ਸਤਨਾਮ ਸਿੰਘ
ਨੰਗਲ/24 ਨਵੰਬਰ : ਨੰਗਲ ਦੇ ਬਿਲਕੁਲ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਊਨਾ ਦੇ ‘ਸ੍ਰੀ ਵਿਸ਼ਨੂ ਸਨਾਤਮ ਧਰਮ ਪੋਸਟ ਗ੍ਰੈਜੂਏਟ ਭਟੋਲੀ ਕਾਲਜ ਊਨਾ’ ਬਾਹਰ ਅੱਜ ਬੀ-ਕਾਮ ਤੇ ਬੀਐੱਸਸੀ ਦੇ ਬੱਚਿਆਂ ਨੇ ਜਿੱਥੇ ਹਿਮਾਚਲ ਯੂਨੀਵਰਸਿਟੀ ਦੇ ਖਿਲਾਫ ਰੋਸ ਕੀਤਾ ਉੱਥੇ ਹੀ ਬੱਚਿਆਂ ਨੇ ਕਾਲਜ ਮਨੇਜਮੈਂਟ ਖਿਲਾਫ ਵੀ ਜੰਮ ਕੇ ਨਾਅਰੇਬਾਜੀ ਕੀਤੀ। ਬੱਚਿਆਂ ਦਾ ਕਹਿਣਾ ਹੈ ਕੀ ਇੱਕ ਤਾਂ ਯੂਨੀਵਰਸਿਟੀ ਨੇ ਪਹਿਲਾਂ ਹੀ ਅੱਠ ਮਹੀਨੇ ਨਤੀਜੇ ਦੇਰੀ ਨਾਲ ਦਿੱਤੇ ਹਨ, ਦੂਜੇ ਪਾਸੇ ਬੱਚਿਆਂ ਨੂੰ ਫੇਲ੍ਹ ਕਰਕੇ ਉਨ੍ਹਾਂ ਦਾ ਭੱਵਿਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਕਾਲਜ ਵਿਦਿਆਰਥੀਆਂ ਨੇ ਆਪਣੀ ਹੱਡਬੀਤੀ ਦੱਸਿਆ ਕਿਹਾ ਕਿ ਪਹਿਲਾਂ 21 ਨਵੰਬਰ ਨੂੰ ਜੋ ਨਤੀਜੇ ਦੱਸੇ ਗਏ, ਉਸ ਵਿੱਚ ਬੱਚਿਆਂ ਨੂੰ ਪਾਸ ਕੀਤਾ ਗਿਆ ਪਰ ਦੂਜੀ ਵਾਰ ਜੋ ਅੱਜ 24 ਨਵੰਬਰ ਨੂੰ ਨਤੀਜੇ ਦੱਸੇ, ਉਨ੍ਹਾਂ ਵਿੱਚ ਬੱਚਿਆਂ ਨੂੰ ਫੇਲ੍ਹ ਕੀਤਾ ਗਿਆ ਤੇ ਜ਼ਿਆਦਾਤਰ ਬੱਚਿਆਂ ਦੀਆਂ ਕੰਪਾਰਮੈਂਟਾ ਦੇ ਦਿੱਤੀਆਂ ਗਈਆਂ। ਬੱਚਿਆਂ ਨੇ ਕਿਹਾ ਕਿ ਜੇਕਰ ਸਿਸਟਮ ‘ਚ ਅਣਗਹਿਲੀ ਵਰਤੀ ਗਈ ਤਾਂ ਬੱਚੇ ਉਸਦਾ ਖਾਮਿਆਜਾ ਕਿਉਂ ਭੁਗਤਣ! ਵਿਦਿਆਰਥੀਆਂ ਨੇ ਕਿਹਾ ਕਿ ਹੁਣ ਸਾਨੂੰ ਰਿਵੈਲਿਊਸ਼ਨ ਭਰ ਦਿਓ, ਜਦੋਂ ਕਿ ਉਸਦਾ ਨਤੀਜਾ ਵੀ ਦੇਰੀ ਨਾਲ ਆਵੇਗਾ। ਨਾ ਅਸੀਂ ਫਸ਼ਟ-ਈਅਰ ਤੇ ਨਾ ਹੀ ਸੈਂਕਡ-ਈਅਰ ‘ਚ ਬੈਠਣ ਜੋਗੇ। ਅਸੀਂ ਪੂਰੀ ਮਿਹਨਤ ਨਾਲ ਪੇਪਰ ਦਿੱਤੇ ਹਨ ਪਰ ਫਿਰ ਵੀ ਸਾਨੂੰ 2-2 ਨੰਬਰ ਤੋਂ ਫੇਲ੍ਹ ਕਰ ਦਿੱਤਾ ਗਿਆ। ਇਸ ਸਾਰੇ ਮਾਮਲੇ ਨੂੰ ਲੈ ਕੇ ਅੱਜ ਕੁਝ ਬੱਚਿਆਂ ਵੱਲੋਂ ਸੋਸਾਇਡ ਕਰਨ ਤੱਕ ਦੀ ਗੱਲ ਸੁਣਨ ਨੂੰ ਮਿਲ ਚੁੱਕੀ ਹੈ।
ਜਦੋਂ ਇਸ ਮਾਮਲੇ ਨੂੰ ਲੈ ਕੇ ਕਾਲਜ ਪ੍ਰਿੰਸੀਪਲ ਅਰਵਿੰਦ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਖ਼ੁਦ ਗੇਟ ਤੇ ਜਾ ਕੇ ਬੱਚਿਆਂ ਦੀਆਂ ਸਮੱਸਿਆਵਾਂ ਸੁਣੀਆਂ। ਪਹਿਲਾਂ 21 ਨਵੰਬਰ ਨੂੰ ਰਿਜ਼ਲਟ ਆਇਆ ਸੀ, ਜਿਸ ਵਿੱਚ ਬੱਚਿਆਂ ਨੂੰ ਯੂਨੀਵਰਸਿਟੀ ਵੱਲੋਂ ਗ੍ਰੇਸ ਮਾਰਕ ਦਿੱਤੇ ਗਏ ਸੀ। ਹੁਣ ਗ੍ਰੇਸ ਮਾਰਕ ਕਿਉਂ ਹਟਾ ਲਏ ਗਏ, ਇਸਦੇ ਬਾਰੇ ਪੁੱਛਿਆ ਜਾ ਰਿਹਾ ਹੈ। ਰਿਜ਼ਲਟ ਦੇਰੀ ਨਾਲ ਆਉਣ ਬਾਰੇ ਤਾਂ ਯੂਨੀਵਰਸਿਟੀ ਹੀ ਦੱਸ ਸਕਦੀ ਹੈ। ਬੱਚਿਆਂ ਵੱਲੋਂ ਰੀ-ਚੈਕਿੰਗ ਭਰੀ ਗਈ ਹੈ। ਜਿਸਨੂੰ ਅੱਗੇ ਭੇਜ ਦਿੱਤਾ ਗਿਆ ਹੈ। ਜੋ ਵੀ ਜਵਾਬ ਆਵੇਗਾ, ਬੱਚਿਆਂ ਨੂੰ ਦੱਸ ਦਿੱਤਾ ਜਾਵੇਗਾ। ਪ੍ਰਿੰਸੀਪਲ ਸ਼ਰਮਾ ਨੇ ਮੰਨਿਆ ਕਿ ਬੱਚਿਆਂ ਦੀ ਮੰਗ ਜਾਇਜ਼ ਹੈ ਕਿਉਂਕਿ ਜੇਕਰ ਨਤੀਜੇ ਪਹਿਲਾਂ ਆ ਜਾਂਦੇ ਤਾਂ ਸ਼ਾਇਦ ਬੱਚਿਆਂ ਨੂੰ ਇਹ ਮੁਸ਼ਕਿਲ ਨਾ ਆਉਂਦੀ। ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਅਸੀਂ ਬੱਚਿਆਂ ਦੇ ਦਰਦ ਨੂੰ ਸਮਝ ਸਕਦੇ ਹਾਂ ਤੇ ਅਸੀਂ ਨਹੀਂ ਚਾਹੁੰਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ।