BREAKING NEWS
ਚੰਡੀਗੜ੍ਹ ਕੈਗ ਦਫ਼ਤਰ ਨੇ ਸਾਈਕਲੋਥੌਨ ਦਾ ਆਯੋਜਨ ਕੀਤਾਵਿਜੀਲੈਂਸ ਵੱਲੋਂ ਕਾਨੂੰਗੋ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚਰਾਜਸਥਾਨ : ਸਚਿਨ ਪਾਇਲਟ ਗੱਦਾਰ, ਕਦੇ ਮੁੱਖ ਮੰਤਰੀ ਨਹੀਂ ਬਣ ਸਕਣਗੇ : ਅਸ਼ੋਕ ਗਹਿਲੋਤਬਹੁ-ਵਿਆਹ ਤੇ ‘ਨਿਕਾਹ ਹਲਾਲਾ’ ਖ਼ਿਲਾਫ਼ ਅਰਜ਼ੀਆਂ ’ਤੇ ਸੁਣਵਾਈ ਲਈ ਨਵਾਂ 5 ਮੈਂਬਰੀ ਬੈਂਚ ਹੋਵੇਗਾ ਗਠਿਤਫੀਫਾ ਵਰਲਡ ਕੱਪ : ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆਕੈਨੇਡਾ : ਸਰੀ ’ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

ਸੰਪਾਦਕੀ

ਵੱਢ ਸਾੜਨ ਤੋਂ ਬਚਾਉਣ ਲਈ ਕਿਸਾਨਾਂ ਦੀ ਮਦਦ ਕਰਨ ਸਰਕਾਰਾਂ

November 21, 2022 11:00 AM

ਦਿੱਲੀ ਸ਼ਹਿਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਆਉਂਦਾ ਹੈ। ਪ੍ਰਦੂਸ਼ਿਤ ਹਵਾ ਦੇ ਲਿਹਾਜ ਨਾਲ ਭਾਰਤ ਦੀ ਹਾਲਤ ਖ਼ਰਾਬ ਹੀ ਕਹੀ ਜਾ ਸਕਦੀ ਹੈ। ਸਰਕਾਰਾਂ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਠੋਸ ਉਪਾਅ ਕਰਦੀਆਂ ਨਜ਼ਰ ਨਹੀਂ ਆ ਰਹੀਆਂ, ਦੋਸ਼ ਜ਼ਰੂਰ ਉਛਾਲੇ ਜਾਂਦੇ ਹਨ। ਸਾਉਣੀ ਦੀ ਫ਼ਸਲ ਵੱਢੇ ਜਾਣ ਦੇ ਦਿਨਾਂ ’ਚ, ਜਦੋਂ ਹਾੜ੍ਹੀ ਦੀ ਫ਼ਸਲ ਲਈ ਜ਼ਮੀਨ ਤਿਆਰ ਕੀਤੀ ਜਾਂਦੀ ਹੈ, ਕਿਸਾਨਾਂ ਦੁਆਰਾ ਝੋਨੇ ਦੇ ਵੱਢ ਸਾੜੇ ਜਾਣ ਨਾਲ ਹਵਾ ਦੇ ਪ੍ਰਦੂਸ਼ਨ ’ਚ ਹੋਰ ਵਾਧਾ ਹੋ ਜਾਂਦਾ ਹੈ। ਦੇਖਿਆ ਗਿਆ ਹੈ ਕਿ ਹੁਕਮਰਾਨਾਂ ਦੁਆਰਾ ਝੋਨੇ ਦੇ ਵੱਢ ਫੂਕਣ ਬਾਰੇ ਜੋ ਬਿਆਨਬਾਜ਼ੀ ਕੀਤੀ ਜਾਂਦੀ ਹੈ, ਉਸ ਦਾ ਮੰਤਵ ਹਵਾ ਦੀ ਸਮੱਸਿਆ ਦੇ ਪ੍ਰਦੂਸ਼ਨ ਨੂੰ ਖ਼ਤਮ ਕਰਨ ਦੀ ਥਾਂ ਸਿਆਸੀ ਲਾਹੇ ਲੈਣਾ ਹੀ ਹੁੰਦਾ ਹੈ। ਜਦੋਂ ਕਿਤੇ ਦਿੱਲੀ ਦੇ ਹਵਾ ਪ੍ਰਦੂਸ਼ਨ ਦੇ ਵਿਗਿਆਨਕ ਵਿਸ਼ਲੇਸ਼ਣ ਹੁੰਦੇ ਹਨ ਤਾਂ ਉਨ੍ਹਾਂ ਵਿੱਚ ਦਿੱਲੀ ਦੀ ਹਵਾ ਨੂੰ ਖ਼ਰਾਬ ਕਰਨ ਲਈ ਦਿੱਲੀ ਦੀਆਂ ਸੜਕਾਂ ’ਤੇ ਦੌੜਦੇ ਵਾਹਨਾਂ ਦੁਆਰਾ ਫੂਕੇ ਜਾਂਦੇ ਡੀਜ਼ਲ ਤੇ ਪੈਟਰੋਲ, ਵਾਹਨਾਂ ਦੇ ਟਾਇਰਾਂ ਦੀ ਘਮਾਈ ਅਤੇ ਉਪਰੋਂ ਲੰਘਦੇ ਜਹਾਜ਼ਾਂ ਦੁਆਰਾ ਹਜ਼ਾਰਾਂ ਲਿਟਰ ਫੂਕੇ ਜਾਂਦੇ ਤੇਲ ਆਦਿ ਦੁਆਰਾ ਪੈਦਾ ਕੀਤੇ ਜਾਂਦੇ ਪ੍ਰਦੂਸ਼ਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇੱਕ ਵਿਸ਼ਲੇਸ਼ਣ ਅਨੁਸਾਰ ਪਰਾਲੀ ਫੂਕੇ ਜਾਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਵਧੇ ਹੋਏ ਪ੍ਰਦੂਸ਼ਨ ’ਚ ਪਰਾਲੀ ਫੂਕਣ ਨਾਲ ਪੈਦਾ ਹੋਏ ਪ੍ਰਦੂਸ਼ਨ ਦਾ ਹਿੱਸਾ ਕੁੱਲ ਮਿਲਾ ਕੇ 4 ਪ੍ਰਤੀਸ਼ਤ ਹੀ ਮੰਨਿਆ ਗਿਆ ਸੀ।
ਇਸ ਤੋਂ ਇਲਾਵਾ ਪਰਾਲੀ ਫੂਕਣ ਨਾਲ ਪੈਦਾ ਹੁੰਦੇ ਪ੍ਰਦੂਸ਼ਨ ਸੰਬੰਧੀ ਸਿਆਸੀ ਬਿਆਨਬਾਜ਼ੀ ਦਾ ਪ੍ਰਦੂਸ਼ਨ ਵੀ ਧਿਆਨ ਦੀ ਮੰਗ ਕਰਦਾ ਹੈ। ਰਾਜਧਾਨੀ ਦਿੱਲੀ ਦੇ ਆਲੇ-ਦੁਆਲੇ ਖ਼ੁਦ ਦਿੱਲੀ, ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਖੇਤ ਲੱਗਦੇ ਹਨ। ਇਨ੍ਹਾਂ ਖੇਤਾਂ ਅਤੇ ਪੰਜਾਬ ਦੇ ਖੇਤਾਂ ’ਚ ਜਦੋਂ ਝੋਨੇ ਦੇ ਵੱਢ ਫੂਕੇ ਜਾਂਦੇ ਹਨ, ਉਦੋਂ ਦਿੱਲੀ ਦੀ ਹਵਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦਿਨਾਂ ’ਚ ਸਿਆਸਤ ਵੀ ਮਘ ਜਾਂਦੀ ਹੈ, ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਮੜਨ ਦਾ ਮੌਕਾ ਮਿਲ ਜਾਂਦਾ ਹੈ। ਪ੍ਰਦੂਸ਼ਨ ਫੈਲਾਉਣ ’ਚ ਹਰਿਆਣਾ ਦੀ ਵੀ ਭੂਮਿਕਾ ਹੁੰਦੀ ਹੈ ਪਰ ਪੰਜਾਬ ’ਚੋਂ ਫੈਲਦੇ ਪ੍ਰਦੂਸ਼ਨ ਦਾ ਜ਼ਿਕਰ ਖੁੱਲ੍ਹ ਕੇ ਕੀਤਾ ਜਾਂਦਾ ਹੈ। ਇਨ੍ਹਾਂ ਰਾਜਾਂ ਦੀ ਇੱਕ ਵੀ ਸਰਕਾਰ ਜਾਂ ਇਨ੍ਹਾਂ ਰਾਜਾਂ ਦੀਆਂ ਹੁਕਮਰਾਨ ਪਾਰਟੀਆਂ ਦਾ ਇੱਕ ਵੀ ਨੇਤਾ ਪ੍ਰਦੂਸ਼ਨ ਦੀ ਸਮੱਸਿਆ ਨੂੰ ਹੱਲ ਕਰਨ ਪ੍ਰਤੀ ਗੰਭੀਰ ਨਹੀਂ ਅਤੇ ਨਾ ਹੀ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ, ਉਨ੍ਹਾਂ ਦੀ ਸਹਾਇਤਾ ਕਰਨ ਲਈ ਕੋਈ ਪ੍ਰਤੀਬੱਧਤਾ ਰੱਖਦਾ ਹੈ।
ਹੁਕਮਰਾਨ ਪ੍ਰਦੂਸ਼ਨ ਦੀ ਸਮੱਸਿਆ ਦੇ ਹੱਲ ਕਰਨ ਤੋਂ ਕਿੰਨੀ ਦੂਰ ਹਨ, ਇਸ ਦਾ ਪਤਾ ਸਪੱਸ਼ਟ ਤੌਰ ’ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਦਿੱਲੀ ਅਤੇ ਆਲੇ-ਦੁਆਲੇ ਦੀਆਂ ਤਿੰਨਾਂ ਸਰਕਾਰਾਂ ਵਿਰੁੱਧ ਕੀਤੀ ਟਿੱਪਣੀ ਤੋਂ ਚਲਦਾ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੁਝ ਦਿਨ ਪਹਿਲਾਂ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਸੱਦ ਕੇ ਝੋਨੇ ਦੇ ਵੱਢ ਸਾੜਨ ਦੇ ਬਾਬਤ ਗੱਲਬਾਤ ਕੀਤੀ ਸੀ। ਕਮਿਸ਼ਨ ਸਾਹਮਣੇ ਇਨ੍ਹਾਂ ਮੁੱਖ ਸਕੱਤਰਾਂ ਜੋ ਕੁਝ ਕਿਹਾ, ਉਸ ਤੋਂ ਨਤੀਜਾ ਕੱਢਦਿਆਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਪ੍ਰਦੂਸ਼ਨ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਸਰਕਾਰਾਂ ਨਾਕਾਮ ਰਹੀਆਂ ਹਨ। ਕਮਿਸ਼ਨ ਦਾ ਕਹਿਣਾ ਸੀ ਕਿ ਝੋਨੇ ਦੇ ਵੱਢਾਂ ਨੂੰ ਸਾੜਨ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਨੇ ਵਾਢੀ ਲਈ ਮਸ਼ੀਨਾਂ ਮੁਹੱਈਆ ਕਰਵਾਉਣੀਆਂ ਹੁੰਦੀਆਂ ਹਨ ਪਰ ਚਾਰੋਂ ਸਰਕਾਰਾਂ ਲੋੜੀਂਦੀ ਗਿਣਤੀ ’ਚ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਨਹੀਂ ਕਰਵਾ ਸਕੀਆਂ, ਜਿਸ ਲਈ ਕਿਸਾਨ ਵੱਢ ਸਾੜਨ ਲਈ ਮਜਬੂਰ ਹਨ। ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪ੍ਰਦੂਸ਼ਨ ਫੈਲਾਉਣ ਦੇ ਦੋਸ਼ੀ ਨਹੀਂ ਕਿਹਾ ਜਾਣਾ ਚਾਹੀਦਾ। ਹਰਿਆਣਾ ’ਚ 16 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਪਰਾਲੀ ਦੇ ਨਿਪਟਾਰੇ ਵਾਲੇ ਖੇਤੀ ਯੰਤਰ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਅਰਜ਼ੀਆਂ ਦਿੱਤੀਆਂ ਸਨ ਪਰ ਸਰਕਾਰ ਮਾਤਰ 7 ਹਜ਼ਾਰ ਕਿਸਾਨਾਂ ਨੂੰ ਹੀ ਇਹ ਖੇਤੀ ਯੰਤਰ ਮੁਹੱਈਆ ਕਰਵਾ ਸਕੀ ਹੈ। ਇਹ ਤੱਥ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਰਣੇ ਦੀ ਹੀ ਪੁਸ਼ਟੀ ਕਰਦਾ ਹੈ। ਸਭ ਜਾਣਦੇ ਹਨ ਕਿ ਕਿਸਾਨਾਂ ਕੋਲ ਝੋਨੇ ਦੀ ਵਾਢੀ ਬਾਅਦ ਹਾੜ੍ਹੀ ਦੀ ਫ਼ਸਲ ਬੀਜਣ ਲਈ ਬਹੁਤ ਥੋੜ੍ਹਾ ਸਮਾਂ ਹੁੰਦਾ ਹੈ। ਮਸ਼ੀਨਾਂ ਨਾਲ ਵੱਢ ਮਿੱਟੀ ’ਚ ਰਲਾਉਣ ਦਾ ਖ਼ਰਚਾ ਵੀ ਕਿਸਾਨ ਨਹੀਂ ਝੱਲ ਸਕਦੇ ਪਰ ਇਸ ਦੇ ਬਾਵਜੂਦ ਹੁਕਮਰਾਨ ਪ੍ਰਦੂਸ਼ਨ ਦੇ ਵਾਧੇ ਦੇ ਦਿਨਾਂ ’ਚ ਸਿਆਸੀ ਬਿਆਨਬਾਜ਼ੀ ਨਾਲ ਅੱਡ ਪ੍ਰਦੂਸ਼ਨ ਫੈਲਾਉਂਦੇ ਰਹਿੰਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਹਦਾਇਤ ਨੂੰ ਸੁਣਨ ਅਤੇ ਕਿਸਾਨਾਂ ਦੀ ਮਦਦ ’ਤੇ ਉਤਰਨ ਤਾਂ ਜੋ ਵੱਢ ਸਾੜਨ ਤੋਂ ਪੈਦਾ ਹੁੰਦੇ ਪ੍ਰਦੂਸ਼ਨ ’ਤੇ ਕਾਬੂ ਪਾਇਆ ਜਾ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ