- 14 ਜ਼ਿਲ੍ਹਿਆਂ ਦੀਆਂ 93 ਸੀਟਾਂ ’ਤੇ ਹੋਵੇਗੀ ਵੋਟਿੰਗ
ਏਜੰਸੀਆਂ
ਅਹਿਮਦਾਬਾਦ/4 ਦਸੰਬਰ : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ’ਚ ਸੋਮਵਾਰ ਨੂੰ 14 ਮੱਧ ਅਤੇ ਉਤਰੀ ਜਿਲ੍ਹਿਆਂ ਦੀਆਂ 93 ਸੀਟਾਂ ’ਤੇ ਮਤਦਾਨ ਹੋਵੇਗਾ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਨੇ ਇਨ੍ਹਾਂ ਚੋਣਾਂ ’ਚ 51 ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ 39, ਜਦਕਿ 3 ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ। ਦੂਜੇ ਗੇੜ ਦੀਆਂ ਇਨ੍ਹਾਂ ਚੋਣਾਂ ’ਚ ਕਈ ਦਿੱਗਜ਼ ਆਗੂਆਂ ਦੀ ਕਿਸਮਤ ਈਵੀਐਮ ’ਚ ਬੰਦ ਹੋਵੇਗੀ।
ਦੂਜੇ ਗੇੜ ਦੇ ਕੁਝ ਮਹੱਤਵਪੂਰਨ ਚੋਣ ਖੇਤਰਾਂ ਵਿੱਚ ਮੁੱਖ ਮੰਤਰੀ ਭੁਪੇਂਦਰ ਪਟੇਲ ਦਾ ਘਾਟਲੋਡਿਆ, ਭਾਜਪਾ ਨੇਤਾ ਹਾਰਦਿਕ ਪਟੇਲ ਦਾ ਵਿਰਮਗਾਮ ਅਤੇ ਗਾਂਧੀਨਗਰ ਦੱਖਣੀ ਖੇਤਰ ਸ਼ਾਮਲ ਹਨ। ਜਿੱਥੋਂ ਭਾਜਪਾ ਦੇ ਅਲਪੇਸ਼ ਠਾਕੁਰ ਚੋਣ ਲੜ ਰਹੇ ਹਨ।
ਇਸ ਤੋਂ ਇਲਾਵਾ ਦਲਿਤ ਨੇਤਾ ਜਿਗਨੇਸ਼ ਮੇਵਾਨੀ ਬਨਾਸਕਾਂਠਾ ਜ਼ਿਲ੍ਹੇ ਦੀ ਬਡਗਾਮ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਗੁਜਰਾਤ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਖਰਾਮ ਰਾਠਵਾ ਛੋਟਾ ਉਦੈਪੁਰ ਜ਼ਿਲ੍ਹੇ ਦੇ ਜੇਤਪੁਰ ਤੋਂ ਉਮੀਦਵਾਰ ਹਨ। ਬੜੋਦਰਾ ਜ਼ਿਲ੍ਹੇ ਦੀ ਬਾਘੋਡੀਆ ਸੀਟ ਤੋਂ ਭਾਜਪਾ ਦੇ ਬਾਗੀ ਮਧੂ ਸ੍ਰੀਵਾਸਤਵ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਮੱਧ ਗੁਜਰਾਤ ’ਚ ਭਾਜਪਾ ਨੇ 37 ਸੀਟਾਂ ਜਿੱਤੀਆਂ ਸਨ। ਜਦਕਿ ਕਾਂਗਰਸ ਨੂੰ 22 ਸੀਟਾਂ ਮਿਲੀਆਂ ਸਨ, ਪਰ ਉਤਰ ਗੁਜਰਾਤ ’ਚ ਕਾਂਗਰਸ ਨੇ 17 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ, ਜਦਕਿ ਭਾਜਪਾ ਨੂੰ 14 ਸੀਟਾਂ ਮਿਲੀਆਂ ਸਨ। ਦੂਜੇ ਗੇੜ ਲਈ ਚੋਣ ਪ੍ਰਚਾਰ ਸ਼ਨੀਵਾਰ ਸ਼ਾਮ ਨੂੰ ਬੰਦ ਹੋ ਗਿਆ ਸੀ।