ਦੇਸ਼

ਜੰਮੂ-ਕਸ਼ਮੀਰ : ਪੁਲਿਸ ਨੇ ਸਾਂਬਾ ’ਚ ਡਰੋਨ ਰਾਹੀਂ ਸੁੱਟੇ ਆਈਈਡੀ, ਹਥਿਆਰ ਤੇ 5 ਲੱਖ ਰੁਪਏ ਬਰਾਮਦ ਕੀਤੇ

November 25, 2022 11:39 AM

ਏਜੰਸੀਆਂ
ਜੰਮੂ/24 ਨਵੰਬਰ : ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਪੁਲਿਸ ਨੇ ਵੀਰਵਾਰ ਸਵੇਰੇ ਡਰੋਨ ਰਾਹੀਂ ਸਰਹੱਦ ਪਾਰ ਸੁੱਟ ਗਈ ਆਈਈਡੀ, ਹਥਿਆਰਾਂ ਅਤੇ ਨਕਦੀ ਦੀ ਇਕ ਖੇਪ ਬਰਾਮਦ ਕੀਤੀ । ਸੀਨੀਅਰ ਪੁਲਿਸ ਸੁਪਰਡੈਂਟ ਅਭਿਸ਼ੇਕ ਮਹਾਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਥਾਨਕ ਲੋਕਾਂ ਨੇ ਵੀਰਵਾਰ ਸਵੇਰੇ ਕਰੀਬ 6.15 ਵਜੇ ਕੌਮਾਂਤਰੀ ਸਰਹੱਦ ਤੋਂ ਲੱਗਭਗ 5 ਕਿਲੋਮੀਟਰ ਦੂਰ ਰਾਮਗੜ੍ਹ ਅਤੇ ਵਿਜੇਪੁਰ ਵਿਚਾਲੇ ਇਕ ਸ਼ੱਕੀ ਸੀਲਬੰਦ ਪੈਕੇਟ ਵੇਖਿਆ ਅਤੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ।
ਮਹਾਜਨ ਨੇ ਕਿਹਾ ਕਿ ਸ਼ੱਕੀ ਪੈਕਟ ’ਚ ਸਟੀਲ ਦੇ ਤਲੇ ਵਾਲਾ ਲੱਕੜ ਦਾ ਇਕ ਬਾਕਸ ਸੀ, ਜਿਸ ’ਚੋਂ ਬੰਬ ਰੋਕੂ ਦਸਤੇ ਨੇ ਡੇਟੋਨੇਟਰ ਸਮੇਤ 2 ਆਈਈਡੀ, 2 ਚੀਨੀ ਪਿਸਤੌਲਾਂ, 60 ਰਾਊਂਡ ਨਾਲ 4 ਮੈਗਜ਼ੀਨ ਅਤੇ 5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ । ਇਹ ਨਕਦੀ 500 ਰੁਪਏ ਦੇ ਨੋਟਾਂ ਵਿਚ ਹੈ ।
ਮਹਾਜਨ ਨੇ ਕਿਹਾ ਕਿ ਇਹ ਸਰਹੱਦ ਪਾਰ ਤੋਂ ਡਰੋਨ ਰਾਹੀਂ ਸਾਮਾਨ ਸੁੱਟੇ ਜਾਣ ਦਾ ਮਾਮਲਾ ਹੈ । ਅਸੀਂ ਇਸ ਦੀ ਜਾਂਚ ਕਰ ਰਹੇ ਹਾਂ । ਉਨ੍ਹਾਂ ਨੇ ਕਿਹਾ ਕਿ ਖੇਪ ਦਾ ਇਸਤੇਮਾਲ ਕਿਸੇ ਅਣਹੋਣੀ ਘਟਨਾ ਨੂੰ ਅੰਜ਼ਾਮ ਦੇਣ ਲਈ ਕੀਤਾ ਜਾ ਸਕਦਾ ਸੀ, ਪਰ ਪੁਲਿਸ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ । ਮਹਾਜਨ ਨੇ ਦੱਸਿਆ ਕਿ ਖੇਪ ਦੀ ਜਾਣਕਾਰੀ ਦੇਣ ਵਾਲੇ ਸਥਾਨਕ ਲੋਕਾਂ ਅਤੇ ਇਸ ’ਤੇ ਕਾਰਵਾਈ ਕਰਨ ਵਾਲੇ ਪੁਲਿਸ ਕਰਮੀਆਂ ਨੂੰ ਇਨਾਮ ਦਿੱਤਾ ਜਾਵੇਗਾ ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ