ਦੇਸ਼

ਲਾਰੈਂਸ ਬਿਸ਼ਨੋਈ 10 ਦਿਨਾਂ ਲਈ ਐਨਆਈਏ ਦੀ ਹਿਰਾਸਤ ’ਚ

November 25, 2022 11:33 AM

- ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ, ਯੂਏਪੀਏ ਤਹਿਤ ਕੇਸ ਦਰਜ
- ਮੂਸੇਵਾਲਾ ਕਤਲ ਮਾਮਲੇ ’ਚ ਲਿਆਂਦਾ ਸੀ ਪੰਜਾਬ

ਏਜੰਸੀਆਂ
ਨਵੀਂ ਦਿੱਲੀ/24 ਨਵੰਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਵਾਰ ਫਿਰ ਅਗਲਾ ਟਿਕਾਣਾ ਦਿੱਲੀ ਹੋਵੇਗਾ, ਕਿਉਂਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ ਯੂਏਪੀਏ ਤਹਿਤ ਨਵਾਂ ਕੇਸ ਦਰਜ ਕੀਤਾ ਗਿਆ ਹੈ । ਕੇਂਦਰੀ ਜੇਲ੍ਹ ਬਠਿੰਡਾ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਐਨਆਈਏ ਦੀ ਟੀਮ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ । ਵੀਰਵਾਰ ਨੂੰ ਦਿੱਲੀ ਤੋਂ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ ਦੌਰਾਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 10 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ । ਇਸ ਤੋਂ ਬਾਅਦ ਐਨਆਈਏ ਦੀ ਟੀਮ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਬੰਦ ਗੈਂਗਸਟਰ ਲਾਰੇਸ ਬਿਸ਼ਨੋਈ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਗੱਡੀਆਂ ਰਾਹੀਂ ਭਾਰੀ ਸੁਰੱਖਿਆ ਤਹਿਤ ਦਿੱਲੀ ਵੱਲ ਰਵਾਨਾ ਹੋ ਗਈ । ਜਾਣਕਾਰੀ ਮਿਲੀ ਹੈ ਕਿ ਐਨਆਈਏ ਦੀ ਟੀਮ ਵੱਲੋਂ ਵੱਡੀ ਗਿਣਤੀ ਵਿਚ ਗੈਂਗਸਟਰਾਂ ਖਿਲਾਫ਼ ਵਿਦੇਸ਼ੀ ਤਾਕਤਾਂ ਨਾਲ ਨੇੜਤਾ ਹੋਣ ਦੇ ਦੋਸ਼ਾਂ ਤਹਿਤ ਯੂਏਪੀਏ ਦੇ ਕਾਨੂੰਨ ਤਹਿਤ ਕੇਸ ਦਰਜ ਕੀਤੇ ਗਏ ਹਨ।
ਐਨਆਈਏ ਦੀ ਟੀਮ ਨੂੰ ਸ਼ੱਕ ਹੈ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੇ ਸਬੰਧ ਦੇਸ਼ ਵਿਰੋਧੀ ਤਾਕਤਾਂ ਨਾਲ ਹਨ। ਜ਼ਿਕਰਯੋਗ ਹੈ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੂਨ ਮਹੀਨੇ ਵਿਚ ਮਾਨਸਾ ਪੁਲਿਸ ਰਿਮਾਂਡ ’ਤੇ ਲੈ ਕੇ ਆਈ ਸੀ। ਇਸ ਉਪਰੰਤ ਪੁੱਛਗਿੱਛ ਹੋਈ, ਪ੍ਰੰਤੂ ਪੀੜਤ ਮਾਪਿਆਂ ਵਿੱਚ ਰੋਸ ਹੈ ਕਿ ਗੈਗਸਟਰ ਲਾਰੈਂਸ ਬਿਸ਼ਨੋਈ ਨੂੰ ਭਾਰੀ ਸੁਰੱਖਿਆ ਤਹਿਤ ਸੁਰੱਖਿਆ ਛਤਰੀ ਦਿੱਤੀ ਗਈ ਹੈ ਤੇ ਉਸ ਤੋਂ ਕਿਸੇ ਵੀ ਤਰੀਕੇ ਨਾਲ ਪੁੱਛ-ਗਿੱਛ ਨਹੀਂ ਕੀਤੀ ਗਈ।
ਦੱਸਣਾ ਬਣਦਾ ਹੈ ਕਿ ਉਸ ਉਪਰੰਤ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਰਜ਼ ਕਤਲ, ਇਰਾਦਾ ਕਤਲ, ਫਿਰੌਤੀਆਂ ਮੰਗਣ ਦੇ ਮਾਮਲਿਆਂ ਤਹਿਤ ਪੁੱਛਗਿੱਛ ਕੀਤੀ ਗਈ ਅਤੇ ਹੁਣ ਉਹ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਬੰਦ ਸੀ, ਜਿੱਥੋਂ ਐਨਆਈਏ ਦੀ ਟੀਮ ਵੱਲੋਂ ਬੀਤੇ ਦਿਨੀਂ ਨਵੇ ਦਰਜ ਮਾਮਲੇ ਤਹਿਤ ਹਿਰਾਸਤ ਵਿਚ ਲੈਣ ਦੀ ਕਾਰਵਾਈ ਆਰੰਭ ਕੀਤੀ ਅਤੇ ਅੱਜ ਕਰੀਬ 12 ਵਜੇ ਦਿੱਲੀ ਵੱਲ ਰਵਾਨਾ ਹੋਈ ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ