ਸ੍ਰੀ ਫ਼ਤਹਿਗੜ੍ਹ ਸਾਹਿਬ/ 8 ਦਸੰਬਰ (ਰਵਿੰਦਰ ਸਿੰਘ ਢੀਂਡਸਾ) : ਏਡਜ਼ ਇੱਕ ਘਾਤਕ ਬਿਮਾਰੀ ਹੈ। ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ਵ ਭਰ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ। ਏਡਜ਼ ਸਬੰਧੀ ਜਾਗਰੂਕਤਾ ਫੈਲਾਉਣ ਲਈ ਕਮਿਊਨਿਟੀ ਹੈਲਥ ਨਰਸਿੰਗ ਵਿਭਾਗ, ਸਕੂਲ ਆਫ਼ ਨਰਸਿੰਗ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵੱਲੋਂ ਸਕੂਲ ਆਫ਼ ਨਰਸਿੰਗ ਦੇ ਇੰਚਾਰਜ ਪ੍ਰੋਫੈਸਰ ਲਵਸਮਪੁਰਨਜੋਤ ਕੌਰ ਅਤੇ ਕਮਿਊਨਿਟੀ ਹੈਲਥ ਨਰਸਿੰਗ ਵਿਭਾਗ ਦੇ ਮੁਖੀ ਪ੍ਰੋ. ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਤੋਂ ਪਿੰਡ ਸੌਂਟੀ ਤੱਕ ਰੈਲੀ ਕੱਢੀ ਗਈ। ਰੈਲੀ ਦੀ ਸ਼ੁਰੂਆਤ ਦੇਸ਼ ਭਗਤ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਡਾ: ਜ਼ੋਰਾ ਸਿੰਘ ਨੇ ਝੰਡੀ ਦਿਖਾ ਕੇ ਕੀਤੀ l ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਏਡਜ਼ ਜਾਗਰੂਕਤਾ ਦਾ ਸੰਦੇਸ਼ ਫੈਲਾਉਣ ਲਈ ਨਾਅਰੇਬਾਜ਼ੀ ਕੀਤੀ। ਵਿਸ਼ਵ ਏਡਜ਼ ਦਿਵਸ ਮੌਕੇ ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਬੀਐਸਸੀ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੇ ਰੰਗੋਲੀ ਮੁਕਾਬਲੇ ਜਿੱਤੇ ਜਦਕਿ ਜੀਐਨਐਮ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਜਿੱਤੇ। ਰੈਲੀ ਦੇ ਅੰਤ ਵਿੱਚ ਪ੍ਰੋ. ਪ੍ਰਭਜੋਤ ਸਿੰਘ ਨੇ ਸਮੂਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ।