ਏਜੰਸੀਆਂ
ਸ਼ਿਮਲਾ/24 ਨਵੰਬਰ : ਦੇਸ਼ ਦੇ ਕਈ ਰਾਜਾਂ ਵਿੱਚ ਡਿੱਗਦੇ ਤਾਪਮਾਨ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ । ਪਹਾੜਾਂ ’ਤੇ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਉੱਤਰੀ ਭਾਰਤ ’ਚ ਮੌਸਮ ’ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ । ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ’ਚ ਵੀ ਪਾਰਾ ਡਿੱਗ ਰਿਹਾ ਹੈ । ਮੌਸਮ ਵਿਭਾਗ ਨੇ ਕੁਝ ਸੂਬਿਆਂ ਵਿੱਚ ਸੀਤ ਲਹਿਰ ਲਈ ਅਲਰਟ ਜਾਰੀ ਕੀਤਾ ਹੈ ।
ਪਹਾੜਾਂ ’ਤੇ ਬਰਫਬਾਰੀ ਦਾ ਅਸਰ ਯੂਪੀ ਦੇ ਕੁਝ ਹਿੱਸਿਆਂ ’ਚ ਵੀ ਦੇਖਣ ਨੂੰ ਮਿਲਿਆ ਹੈ । ਸਵੇਰੇ-ਸ਼ਾਮ ਠੰਢ ਵਧਣ ਲੱਗੀ ਹੈ । ਧੁੰਦ ਦਾ ਅਸਰ ਪੱਛਮੀ ਯੂਪੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ । ਹਾਲਾਂਕਿ, ਦੁਪਹਿਰ ਨੂੰ ਸੂਰਜ ਚਮਕ ਰਿਹਾ ਹੈ, ਇਸ ਦੇ ਨਾਲ ਹੀ ਪ੍ਰਯਾਗਰਾਜ ’ਚ ਇਸ ਹਫ਼ਤੇ ਸਵੇਰੇ ਅਤੇ ਸ਼ਾਮ ਨੂੰ ਧੁੰਦ ਪੈ ਸਕਦੀ ਹੈ । ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਮੌਸਮ ਵਿਭਾਗ ਨੇ ਵੀਰਵਾਰ ਨੂੰ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਸੀ ।ਰਾਜਧਾਨੀ ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂ ਕਿ ਊਨਾ, ਮੰਡੀ ਅਤੇ ਸੋਲਨ ਵਿੱਚ ਪੰਜ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।
ਉੱਤਰਾਖੰਡ ਵਿੱਚ ਸਰਗਰਮ ਪੱਛਮੀ ਗੜਬੜੀ ਅਤੇ ਬੰਗਾਲ ਦੀ ਖਾੜੀ ਉੱਤੇ ਬਣੇ ਘੱਟ ਦਬਾਅ ਵਾਲੇ ਖੇਤਰ ਕਾਰਨ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ । ਦੂਜੇ ਪਾਸੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅਗਲੇ ਦੋ-ਤਿੰਨ ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿ ਸਕਦਾ ਹੈ ।