- ਪਾਰਟੀ 26 ਜਨਵਰੀ ਤੋਂ ਸ਼ੁਰੂ ਕਰੇਗੀ ‘ਹਾਥ ਸੇ ਹਾਥ ਜੋੜੋ’ ਮੁਹਿੰਮ
ਏਜੰਸੀਆਂ
ਨਵੀਂ ਦਿੱਲੀ/4 ਦਸੰਬਰ : ਕਾਂਗਰਸ ਦੀ ਸਟੀਅਰਿੰਗ ਕਮੇਟੀ ਦੀ ਮੀਟਿੰਗ ਸ਼ਨੀਵਾਰ ਨੂੰ ਹੋਈ, ਜਿਸ ਵਿਚ ਪਾਰਟੀ ਦੇ ਇਜਲਾਸ ਦੀ ਤਰੀਕ ਅਤੇ ਸਥਾਨ ਤੈਅ ਕਰਨ ਦੇ ਨਾਲ-ਨਾਲ ਸੰਗਠਨ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ ।
ਸੂਤਰਾਂ ਮੁਤਾਬਕ ਪਾਰਟੀ ਦਾ ਤਿੰਨ ਦਿਨਾਂ ਇਜਲਾਸ ਅਗਲੇ ਸਾਲ ਫਰਵਰੀ ’ਚ ਛੱਤੀਸਗੜ੍ਹ ਦੇ ਰਾਏਪੁਰ ’ਚ ਹੋਵੇਗਾ । ਇਸ ਦੇ ਨਾਲ ਕਾਂਗਰਸ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ 26 ਜਨਵਰੀ ਤੋਂ ਦੇਸ਼ ਭਰ ’ਚ ‘ਹਾਥ ਸੇ ਹਾਥ ਜੋੜੋ ਮੁਹਿੰਮ’ ਸ਼ੁਰੂ ਕਰੇਗੀ, ਜਿਸ ਤਹਿਤ ਬਲਾਕ, ਪੰਚਾਇਤ ਅਤੇ ਬੂਥ ਪੱਧਰ ’ਤੇ ਜਨ ਸੰਪਰਕ ਕੀਤਾ ਜਾਵੇਗਾ । ਪਿਛਲੇ ਮਹੀਨੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਦੀ ਸਰਵਉੱਚ ਸੰਸਥਾ, ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਥਾਂ ’ਤੇ ਮਲਿਕਾਰਜੁਨ ਖੜਗੇ ਨੇ ਸਟੀਅਰਿੰਗ ਕਮੇਟੀ ਕਾਇਮ ਕੀਤੀ ਸੀ ।
ਦੱਸਣਾ ਬਣਦਾ ਹੈ ਕਿ ਕਾਂਗਰਸ ਦੀ ਰਵਾਇਤ ਅਨੁਸਾਰ ਪਾਰਟੀ ਦਾ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਾਰਟੀ ਦੀ ਸਭ ਤੋਂ ਉੱਚੀ ਨੀਤੀ ਬਣਾਉਣ ਵਾਲੀ ਸੰਸਥਾ, ਵਰਕਿੰਗ ਕਮੇਟੀ ਅਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਲਈ ਇੱਕ ਕਨਵੈਨਸ਼ਨ ਕੀਤੀ ਜਾਂਦੀ ਹੈ ।
ਉਨ੍ਹਾਂ ਕਿਹਾ ਕਿ ਇਜਲਾਸ ਵਿੱਚ ਕਈ ਮਤੇ ਪਾਸ ਕੀਤੇ ਜਾਣਗੇ, ਜਿਸ ਵਿੱਚ ਸਿਆਸੀ, ਆਰਥਿਕ, ਸਮਾਜਿਕ ਅਤੇ ਨੌਜਵਾਨਾਂ ਨੂੰ ਦਰਪੇਸ਼ ਬੇਰੁਜ਼ਗਾਰੀ ਵਰਗੀਆਂ ਚੁਣੌਤੀਆਂ ਬਾਰੇ ਵੀ ਇਜਲਾਸ ਵਿੱਚ ਮਤੇ ਪਾਸ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ‘ਭਾਰਤ ਜੋੜੋ ਯਾਤਰਾ’ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਕਰੀਬ 2500 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਯਾਤਰੀ ਅੱਜ ਰਾਜਸਥਾਨ ਵਿੱਚ ਦਾਖ਼ਲ ਹੋਵੇਗੀ ਅਤੇ ਹੁਣ ਕਰੀਬ 11 ਕਿਲੋਮੀਟਰ ਦੀ ਪੈਦਲ ਯਾਤਰਾ ਬਾਕੀ ਹੈ । ਇਹ ਯਾਤਰਾ 24 ਦਸੰਬਰ ਨੂੰ ਦਿੱਲੀ ਵਿੱਚ ਦਾਖ਼ਲ ਹੋਵੇਗੀ ਅਤੇ ਉਮੀਦ ਹੈ ਕਿ 26 ਜਨਵਰੀ ਤੱਕ ਭਾਰਤ ਜੋੜੋ ਯਾਤਰਾ ਸ੍ਰੀਨਗਰ ਪਹੁੰਚੇਗੀ ਅਤੇ ਉੱਥੇ ਤਿਰੰਗਾ ਲਹਿਰਾਇਆ ਜਾਵੇਗਾ ।