ਰਵਿੰਦਰ ਸਿੰਘ ਢੀਂਡਸਾ/ਰੰਜਨਾ ਸ਼ਾਹੀ
ਸ੍ਰੀ ਫ਼ਤਹਿਗੜ੍ਹ ਸਾਹਿਬ/4 ਦਸੰਬਰ : ਸਰਹਿੰਦ-ਰਾਜਪੁਰਾ ਜੀ.ਟੀ. ਰੋਡ ’ਤੇ ਪਰਸੋਂ ਪਲਟੇ ਇੱਕ ਟਰੱਕ ’ਚੋਂ ਸੇਬ ਚੁੱਕ ਕੇ ਲਿਜਾਣ ਦੇ ਚਰਚਿਤ ਮਾਮਲੇ ’ਚ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਅਣਪਛਾਤਿਆਂ ਵਿਰੁੱਧ ਅ/ਧ 379 ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਮਾਮਲੇ ’ਚ ਪੀੜਤ ਕੁਲਜਿੰਦਰ ਸਿੰਘ ਵਾਸੀ ਬਟਾਲਾ ਨੇ ਰੋਂਦਿਆਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਹ ਆਪਣੇ ਟਰੱਕ ’ਚ ਕਸ਼ਮੀਰ ਤੋਂ 1270 ਪੇਟੀਆਂ ਸੇਬ ਦੀਆਂ ਲੱਦ ਕੇ ਆਪਣੇ ਡਰਾਇਵਰ ਸਮੇਤ ਬਿਹਾਰ ਪਹੁੰਚਾਉਣ ਲਈ ਬੀਤੀ 2 ਦਸੰਬਰ ਨੂੰ ਤੜਕੇ ਸਰਹਿੰਦ-ਰਾਜਪੁਰਾ ਜੀਟੀ ਰੋਡ ਤੋਂ ਲੰਘ ਰਿਹਾ ਸੀ ਤਾਂ ਪਿੰਡ ਰਜਿੰਦਰਗੜ੍ਹ ਨੂੰ ਮੁੜਦੇ ਕੱਟ ਕੋਲ ਇੱਕ ਕਾਰ ਸਵਾਰ ਵੱਲੋਂ ਅਚਾਨਕ ਟਰੱਕ ਅੱਗੇ ਬਰੇਕ ਲਗਾ ਦੇਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਸੇਬਾਂ ਦਾ ਭਰਿਆ ਹੋਇਆ ਟਰੱਕ ਪਲਟ ਗਿਆ, ਜਿਸ ਕਾਰਨ ਉਸ ਦੇ ਅਤੇ ਉਸ ਦੇ ਡਰਾਇਵਰ ਦੇ ਸੱਟਾਂ ਲੱਗੀਆਂ, ਜਿਸ ’ਤੇ ਉਹ ਇੱਕ ਆਟੋ ’ਚ ਬੈਠ ਕੇ ਦਵਾਈ ਲੈਣ ਲਈ ਚਲੇ ਗਏ ਤੇ ਉਹ ਜਦੋਂ ਦਵਾਈ ਲੈ ਕੇ ਵਾਪਸ ਲੈ ਪਰਤੇ ਤਾਂ ਪਲਟੇ ਟਰੱਕ ਕੋਲ ਸੇਬ ਚੁੱਕ ਕੇ ਲਿਜਾਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਤੇ ਹੋਰ ਰਾਹਗੀਰਾਂ ਸਮੇਤ ਮਹਿੰਗੀਆਂ-ਮਹਿੰਗੀਆਂ ਕਾਰਾਂ ’ਚ ਸਵਾਰ ਵਿਅਕਤੀ ਵੀ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲਿਜਾ ਰਹੇ ਸਨ ਤੇ ਲੋਕਾਂ ਵੱਲੋਂ ਉਸਦਾ ਲਗਭਗ 90 ਫੀਸਦੀ ਮਾਲ ਚੋਰੀ ਕਰ ਲਿਆ ਗਿਆ । ਜ਼ਿਕਰਯੋਗ ਹੈ ਕਿ ਸੜਕ ਹਾਦਸੇ ਦੇ ਜ਼ਖਮੀਆਂ ਦੀ ਸਹਾਇਤਾ ਕਰਨ ਦੀ ਬਜਾਏ ਲੋਕਾਂ ਵੱਲੋਂ ਹਾਦਸਾਗ੍ਰਸਤ ਟਰੱਕ ’ਚੋਂ ਸੇਬ ਚੁੱਕ ਕੇ ਲੈ ਜਾਣ ਦੀਆਂ ਤਸਵੀਰਾਂ ਵੱਖ-ਵੱਖ ਚੈਨਲਾਂ ਅਤੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਸਨ, ਜਿਸ ’ਤੇ ਦੇਸ਼ ਵਿਦੇਸ਼ ’ਚ ਰਹਿੰਦੇ ਲੋਕਾਂ ਵੱਲੋਂ ਸੇਬ ਚੁੱਕਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਸਨ ਅਤੇ ਪੁਲਿਸ ਦੀ ਵੀ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਆਲੋਚਨਾ ਹੋ ਰਹੀ ਸੀ ।