਰੀਬੀ ਪਾਈ ਜਾਂਦੀ ਹੈ। ਭੁੱਖਮਰੀ, ਗ਼ਰੀਬੀ ਅਤੇ ਨਾਬਰਾਬਰੀ ਦੀ ਵਜ੍ਹਾ ਪੂੰਜੀਵਾਦੀ ਵਿਵਸਥਾ ਹੈ ਜੋ ਮੁਨਾਫੇ ਨੂੰ ਕੁਦਰਤ ਅਤੇ ਇਨਸਾਨੀਅਤ ਦੇ ਉਪਰ ਰੱਖਦੀ ਹੈ।