ਰਵਿੰਦਰ ਸਿੰਘ ਢੀਂਡਸਾ
ਸ੍ਰੀ ਫ਼ਤਹਿਗੜ੍ਹ ਸਾਹਿਬ/24 ਨਵੰਬਰ : ਇੱਕ ਲੜਕੀ ਦੀ ਸ਼ਿਕਾਇਤ ‘ਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਕਥਿਤ ਵਿਅਕਤੀ ਧਰਮਿੰਦਰ ਸਿੰਘ ਵਾਸੀ ਪਿੰਡ ਫਿਰੋਜ਼ਪੁਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।ਸਿਹਤ ਵਿਭਾਗ ‘ਚ ਕਮਿਊਨਟੀ ਹੈਲਥ ਅਫਸਰ ਵਜੋਂ ਤਾਇਨਾਤ ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਸਕੂਲ ਦੀ ਪੜ੍ਹਾਈ ਦੌਰਾਨ ਉਸਦੇ ਜੂਨੀਅਰ ਵਿਦਿਆਰਥੀ ਰਹੇ ਧਰਮਿੰਦਰ ਸਿੰਘ ਨਾਲ ਸਾਲ 2021 ‘ਚ ਇੰਸਟਾਗ੍ਰਾਮ ‘ਤੇ ਉਸਦੀ ਗੱਲ ਹੋਈ ਸੀ ਜੋ ਕਿ ਜਦੋਂ ਉਸ ਨਾਲ ਰਿਸ਼ਤਾ ਬਣਾਉਣ ਲਈ ਦਬਾਅ ਪਾਉਣ ਲੱਗ ਪਿਆ ਤਾਂ ਉਸਨੇ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤੇ ਉਸਨੂੰ ਇੰਸਟਾਗ੍ਰਾਮ ਤੋਂ ਬਲੌਕ ਕਰ ਦਿੱਤਾ ਜਿਸ ਤੋਂ ਬਾਅਦ ਉਕਤ ਵਿਅਕਤੀ ਉਸਦੀ ਡਿਊਟੀ ਵਾਲੇ ਸਥਾਨ ‘ਤੇ ਗੇੜੇ ਮਾਰਨ ਲੱਗ ਪਿਆ ਤੇ ਰਾਸਤੇ ‘ਚ ਉਸਦਾ ਪਿੱਛਾ ਕਰਦਾ ਹੋਇਆ ਉਸਨੂੰ ਘੇਰ ਕੇ ਗੱਲ ਕਰਨ ਲਈ ਮਜ਼ਬੂਰ ਕਰਨ ਲੱਗ ਪਿਆ ਜਿਸ ਤੋਂ ਤੰਗ ਆ ਕੇ 3-4 ਮਹੀਨੇ ਪਹਿਲਾਂ ਉਸਨੇ ਪਿੰਡ ਦੇ ਸਰਪੰਚ ਰਾਹੀਂ ੳਕਤ ਵਿਅਕਤੀ ਦੇ ਘਰ ਉਲਾਂਭਾ ਭੇਜਿਆ ਤਾਂ ਉਹ ਉਸਨੂੰ ਆ ਕੇ ਧਮਕਾਉਣ ਲੱਗ ਪਿਆ ਕਿ ਮੈਂ ਤੈਨੂੰ ਨਹਿਰ ‘ਚ ਸੁੱਟ ਕੇ ਮਾਰ ਦੇਵਾਂਗਾ ਅਤੇ ਖੁਦ ਵੀ ਮਰ ਜਾਵਾਂਗਾ ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਧਮਕੀ ਦੇ ਕੇ ਉਕਤ ਵਿਅਕਤੀ ਨੇ ਉਸ ਤੋਂ 20 ਹਜ਼ਾਰ ਰੁਪਏ ਵੀ ਟਰਾਂਸਫਰ ਕਰਵਾ ਲਏ।ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਬੀਤੀ 21 ਨਵੰਬਰ ਨੂੰ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਘਰ ਨੂੰ ਜਾ ਰਹੀ ਸੀ ਤਾਂ ਧਰਮਿੰਦਰ ਸਿੰਘ ਫਿਰ ਉਸਨੂੰ ਰਸਤੇ ‘ਚ ਘੇਰ ਕੇ ਗੱਲ ਕਰਨ ਲਈ ਮਜ਼ਬੂਰ ਕਰਨ ਲੱਗ ਪਿਆ ਤੇ ਉਸਦੇ ਮਨਾਂ ਕਰਨ ਦੇ ਬਾਵਜ਼ੂਦ ਵੀ ੳਹ ਜਦੋਂ ਰਾਸਤੇ ‘ਚੋਂ ਪਾਸੇ ਨਾ ਹੋਇਆ ਤਾਂ ਇਸ ਦੌਰਾਨ ਪਿੱਛੋਂ ਉਸਦੇ ਸਟਾਫ ‘ਚ ਕੰਮ ਕਰਦਾ ਹਰਪ੍ਰੀਤ ਸਿੰਘ ਮੌਕੇ ‘ਤੇ ਆ ਗਿਆ ਜਿਸ ਤੋਂ ਉਸਨੇ ਮੱਦਦ ਮੰਗੀ ਤਾਂ ਧਰਮਿੰਦਰ ਸਿੰਘ ਮੌਕੇ ‘ਤੋਂ ਖਿਸਕ ਗਿਆ ਜਿਸ ਤੋਂ ਬਾਅਦ ਉਸਦੇ ਕਹਿਣ ‘ਤੇ ਹਰਪ੍ਰੀਤ ਸਿੰਘ ਜਦੋਂ ਧਰਮਿੰਦਰ ਸਿੰਘ ਦੇ ਘਰ ਉਲਾਂਭਾ ਲੈ ਕੇ ਗਿਆ ਤਾਂ ਧਰਮਿੰਦਰ ਸਿੰਘ ਅਤੇ ਉਸਦੇ ਭਰਾ ਜਤਿੰਦਰ ਸਿੰਘ ਵੱਲੋਂ ਹਰਪ੍ਰੀਤ ਸਿੰਘ ਦੀ ਕੁੱਟਮਾਰ ਕਰ ਦਿੱਤੀ ਗਈ।ਪੀੜਤ ਲੜਕੀ ਦੇ ਬਿਆਨਾਂ ‘ਤੇ ਧਰਮਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਦਿਆਂ ਮਹਿਲਾ ਸਬ-ਇੰਸਪੈਕਟਰ ਨਵਨੀਤ ਕੌਰ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।