ਜੀ-20 ਦੇਸ਼ਾਂ ਦਾ ਦੋ ਰੋਜ਼ਾ ਸਿਖਰ ਸੰਮੇਲਨ ਤਵੱਕੋ ਅਨੁਸਾਰ ਰਿਹਾ ਹੈ। ਇੰਡੋਨੇਸ਼ੀਆ ਦੇ ਬਾਲੀ ਪ੍ਰਦੇਸ਼ ’ਚ ਹੋਏ ਜੀ-20 ਮੁਲਕਾਂ ਦੇ ਸਿਖਰ ਸੰਮੇਲਨ ’ਚ ਆਸ ਮੁਤਾਬਿਕ ਹੀ ਮੁੱਦੇ ਛਾਏ ਰਹੇ ਹਨ ਅਤੇ ਸੰਮੇਲਨ ਦੇ ਅੰਤ ’ਤੇ ਜਾਰੀ ਕੀਤੇ ਗਏ ਬਿਆਨ ਦਾ ਵਿਸ਼ਾ-ਵਸਤੂ ਵੀ ਅੰਦਾਜ਼ੇ ਤੋਂ ਬਾਹਰ ਦਾ ਨਹੀਂ ਹੈ। ਜੀ-20 ਦੇ ਮੁਲਕਾਂ ਦਾ ਸਮੂਹ, ਅਰਥਵਿਵਸਥਾ ਦੇ ਪੱਧਰ ਅਤੇ ਵਿਕਾਸ ਦੇ ਪੜਾਅ ਦੇ ਹਿਸਾਬ, ਵੰਨ-ਸੁਵੰਨਾ ਹੈ। ਕੌਮਾਂਤਰੀ ਪੱਧਰ ’ਤੇ ਇਨ੍ਹਾਂ ਮੁਲਕਾਂ ਦੀਆਂ ਲੋੜਾਂ ਦੀ ਪੂਰਤੀ ਦੇ ਰਾਹ ਵੀ ਵੱਖ-ਵੱਖ ਹਨ ਜਿਸ ਕਾਰਨ ਵਿਸ਼ਵ ਪੱਧਰ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਜੀ-20 ਦੇ ਮੁਲਕ ਅਲਗ ਅਲਗ ਪਹੁੰਚ ਰੱਖਦੇ ਹਨ। ਅਮਰੀਕਾ ਅਤੇ ਜੀ-7 ਦੇ ਮੁਲਕਾਂ ਦਾ ਦੇਸ਼ਾਂ ਦੇ ਇਸ ਸਮੂਹ ਵਿੱਚ ਵੀ ਦਬਦਬਾ ਹੈ ਜੋ ਕਿ ਜੀ-20 ਦੇ ਬਾਲੀ ਸਿਖਰ ਸੰਮੇਲਨ ਵਿੱਚ ਇਸ ਦੇ ੲਜੰਡੇ ਨੂੰ ਹਥਿਆਉਣ ਦਾ ਯਤਨ ਕਰਦੇ ਨਜ਼ਰ ਆਏ ਹਨ। ਜਿਵੇਂ ਕਿ ਹੋਣਾ ਹੀ ਸੀ, ਜੀ-20 ਦੇ ਬਾਲੀ ਸਿਖਰ ਸੰਮੇਲਨ ’ਤੇ ਸੰਸਾਰ ਦੀਆਂ ਵਰਤਮਾਨ ਹਾਲਤਾਂ ਦਾ ਪ੍ਰਭਾਵ ਵੇਖਣ ਨੂੰ ਮਿਲਿਆ । ਜ਼ਾਹਿਰ ਹੈ ਕਿ ਮੁਲਕਾਂ ਦੇ ਸਮੂਹ ਦਾ ਕੋਈ ਵੀ ਸੰਮੇਲਨ ਆਪਣੇ ਸਮੇਂ ਦੀਆਂ ਉਗਰ ਸਮੱਸਿਆਵਾਂ ਤੇ ਔਕੜਾਂ ਤੋਂ ਬਚ ਕੇ ਨਹੀਂ ਨਿਕਲ ਸਕਦਾ।
ਬਾਲੀ ਸਿਖਰ ਸੰਮੇਲਨ ਦੇ ਅੰਤ ’ਤੇ ਜੀ-20 ਦੇਸ਼ਾਂ ਦੇ ਆਗੂਆਂ ਵੱਲੋਂ ਜੋ ਐਲਾਨਨਾਮਾ ਜਾਰੀ ਕੀਤਾ ਗਿਆ ਹੈ ਉਸ ਵਿੱਚ ਆਲਮੀ ਤਾਪਮਾਨ ਨੂੰ ਇਸ ਸਦੀ ਦੇ ਅਖੀਰ ਤਕ ਪੂਰਵ ਸਨਅਤੀ ਤਾਪਮਾਨ ਦੇ ਪੱਧਰ ਤੋਂ 1.5 ਡਿਗਰੀ ਸੈਲਸੀਅਸ ਰੱਖਣ ਲਈ ਯਤਨ ਕਰਨ ’ਤੇ ਸਹਿਮਤੀ ਪ੍ਰਗਟਾਈ ਗਈ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਕੋਲੇ ਦੀ ਵਰਤੋਂ ਨੂੰ ਪੜਾਅਵਾਰ ਖ਼ਤਮ ਕਰਨ ਲਈ ਯਤਨ ਤੇਜ਼ ਕਰਨ ਬਾਰੇ ਵੀ ਸਹਿਮਤੀ ਪ੍ਰਗਟਾਈ ਗਈ ਹੈ। ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ‘‘ ਇਸ (ਮੰਤਵ) ਲਈ ਸਭਨਾ ਦੇਸ਼ਾਂ ਵੱਲੋਂ ਅਰਥ ਭਰਪੂਰ ਅਤੇ ਕਾਰਗਾਰ ਕਾਰਵਾਈਆਂ ਅਤੇ ਪ੍ਰਤੀਬੱਧਤਾ ਦੀ ਲੋੜ ਹੋਵੇਗੀ ।’’ ਸਭਨਾ ਮੈਂਬਰ ਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਉਹ ਮੌਸਮੀ ਤਬਦੀਲੀ ਦੇ ਪ੍ਰਭਾਵ ਨੂੰ ਖ਼ਤਮ ਕਰਨ ਅਤੇ ਉਸ ਅਨੁਸਾਰ ਕਾਰਵਾਈਆਂ ਕਰਨ ਲਈ ਆਪਣੇ ਯਤਨ ‘ਫੌਰੀ ਤੌਰ ’ਤੇ ਤੇਜ਼’ ਕਰਨ। ਕੋਲੇ ਦੀ ਵਰਤੋਂ ਨੂੰ ਘਟਾਉਣ ’ਤੇ ਖਾਸ ਜ਼ੋਰ ਦਿੱਤਾ ਗਿਆ ਹੈ। ਇਹ ਸੰਦੇਸ਼ ਸਮੇਂ ਮੁਤਾਬਿਕ ਸਭ ਤੋਂ ਜ਼ਰੂਰੀ ਅਤੇ ਮੌਸਮੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਤੋਂ ਮਨੁੱਖਜਾਤੀ ਨੂੰ ਬਚਾਈ ਰੱਖਣ ਲਈ ਲਾਜ਼ਮੀ ਹੈ।
ਇਸ ਤੋਂ ਇਲਾਵਾ ਬਾਲੀ ਸਿਖਰ ਸੰਮੇਲਨ ’ਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਪਹਿਲੀ ਵਾਰ ਮੁਲਾਕਾਤ ਵੀ ਹੋਈ ਜੋ ਵੱਡੀ ਅਹਿਮੀਅਤ ਵਾਲੀ ਹੈ। ਜੋ ਬਾਇਡਨ ਨੇ ਦੋਨਾਂ ਮੁਲਕਾਂ ਦਰਮਿਆਨ ਟਕਰਾਓ ਘਟਾ ਕੇ ਸਹਿਯੋਗ ਦੇ ਖੇਤਰ ਤਲਾਸ਼ ਕਰਨ ਦੀ ਗੱਲ ਕਹੀ ਹੈ। ਗਲਵਾਨ ਘਾਟੀ ’ਚ ਭਾਰਤੀ ਤੇ ਚੀਨੀ ਫੌਜੀਆਂ ਦੇ ਖ਼ੂਨੀ ਟਕਰਾਅ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਦੀ ਵੀ ਮੁਲਾਕਾਤ ਹੋਈ ਹੈ ਭਾਵੇਂ ਕਿ ਇਸ ਮੁਲਾਕਾਤ ਨੂੰ ਰਸਮੀ ਮੁਲਾਕਾਤ ਹੀ ਦੱਸਿਆ ਗਿਆ ਹੈ ਪਰ ਇਸ ਦੀ ਵੀ ਆਪਣੀ ਮਹੱਤਤਾ ਬਣਦੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਸੁਨਕ ਨਾਲ ਵੀ ਅਹਿਮ ਮੀਟਿੰਗ ਹੋਈ ਹੈ। ਬਾਲੀ ਸਿਖਰ ਸੰਮੇਲਨ ਦੇ ਅੰਤ ਨਾਲ ਹੀ ਜੀ-20 ਦੇਸ਼ਾਂ ਦੀ ਪ੍ਰਧਾਨਗੀ ਭਾਰਤ ਨੂੰ ਸੌਂਪ ਦਿੱਤੀ ਗਈ ਹੈ ਜੋ ਅਗਲੇ ਸਾਲ ਦੇ ਨਵੰਬਰ ਮਹੀਨੇ ਤੱਕ ਭਾਰਤ ਕੋਲ ਰਹੇਗੀ। ਅਧਿਕਾਰਤ ਤੌਰ ’ਤੇ 1 ਦਸੰਬਰ ਤੋਂ ਭਾਰਤ ਦੀ ਪ੍ਰਧਾਨਗੀ ਸ਼ੁਰੂ ਹੋਣੀ ਹੈ। ਭਾਰਤ ਨੂੰ ਜੀ-20 ਦੇਸ਼ਾਂ ਦੀ ਪ੍ਰਧਾਨਗੀ ਉਸ ਸਮੇਂ ਮਿਲੀ ਹੈ ਜਦੋਂ ਸੰਸਾਰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਜੋ ਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਨਹੀਂ ਸਨ। ਹੁਣ ਸੰਸਾਰ ’ਚ ਭੂ-ਰਾਜਨੀਤਿਕ ਤਨਾਓ ਬਹੁਤ ਵੱਧ ਚੁੱਕਾ ਹੈ। ਅਰਥਵਿਵਸਥਾਵਾਂ, ਚਾਹੇ ਵਿਕਾਸਸ਼ੀਲ ਮੁਲਕਾਂ ਦੀਆਂ ਹੋਣ ਜਾਂ ਵਿਕਸਤ ਦੇਸ਼ਾਂ ਦੀਆਂ, ਮੰਦੀ ਦਾ ਸ਼ਿਕਾਰ ਹਨ। ਖੁਰਾਕੀ ਵਸਤਾਂ ਅਤੇ ਤੇਲ ਦੀਆਂ ਕੀਮਤਾਂ ਚੜ੍ਹਾਈ ’ਤੇ ਹਨ ਅਤੇ ਸੰਸਾਰ ਹਾਲੇ ਕੋਵਿਡ-19 ਮਹਾਮਾਰੀ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆ ਸਕਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਪ੍ਰਧਾਨਗੀ ਦਾ ਸਮਾਂ ‘‘ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ, ਉਮੰਗ ਭਰਿਆ, ਫੈਸਲਾਕੁਨ ਅਤੇ ਕਾਰਵਾਈ ਮੁਖੀ’’ ਹੋਵੇਗਾ। ਭਾਰਤ ਦੀ ਪ੍ਰਧਾਨਗੀ ਦਾ ਮਜ਼ਮੂਨ ਹੈ: ‘‘ਇਕ ਧਰਤੀ, ਇਕ ਪਰਿਵਾਰ, ਇੱਕ ਭਵਿੱਖ।’’ ਫਿਰ ਵੀ, ਰੂਸ ਯੂਕਰੇਨ ਦੀ ਜੰਗ ਨੂੰ ਖ਼ਤਮ ਕਰਨਾ ਭਾਰਤ ਲਈ ਜੀ-20 ਦੇ ਪ੍ਰਧਾਨ ਵਜੋਂ ਇਕ ਪ੍ਰਮੁੱਖ ਕਾਰਜ ਰਹੇਗਾ। ਅਗਲੇ ਸਾਲ ਨਵੰਬਰ ’ਚ ਭਾਰਤ ’ਚ ਜੀ-20 ਸਿਖਰ ਸੰਮੇਲਨ ਹੋਵੇਗਾ। ਤਦ ਦੇਖਿਆ ਜਾਵੇਗਾ ਕਿ ਆਪਣੀ ਪ੍ਰਧਾਨਗੀ ਹੇਠ ਭਾਰਤ ਦੀ ਕਾਰਗੁਜ਼ਾਰੀ ਕੀ ਰਹੀ । ਪਰ ਇਹ ਜ਼ਰੂਰ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਸੰਮੇਲਨ ਨੂੰ ਵੀ 2024 ’ਚ ਹੋਣ ਵਾਲੀਆਂ ਆਮ ਚੋਣਾਂ ਲਈ ਵਰਤੇਗੀ। ਬਹਰਹਾਲ, ਕੌਮਾਂਤਰੀ ਸਮੱਸਿਆਵਾਂ ਤੇ ਤਨਾਓ, ਅਰਥਵਿਵਸਥਾਵਾਂ ਦੇ ਨਿਘਾਰ ਅਤੇ ਖ਼ੁਦ ਜੀ-20 ’ਚ ਪਏ ਦੁਫਾੜ ਕਾਰਨ ਭਾਰਤ ਲਈ ਪ੍ਰਧਾਨਗੀ ਦਾ ਆਗਾਮੀ ਸਮਾਂ ਸੌਖਾ ਨਹੀਂ ਰਹਿਣ ਵਾਲਾ ।