ਕੇਐਲ ਮੁਕਸਰੀ
ਸ੍ਰੀ ਮੁਕਤਸਰ ਸਾਹਿਬ/24 ਨਵੰਬਰ : ਵੱਖ-ਵੱਖ ਮਾਮਲਿਆਂ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਨਸ਼ੇ ਦੇ ਤੌਰ ’ਤੇ ਇਸਤੇਮਾਲ ਹੋਣ ਵਾਲੀਆਂ 219 ਗੋਲੀਆਂ ਸਮੇਤ ਕਾਬੂ ਕੀਤਾ। ਥਾਣਾ ਲੰਬੀ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਵੱਲੋਂ ਦਰਜ਼ ਕੀਤੇ ਗਏ ਮਾਮਲੇ ਅਨੁਸਾਰ ਪੁਲਿਸ ਪਾਰਟੀ ਦੌਰਾਨੇ ਗਸ਼ਤ ਤੇ ਚੈਕਿੰਗ ਚੌਂਕੀ ਕਿੱਲਿਆਵਾਲੀ ਤੋਂ ਮਾਲਵਾ ਬਾਈਪਾਸ ਨੂੰ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਜਦੋਂ ਨੇੜੇ ਪਸ਼ੂ ਹਸਪਤਾਲ ਮੰਡੀ ਕਿੱਲਿਆਵਾਲੀ ਮੌਜੂਦ ਸੀ ਤਾਂ ਇੱਕ ਪੈਦਲ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸਦੇ ਹੱਥ ਵਿੱਚ ਕਾਲੇ ਰੰਗ ਦਾ ਲਿਫਾਫਾ ਫੜਿਆ ਹੋਇਆ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾਅ ਗਿਆ। ਪੁਲਿਸ ਪਾਰਟੀ ਨੇ ਜਦੋਂ ਸ਼ੱਕ ਦੇ ਅਧਾਰ ’ਤੇ ਉਕਤ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਨਸ਼ੇ ਦੇ ਤੌਰ ’ਤੇ ਇਸਤੇਮਾਲ ਹੋਣ ਵਾਲੀਆਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਬਾਗੜ ਸਿੰਘ ਵਾਸੀ ਪਿੰਡ ਘੁਮਿਆਰਾ ਵਜੋਂ ਹੋਈ ਹੈ। ਓਧਰ ਥਾਣਾ ਗਿੱਦੜਬਾਹਾ ਦੇ ਐਸਆਈ ਗੁਰਚਰਨ ਸਿੰਘ ਵੱਲੋਂ ਦਰਜ਼ ਕੀਤੇ ਗਏ ਮਾਮਲੇ ਅਨੁਸਾਰ ਪੁਲਿਸ ਪਾਰਟੀ ਦੌਰਾਨੇ ਗਸ਼ਤ ਤੇ ਚੈਕਿੰਗ ਜਦੋਂ ਸ਼ਹਿਰ ਗਿੱਦੜਬਾਹਾ ਤੋਂ ਨਿਹਾਲ ਦੇ ਢਾਬੇ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਰੋਡ ’ਦੇ ਖੱਬੇ ਪਾਸੇ ਸ਼ੱਕੀ ਹਾਲਤ ਵਿੱਚ ਦੋ ਵਿਅਕਤੀ ਦਿਖਾਈ ਦਿੱਤੇ, ਜਿਨ੍ਹਾਂ ਦੇ ਹੱਥ ਵਿੱਚ ਲਿਫਾਫਾ ਫੜਿਆ ਹੋਇਆ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸਿਸ਼ ਕਰਨ ਲੱਗੇ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਪਾਬੰਦੀਸ਼ੁਦਾ 169 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸੰਦੀਪ ਕੁਮਾਰ ਪੁੱਤਰ ਹੀਰਾ ਸਿੰਘ, ਰਾਜਨ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਗਿੱਦੜਬਾਹਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।