- ਲੈਫ਼ਟੀਨੈਂਟ ਸਾਹਿਰ ਸ਼ਮਸ਼ਾਦ ਮਿਰਜ਼ਾ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਨਿਯੁਕਤ
ਏਜੰਸੀਆਂ
ਇਸਲਾਮਾਬਾਦ/24 ਨਵੰਬਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਥਲ ਸੈਨਾ ਦੇ ਮੌਜੂਦਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਨਵਾਂ ਮੁਖੀ ਚੁਣਿਆ ਹੈ। 61 ਸਾਲਾ ਬਾਜਵਾ ਤਿੰਨ ਸਾਲ ਦੇ ਵਾਧੇ ਤੋਂ ਬਾਅਦ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ । ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ (ਸੀਜੇਸੀਐਸਸੀ) ਨਿਯੁਕਤ ਕੀਤਾ ਗਿਆ ਹੈ । ਦਿਲਚਸਪ ਗੱਲ ਇਹ ਹੈ ਕਿ ਲੈਫਟੀਨੈਂਟ ਜਨਰਲ ਮੁਨੀਰ ਸਤੰਬਰ 2022 ਵਿੱਚ ਸੇਵਾਮੁਕਤ ਹੋਣ ਵਾਲੇ ਸਨ, ਪਰ ਉਨ੍ਹਾਂ ਦਾ ਕਾਰਜਕਾਲ ਨਵੰਬਰ ਤੱਕ ਵਧਾ ਦਿੱਤਾ ਗਿਆ ਸੀ । ਹੁਣ ਇਹ ਤੈਅ ਹੋ ਗਿਆ ਹੈ ਕਿ ਉਹ ਅਗਲੇ ਤਿੰਨ ਸਾਲਾਂ ਲਈ ਫ਼ੌਜ ਮੁਖੀ ਦਾ ਅਹੁਦਾ ਸੰਭਾਲਣਗੇ । ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ । ਜਨਰਲ ਮੁਨੀਰ ਜਨਰਲ ਬਾਜਵਾ ਦੇ ਚਹੇਤੇ ਰਹੇ ਹਨ ਅਤੇ ਉਹ ਚਾਹੁੰਦੇ ਸਨ ਕਿ ਮੁਨੀਰ ਫ਼ੌਜ ਮੁਖੀ ਬਣੇ। ਅਕਤੂਬਰ 2018 ਵਿੱਚ ਮੁਨੀਰ ਨੂੰ ਬਾਜਵਾ ਦੀ ਸਿਫਾਰਿਸ਼ ’ਤੇ ਹੀ ਖੁਫੀਆ ਏਜੰਸੀ ਆਈਐਸਆਈ ਦਾ ਮੁਖੀ ਬਣਾਇਆ ਗਿਆ ਸੀ । ਪਰ ਅੱਠ ਮਹੀਨੇ ਬਾਅਦ ਭਾਵ ਮਈ 2019 ਵਿੱਚ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਜਨਰਲ ਮੁਨੀਰ ਹੀ ਸਨ ਜਿਨ੍ਹਾਂ ਨੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨਾਲ ਜੁੜੇ ਭ੍ਰਿਸ਼ਟਾਚਾਰ ਬਾਰੇ ਦੱਸਿਆ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਹੀ ਇਮਰਾਨ ਨੇ ਜਨਰਲ ਮੁਨੀਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ । ਜਨਰਲ ਬਾਜਵਾ ਤੋਂ ਇਲਾਵਾ ਲੈਫ. ਜਨਰਲ ਮੁਨੀਰ ਦਾ ਨਾਂ ਸਾਰਿਆਂ ਦਾ ਚਹੇਤਾ ਸੀ । ਮੁਨੀਰ ਇਸ ਸਮੇਂ ਸਭ ਤੋਂ ਸੀਨੀਅਰ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਭੇਜੀ ਜਾਣ ਵਾਲੀ ਸੂਚੀ ’ਚ ਉਨ੍ਹਾਂ ਦਾ ਨਾਂ ਸਭ ਤੋਂ ਉੱਪਰ ਸੀ। ਥਲ ਸੈਨਾ ਦੇ ਮੁਖੀ ਵਜੋਂ ਆਪਣੇ ਨਾਂ ਦੇ ਐਲਾਨ ਤੋਂ ਪਹਿਲਾਂ ਉਹ ਜਨਰਲ ਹੈੱਡਕੁਆਰਟਰ, ਰਾਵਲਪਿੰਡੀ ਵਿਖੇ ਕੁਆਰਟਰ ਮਾਸਟਰ ਜਨਰਲ ਦੇ ਅਹੁਦੇ ’ਤੇ ਸਨ । ਲੈਫਟੀਨੈਂਟ ਜਨਰਲ ਅਸੀਮ ਮੁਨੀਰ ਪਾਕਿਸਤਾਨ ਦੀ ਓਪਨ ਟਰੇਨਿੰਗ ਸਰਵਿਸ (ਓਟੀਐਸ) ਰਾਹੀਂ ਫ਼ੌਜ ’ਚ ਭਰਤੀ ਹੋਏ ਹਨ ।