ਪੰਜਾਬ

ਬਹਿਬਲ ਕਲਾਂ ਗੋਲੀ ਕਾਂਡ : ਸਿਟ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪੀੜਤ ਤੇ ਗਵਾਹਾਂ ਨਾਲ ਕੀਤੀ ਮੁਲਾਕਾਤ

November 25, 2022 11:44 AM

- ਇਨਸਾਫ਼ ਮੋਰਚਾ ਨੇ 30 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ

ਰੋਮੀ ਕਪੂਰ/ਸੁਰਿੰਦਰ ਦਮਦਮੀ
ਕੋਟਕਪੂਰਾ/24 ਨਵੰਬਰ : ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਬਹਿਬਲ ਗੋਲੀ ਕਾਂਡ ਨਾਲ ਸਬੰਧਤ ਵੀਰਵਾਰ ਨੂੰ ਪਿੰਡ ਬਹਿਬਲ ਕਲਾਂ ਵਿੱਚ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਗੋਲੀ ਕਾਂਡ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਐਸਆਈਟੀ ਵੱਲੋਂ ਗੋਲੀਬਾਰੀ ਦਾ ਸ਼ਿਕਾਰ ਹੋਏ ਪਰਿਵਾਰਾਂ ਸਮੇਤ ਕੇਸ ਦੇ ਗਵਾਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਗੋਲੀਕਾਂਡ ਵਾਲੇ ਸਥਾਨ ’ਤੇ ਪਿਛਲੇ 11 ਮਹੀਨਿਆਂ ਤੋਂ ਚੱਲ ਰਹੇ ਇਨਸਾਫ਼ ਮੋਰਚੇ ਨੇ ਸੂਬਾ ਸਰਕਾਰ ਨੂੰ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ’ਤੇ 30 ਨਵੰਬਰ ਤੱਕ ਠੋਸ ਕਾਰਵਾਈ ਕਰਨ ਦਾ ਅਲਟੀਮੇਟਮ ਦਿੱਤਾ।
ਜਾਣਕਾਰੀ ਅਨੁਸਾਰ ਬਹਿਬਲ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਉਕਤ ਕੇਸ ਸਬੰਧੀ ਪੁਲਿਸ ਅਧਿਕਾਰੀਆਂ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਫਰੀਦਕੋਟ ਦੀ ਅਦਾਲਤ ਵਿੱਚ ਚਾਰਜਸੀਟ ਵੀ ਦਾਇਰ ਕੀਤੀ ਗਈ ਹੈ ਅਤੇ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਜਾਂਚ ਸਬੰਧੀ ਐਸਆਈਟੀ ਮੁਖੀ ਅਤੇ ਆਈਜੀ ਨੌਨਿਹਾਲ ਸਿੰਘ, ਮੈਂਬਰ ਐਸਐਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਅਤੇ ਐਸਐਸਪੀ ਬਟਾਲਾ ਸਤਿੰਦਰਜੀਤ ਸਿੰਘ ਨੇ ਵੀਰਵਾਰ ਨੂੰ ਬਹਿਬਲ ਕਲਾਂ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਇਨਸਾਫ ਮੋਰਚਾ ਦੇ ਆਗੂਆਂ ਸਮੇਤ ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਗਵਾਹਾਂ ਨੂੰ ਮਿਲ ਕੇ ਜਾਣਕਾਰੀ ਇਕੱਠੀ ਕੀਤੀ।
ਇਸ ਮੌਕੇ ਐਸਆਈਟੀ ਮੈਂਬਰ ਅਤੇ ਐਸਐਸਪੀ ਬਟਾਲਾ ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਗੋਲੀਕਾਂਡ ਦੀ ਜਾਂਚ ਜਾਰੀ ਹੈ ਅਤੇ ਗਵਾਹਾਂ ਨਾਲ ਗੱਲਬਾਤ ਕਰਨ ਸਮੇਤ ਕੁਝ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਹਨ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤੱਥ ਇਕੱਠੇ ਕੀਤੇ ਹਨ। ਗੋਲੀਕਾਂਡ ਦੇ ਪੀੜਤਾਂ ਦੇ ਪਰਿਵਾਰਕ ਮੈਂਬਰ ਸੁਖਰਾਜ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਨਸਾਫ ਦੇਣ ਦੀ ਬਜਾਏ ਸਿਰਫ ਖਾਨਾਪੂਰਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨਸਾਫ ਮੋਰਚੇ ਤੋਂ 30 ਨਵੰਬਰ ਤੱਕ ਦਾ ਸਮਾਂ ਲਿਆ ਸੀ ਅਤੇ ਸਮਾਂ ਸੀਮਾਂ ਪੂਰੀ ਹੋਣ ਤੇ ਪੰਥਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅਗਲੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ