ਭਾਰਤ ਨੇ ਪਹਿਲੀ ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਰਸਮੀ ਤੌਰ ’ਤੇ ਹੱਥ ਲੈ ਲਈ ਹੈ ਜੋ ਇਸ ਕੋਲ ਇੱਕ ਸਾਲ ਦੇ ਸਮੇਂ ਲਈ ਰਹਿਣੀ ਹੈ। ਅਗਲੇ ਸਾਲ ਦੇ ਸਤੰਬਰ ਮਹੀਨੇ ’ਚ ਭਾਰਤ ਵਿੱਚ ਜੀ-20 ਮੁਲਕਾਂ ਦਾ ਸਿਖਰ ਸੰਮੇਲਨ ਹੋਵੇਗਾ ਜਿਸ ’ਚ ਪ੍ਰਧਾਨਗੀ ਬ੍ਰਾਜ਼ੀਲ ਨੂੰ ਸੌਂਪ ਦਿੱਤੀ ਜਾਵੇਗੀ। ਜੀ-20 ਵਿਚਲੇ ਮੁਲਕਾਂ ਵਿੱਚ ਸੰਸਾਰ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਵੀ ਸ਼ਾਮਿਲ ਹਨ ਜਿਹੜੇ ਕਿ ਸੰਸਾਰ ਦੇ ਕਿਸੇ ਵੀ ਦੇਸ਼ਾਂ ਦੇ ਗੁਟ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਰੱਖਦੇ ਹਨ ਅਤੇ ਦੇਸ਼ਾਂ ਦੇ ਹਰੇਕ ਸੰਮੇਲਨ ਤੋਂ ਉਮੀਦ ਕਰਦੇ ਹਨ ਕਿ ਉਸ ਦੁਆਰਾ ਲਏ ਫ਼ੈਸਲੇ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰਨ ਵਾਲੇ ਹੋਣ। ਇੰਡੋਨੇਸ਼ੀਆ ’ਚ ਹੋਏ ਪਿਛਲੇ ਜੀ-20 ਮੁਲਕਾਂ ਦੇ ਸਿਖਰ-ਸੰਮੇਲਨ ਵਿੱਚ ਵੀ ਇਹ ਦੇਖਣ ਨੂੰ ਮਿਲਿਆ ਸੀ ਕਿ ਵਿਕਸਤ ਪੂੰਜੀਵਾਦੀ ਮੁਲਕਾਂ ਦੀ ਇਸ ਸਦੀ ਦੇ ਅਖੀਰ ਤੱਕ ਤਾਪਮਾਨ ਨੂੰ ਡੇਢ ਡਿਗਰੀ ਸੈਲਸੀਅਸ ਤੋਂ ਵਧੇਰੇ ਨਾ ਵੱਧਣ ਦੇਣ ਦੀ ਲੋੜ ਪ੍ਰਤੀ ਪਹੁੰਚ ਵੱਖਰੀ ਹੀ ਸੀ। ਇਹ ਇਸ ਸਦੀ ਦੀ ਇੱਕ ਸਭ ਤੋਂ ਮਹੱਤਵਪੂਰਣ ਲੋੜ ਹੈ ਜੋ ਸਿੱਧੇ ਤੌਰ ’ਤੇ ਮੌਸਮੀ ਤਬਦੀਲੀ ਦੀ ਸਮੱਸਿਆ ਨਾਲ ਨਿਪਟਣ ਲਈ ਹੈ।
ਸੋ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਉਸ ਸਮੇਂ ਮਿਲੀ ਹੈ ਜਦੋਂ ਸੰਸਾਰ ’ਚ ਟਕਰਾਅ ਬਹੁਤ ਵੱਧ ਚੁੱਕੇ ਹਨ। ਪਿੱਛਲੇ ਬਾਲੀ ਸਿਖਰ ਸੰਮੇਲਨ ਦਾ ਐਲਾਨਨਾਮਾ ਤਿਆਰ ਕਰਨ ਵੇਲੇ ਵੀ ਇਹ ਔਖਿਆਈ ਆਈ ਸੀ ਕਿ ਵੱਖ ਵੱਖ ਮੁਲਕ ਰੂਸ-ਯੂਕਰੇਨ ਦੀ ਜੰਗ ਬਾਰੇ ਵੱਖ ਵੱਖ ਰਾਏ ਰੱਖਦੇ ਸਨ। ਭਾਰਤ ਅਤੇ ਦੂਸਰੇ ਮੁੱਖ ਵਿਕਾਸਸ਼ੀਲ ਦੇਸ਼ਾਂ ਨੇ ਰੂਸ ਦੀ ਸਖ਼ਤ ਨਿੰਦਾ ਕਰਨ ਦੇ ਪੈਂਤੜੇ ਤੋਂ ਦੂਰੀ ਬਣਾਈ ਰੱਖੀ ਸੀ। ਪ੍ਰਧਾਨਗੀ ਹੱਥ ਲੈਣ ਸਮੇਂ ਭਾਰਤ ਨੇ ਵੱਡੀਆਂ ਆਸਾਂ ਪ੍ਰਗਟਾਈਆਂ ਹਨ। ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ‘‘ਅੱਜ ਅਸੀਂ ਮੌਸਮੀ ਤਬਦੀਲੀ, ਦਹਿਸ਼ਤਵਾਦ, ਮਹਾਮਾਰੀ ਜਿਹੀਆਂ ਜਿੰਨ੍ਹਾਂ ਵੰਗਾਰਾਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਦਾ ਹੱਲ ਮਿਲ-ਜੁਲ ਕੇ ਕੰਮ ਕਰਨ ਨਾਲ ਹੀ ਨਿਕਲ ਸਕਦਾ ਹੈ। ਭਾਰਤ ਨੇ ਇਰਾਦਾ ਪ੍ਰਗਟਾਇਆ ਹੈ ਕਿ ਉਹ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣਨ ਦਾ ਯਤਨ ਕਰੇਗਾ । ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਦਾ ਕਹਿਣਾ ਹੈ ਕਿ ਜੀ-20 ਦੀ ਪ੍ਰਧਾਨਗੀ ਇੱਕ ਮੌਕਾ ਹੈ ਜਿਸ ’ਚ ਭਾਰਤ ਦੀ ਵਿਵਿਧਤਾ ਨੂੰ ਸੰਸਾਰ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਕੁੱਲ ਮਿਲਾ ਕੇ ਭਾਰਤ ਦਾ ਜ਼ੋਰ ਇਸ ’ਤੇ ਹੀ ਹੈ ਕਿ ਜੀ-20 ਦੀ ਪ੍ਰਧਾਨਗੀ ਦੇ ਉਸਦੇ ਦੌਰ ਦੌਰਾਨ ਗੱਲਬਾਤ ਨਾਲ ਮਿਲਜੁਲ ਕੇ ਮਸਲੇ ਹੱਲ ਕੀਤੇ ਜਾਣਗੇ ਅਤੇ ਕਈ ਮਸਲੇ ਨਬੇੜੇ ਜਾਣਗੇ।
ਬਹਰਹਾਲ, ਪ੍ਰਧਾਨਗੀ ਦਾ ਸਮਾਂ ਇੱਕ ਸਾਲ ਦਾ ਹੀ ਹੈ ਅਤੇ ਜੀ-20 ਦੇ ਵੱਡੇ ਮੁਲਕ ਭੂ-ਰਾਜਨੀਤਕ ਸਮੱਸਿਆਵਾਂ ਬਾਰੇ ਆਪਣੀ ਪਹੁੰਚ ’ਤੇ ਹੀ ਕਾਇਮ ਰਹਿਣ ਵਾਲੇ ਹਨ। ਅੱਜ ਸੰਸਾਰ ’ਚ ਵੱਡੀ ਵੰਡ ਪੈ ਚੁੱਕੀ ਹੈ ਅਤੇ ਮਸਲੇ ਬਹੁਤ ਉਲਝ ਚੁੱਕੇ ਹਨ। ਗੁਟ-ਨਿਰਲੇਪ ਲਹਿਰ ਦੇ ਆਗੂ ਰਹਿਣ ਦੇ ਪਿਛੋਕੜ ਕਰਕੇ ਵੀ ਅਸੀਂ ਟਕਰਾਓ ਵਾਲੇ ਮੁਲਕਾਂ ’ਚ ਸੁਲਾਹ ਕਰਵਾਉਣ ਦਾ ਯਤਨ ਕਰ ਸਕਦੇ ਹਾਂ ਅਤੇ ਕੁੱਛ ਠੋਸ ਹਾਸਲ ਵੀ ਕਰ ਸਕਦੇ ਹਾਂ ਜੋ ਸਮੁੱਚੇ ਸੰਸਾਰ ਲਈ ਮਹੱਤਵਪੂਰਣ ਹੋਵੇ। ਪਰ ਇਸ ਲਈ ਸਾਨੂੰ ਆਪਣੇ ਵਿਸ਼ਵ ਗੁਰੂ ਹੋਣ ਦੀ ਖਾਮਖ਼ਿਆਲੀ ਦਾ ਤਿਆਗ ਕਰਨਾ ਪਵੇਗਾ। ਸਾਨੂੰ ਜੀ-20 ਦੀ ਪ੍ਰਧਾਨਗੀ ਨੂੰ ਬਹੁਤਾ ਉਛਾਲਣ ਦੀ ਲੋੜ ਨਹੀਂ ਹੈ । ਜੇਕਰ ਪ੍ਰਧਾਨਗੀ ਨੂੰ, ਜੋ ਕਿ ਵਾਰੀ ਸਿਰ ਮਿਲਦੀ ਹੈ, ਇਸ ਤਰ੍ਹਾਂ ਵਰਤਿਆ ਗਿਆ ਕਿ ਦੇਸ਼ ਨੇ ਵਿਸ਼ਵ ’ਚ ਵੱਡੀ ਮਲ੍ਹ ਮਾਰ ਲਈ ਹੈ ਤਾਂ ਇਸ ਨਾਲ ਭਾਰਤ ਦਾ ਵਿਸ਼ਵ ਦੇ ਕੂਟਨੀਤਕ ਖੇਤਰਾਂ ’ਚ ਮਜ਼ਾਕ ਬਣ ਸਕਦਾ ਹੈ। ਸੋ ਸੰਸਾਰ ਦੇ ਇੱਕ ਮਹੱਤਪੂਰਣ ਸੰਗਠਨ ਤੋਂ ਜਿੰਨ੍ਹਾਂ ਕੰਮ ਮਿਲਿਆ ਹੈ, ਉਸ ਨੂੰ ਚੰਗੀ ਤਰ੍ਹਾਂ ਕਰ ਲੈਣ ’ਤੇ ਹੀ ਕੇਂਦਰਿਤ ਰਹਿਣ ਦੀ ਲੋੜ ਹੈ।