ਅਵਤਾਰ ਸਿੰਘ
ਬਨੂੜ/24 ਨਵੰਬਰ : ਬਨੂੜ-ਲਾਲੜੂ ਮੁੱਖ ਮਾਰਗ ‘ਤੇ ਪੈਂਦੇ ਪਿੰਡ ਧਰਮਗੜ ਨੇੜੇ ਮੋਟਰਸਾਇਕਲ ਨੂੰ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੋਤ ਹੋ ਗਈ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਗੜਾ ਤਹਿਸੀਲ ਪਾਲਮਪੁਰ ਅਧੀਨ ਪੈਂਦੇ ਪਿੰਡ ਮਤਾਹਰ ਦੇ ਅਭੈ ਕਟੋਚ ਵੱਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਟੋਚ ਬੀਤੀ ਰਾਤ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਬਨੂੜ ਤੋਂ ਲਾਲੜੂ ਵਿਖੇ ਕਿਸੇ ਫੈਕਟਰੀ ਵਿੱਚ ਨੌਕਰੀ ਲਈ ਇੰਟਰਵਿਊ ਦੇਣ ਲਈ ਜਾ ਰਿਹਾ ਸੀ। ਉਕਤ ਮਾਰਗ ਤੇ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰੀ। ਜਿਸ ਕਾਰਨ ਪਾਣੀ ਲਾਏ ਹੋਏ ਖੇਤਾ ਵਿੱਚ ਡਿੱਗ ਗਿਆ ਤੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਭਾਂਵੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਿਆ ਗਿਆ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਣਪਛਾਤਾ ਵਾਹਨ ਦਾ ਚਾਲਕ ਮੌਕੇ ਤੋਂ ਵਾਹਨ ਸਮੇਤ ਫਰਾਰ ਹੋ ਗਿਆ। ਦੱਸਣਯੋਗ ਹੈ, ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਦੱਸੀ ਜਾ ਰਹੀ ਹੈ। ਇਸ ਮਾਮਲੇ ਬਾਰੇ ਸਪੰਰਕ ਕਰਨ ਤੇ ਜਾਂਚ ਅਧਿਕਾਰੀ ਏਐਸਆਈ ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਦੋਸਤ ਵਿਸਵਾਜੀਤ ਦੇ ਬਿਆਨਾ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਡੇਰਾਬਸੀ ਦੇ ਸਿਵਲ ਹਸਪਤਾਲ ਚੋ ਕਰਾ ਕੇ ਲਾਸ਼ ਵਾਰਿਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ ।