ਏਜੰਸੀਆਂ
ਸ੍ਰੀਨਗਰ/4 ਦਸੰਬਰ : ਜੰਮੂ ਕਸ਼ਮੀਰ ਅਤੇ ਇਸ ਦੇ ਨੇੜਲੇ ਇਲਾਕਿਆਂ ’ਚ 9 ਦਸੰਬਰ ਤੱਕ ਪੱਛਮੀ ਗੜਬੜੀ ਦੀ ਨਵੀਂ ਲਹਿਰ ਪਹੁੰਚਣ ਦੀ ਸੰਭਾਵਨਾ ਦੇ ਦਰਮਿਆਨ ਮੌਸਮ ਵਿਭਾਗ ਨੇ ਕਸ਼ਮੀਰ ’ਚ ਬਰਫ਼ਬਾਰੀ ਦੇ ਨਾਲ ਕੜਾਕੇ ਦੀ ਸਰਦੀ ਸ਼ੁਰੂ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਸੰਘਣੀ ਧੁੰਦ ਪੈਣ ਤੇ ਰਾਤ ਠੰਢੀ ਰਹਿਣ ਦੀ ਚੇਤਾਵਨੀ ਦਿੱਤੀ ਹੈ।
ਮੌਸਮ ਵਿਗਿਆਨੀਆਂ ਅਨੁਸਾਰ ਪੱਛਮੀ ਗੜਬੜੀ ਦੀ ਨਵੀਂ ਲਹਿਰ 9 ਦਸੰਬਰ ਦੀ ਸ਼ਾਮ ਤੱਕ ਇੱਥੇ ਪਹੁੰਚਣ ਦੀ ਸੰਭਾਵਨਾ ਹੈ ਅਤੇ ਇਸ ਦੇ ਪ੍ਰਭਾਵ ਹੇਠ ਮੈਦਾਨੀ ਅਤੇ ਹੇਠਲੀਆਂ ਪਹਾੜੀਆਂ ਵਿੱਚ ਹਲਕੀ ਬਰਫ਼ਬਾਰੀ ਅਤੇ 10 ਦਸੰਬਰ ਸ਼ਾਮ ਤੱਕ ਮੱਧ ਅਤੇ ਉੱਚੀਆਂ ਪਹਾੜੀਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਦੀ ਸੰਭਾਵਨਾ ਹੈ । ਪੱਛਮੀ ਗੜਬੜੀ ਨਾਲ ਉੱਤਰ, ਉੱਤਰ-ਪੱਛਮੀ, ਦੱਖਣ ਅਤੇ ਮੱਧ ਕਸ਼ਮੀਰ ਦੇ ਕੁਝ ਹਿੱਸਿਆਂ ’ਚ ਮੁੱਖ ਰੂਪ ਨਾਲ ਪ੍ਰਭਾਵ ਪਾਉਣ ਅਤੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ’ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ’ਚ ਐਤਵਾਰ ਰਾਤ ਨੂੰ ਇਕ ਵਾਰ ਫਿਰ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੇਗੀ, ਜਦ ਪਾਰਾ 29 ਨਵੰਬਰ ਨੂੰ ਦਰਜ ਤਾਪਮਾਨ ਨਾਲੋਂ ਵੀ ਜ਼ੀਰੋ ਤੋਂ 2.2 ਡਿਗਰੀ ਸੈਲਸੀਅਸ ਥੱਲੇ ਡਿੱਗ ਜਾਵੇਗਾ।
ਐਤਵਾਰ ਨੂੰ ਕਸ਼ਮੀਰ ਦੇ ਵੱਡੇ ਹਿੱਸੇ ਜਿਵੇਂ ਬੋਲਾਰਡ ਰੋਡ, ਡਲ ਝੀਲ, ਨਿਸ਼ਾਤ, ਸ਼ਾਲੀਮਾਰ ਬਾਗ ਆਦਿ ਧੁੰਦ ਦੀ ਸੰਘਣੀ ਚਾਦਰ ਨਾਲ ਢੱਕੇ ਹੋਏ ਸਨ । ਸਵੇਰ ਵੇਲੇ ਵੀ ਵਾਹਨਾਂ ਨੂੰ ਹੈੱਡ ਲਾਈਟਾਂ ਜਗਾ ਕੇ ਸੜਕਾਂ ’ਤੇ ਚੱਲਣ ਲਈ ਮਜਬੂਰ ਹੋਣਾ ਪਿਆ । ਦੱਖਣੀ ਕਸ਼ਮੀਰ ਦਾ ਪ੍ਰਮੁੱਖ ਸੈਲਾਨੀ ਆਕਰਸ਼ਣ ਪਹਿਲਗਾਮ ਜ਼ੀਰੋ ਤੋਂ 4.6 ਡਿਗਰੀ ਸੈਲਸੀਅਸ ਹੇਠਾਂ ਸਭ ਤੋਂ ਠੰਢਾ ਸਥਾਨ ਰਿਹਾ ।
ਉੱਤਰੀ ਕਸ਼ਮੀਰ ਦੇ ਗੁਲਮਰਗ ਦੇ ਸਕੀ ਰਿਜ਼ੋਰਟ ਵਿੱਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਸ੍ਰੀਨਗਰ-ਜੰਮੂ ਹਾਈਵੇਅ ’ਤੇ ਕਾਜ਼ੀਗੁੰਡ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਬੀਤੀ ਰਾਤ ਇਹ ਤਾਪਮਾਨ ਮਨਫ਼ੀ 5 ਡਿਗਰੀ ਸੈਲਸੀਅਸ ਸੀ ।
ਇਹ 1.8 ਡਿਗਰੀ ਹੇਠਾਂ ਸੀ । ਦੱਖਣੀ ਕਸ਼ਮੀਰ ਦੇ ਕੁਕੇਰਨਾਗ ਵਿੱਚ 0.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ । ਸਰਹੱਦੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ ਮਨਫ਼ੀ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।