ਦੇਸ਼

ਸ਼ਰਧਾ ਕਤਲ ਕਾਂਡ : ਆਫਤਾਬ ਨੇ ਇੱਕ ਨਹੀਂ, ਸਗੋਂ ਕਈ ਹਥਿਆਰਾਂ ਨਾਲ ਸ਼ਰਧਾ ਦੇ 35 ਟੁਕੜੇ ਕੀਤੇ

November 25, 2022 11:18 AM

- ਪੁਲਿਸ ਨੂੰ 5 ਤੇਜ਼ਧਾਰ ਚਾਕੂ ਮਿਲੇ

ਏਜੰਸੀਆਂ
ਨਵੀਂ ਦਿੱਲੀ/24 ਨਵੰਬਰ : ਦਿੱਲੀ ਦੇ ਮਹਿਰੌਲੀ ਇਲਾਕੇ ’ਚ ਮੁੰਬਈ ਦੀ ਸ਼ਰਧਾ ਵਾਕਰ ਦੇ ਕਤਲ ਦੀ ਜਾਂਚ ’ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ । ਦੋਸ਼ੀ ਆਫਤਾਬ ਦਾ ਵੀਰਵਾਰ ਨੂੰ ਕਈ ਘੰਟਿਆਂ ਤੱਕ ਪੌਲੀਗ੍ਰਾਫ ਟੈਸਟ ਕੀਤਾ ਗਿਆ ।
ਇਸ ਦੌਰਾਨ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ । ਸ਼ਰਧਾ ਦੇ ਲਿਵ-ਇਨ ਪਾਰਟਨਰ ਆਫਤਾਬ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਉਸ ਨੇ ਸ਼ਰਧਾ ਦੀ ਲਾਸ਼ ਨੂੰ ਟੁਕੜੇ-ਟੁਕੜੇ ਕਰਨ ਲਈ ਇਕ ਨਹੀਂ, ਸਗੋਂ ਕਈ ਹਥਿਆਰਾਂ ਦੀ ਵਰਤੋਂ ਕੀਤੀ । ਲਾਸ਼ ਨੂੰ ਕਈ ਦਿਨਾਂ ਤੱਕ ਫਰਿੱਜ਼ ’ਚ ਰੱਖਿਆ ਗਿਆ।
ਦੱਸਣਾ ਬਣਦਾ ਹੈ ਕਿ ਮੁੰਬਈ ਦੇ ਆਫ਼ਤਾਬ ਅਤੇ ਸ਼ਰਧਾ ਦਿੱਲੀ ਦੇ ਮਹਿਰੌਲੀ ਥਾਣਾ ਖੇਤਰ ’ਚ ਸਥਿਤ ਛਤਰਪੁਰ ਇਲਾਕੇ ’ਚ ਲਾਈਵ ਇਨ ’ਚ ਰਹਿੰਦੇ ਸਨ । ਆਫ਼ਤਾਬ ’ਤੇ ਦੋਸ਼ ਹੈ ਕਿ ਉਸ ਨੇ 18 ਮਈ ਨੂੰ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ । ਫਿਰ ਉਸ ਨੇ ਸ਼ਰਧਾ ਦੇ ਕੱਟੇ ਹੋਏ ਅੰਗਾਂ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਦੇ ਜੰਗਲਾਂ ਵਿੱਚ ਸੁੱਟਣ ਤੋਂ ਪਹਿਲਾਂ ਕਈ ਦਿਨਾਂ ਤੱਕ ਫਰਿੱਜ਼ ਵਿੱਚ ਸੁਰੱਖਿਅਤ ਰੱਖਿਆ । ਦੋਸ਼ੀ ਤੋਂ ਪੁੱਛਗਿੱਛ ਕਰਨ ’ਤੇ ਖੁਲਾਸਾ ਹੋਇਆ ਕਿ 18 ਮਈ ਨੂੰ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਲਾਸ਼ ਦੇ ਨਿਪਟਾਰੇ ਲਈ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ ਸਨ । ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਕਿ ਇਸ ਨੇ ਲਾਸ਼ ਦੇ ਨਿਪਟਾਰੇ ਲਈ ਕਈ ਮਸ਼ਹੂਰ ਸ਼ੋਅ ਵੀ ਦੇਖੇ ਹਨ । ਆਫ਼ਤਾਬ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਨੇ ਸ਼ਰਧਾ ਦੇ ਸਰੀਰ ਨੂੰ ਕੱਟਣ ਤੋਂ ਪਹਿਲਾਂ ਮਨੁੱਖੀ ਸਰੀਰ ਵਿਗਿਆਨ ਬਾਰੇ ਪੜ੍ਹਿਆ ਸੀ । ਫਿਰ ਉਸ ਨੇ ਲਾਸ਼ ਨੂੰ ਬਾਥਰੂਮ ਵਿੱਚ ਰੱਖਿਆ ਅਤੇ ਇੱਕ ਫਰਿੱਜ਼ ਖਰੀਦਿਆ, ਜਿੱਥੇ ਉਸ ਨੇ ਸਰੀਰ ਦੇ ਟੁਕੜੇ ਹੋਏ ਅੰਗਾਂ ਨੂੰ ਕਈ ਦਿਨਾਂ ਤੱਕ ਰੱਖਿਆ ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ