ਕੂਟਨੀਤਕ ਗੱਲਬਾਤ ਦਾ ਰਾਹ ਹੀ ਇਕੋ-ਇਕ ਰਾਹ:-
ਭਾ ਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਲੰਬਾ ਇਤਹਾਸ ਰੱਖਦੇ ਹਨ ਹਾਲਾਂਕਿ ਸਰਹੱਦ ਬਾਰੇ ਦੋਨਾਂ ਦੇਸ਼ਾਂ ਦੇ ਮੱਤਭੇਦਾਂ ਨੂੰ ਸੁਲਝਾਉਣ ਦੇ ਯਤਨ ਵੀ ਬਹੁਤ ਦੇਰ ਤੋਂ, ਸਗੋਂ ਨਾਲੋਂ ਨਾਲ ਹੀ, ਚਲਦੇ ਆਏ ਹਨ। ਸਰਹੱਦੀ ਝਗੜੇ ਦੋਨਾਂ ਮੁਲਕਾਂ ਦੀ ਆਜ਼ਾਦੀ ਤੋਂ ਪਹਿਲਾਂ ਦੇ ਚੱਲ ਰਹੇ ਹਨ। ਭਾਰਤ ਦੇ ਬਰਤਾਨਵੀ ਹੁਕਮਰਾਨਾਂ ਨੇ ਤਿੱਬਤ ਨਾਲ 1914 ਵਿੱਚ ਸਮਝੌਤਾ ਕਰਕੇ ਮੈਕਮੋਹਨ ਲਾਇਨ ਮਿਥੀ ਸੀ। ਪਰ ਇਸ ਸੀਮਾ ਨੂੰ ਚੀਨ ਪ੍ਰਵਾਨ ਨਹੀਂ ਕਰਦਾ। ਉਸਦਾ ਕਹਿਣਾ ਹੈ ਕਿ ਇਹ ਸਮਝੌਤਾ ਕਰਨ ਵਾਲਾ ਤਿੱਬਤ ਇਕ ਆਜ਼ਾਦ ਤੇ ਖ਼ੁਦਮੁਖਤਿਆਰ ਰਾਜ ਨਹੀਂ ਸੀ। ਅਸਲ ਸਮੱਸਿਆ ਦੀ ਜੜ ਭਾਰਤ ਅਤੇ ਚੀਨ ਦਰਮਿਆਨ ਦੀ ਕੋਈ 34 ਸੌ ਕਿਲੋਮੀਟਰ ਦੀ ਸਰਹੱਦ ਹੈ ਜੋ ਠੀਕ ਠੀਕ ਤਰ੍ਹਾਂ ਨਿਰਧਾਰਿਤ ਨਹੀਂ ਕੀਤੀ ਗਈ ਹੈ। ਪਹਾੜਾਂ, ਦਰਿਆਵਾਂ ਅਤੇ ਝੀਲਾਂ ਵਿਚੋਂ ਦੀ ਲੰਘਦੀ ਇਹ ਸਰਹੱਦ ਕਈ ਥਾਵਾਂ ’ਤੇ ਅਜਿਹੀ ਗੱਡਮੱਡ ਹੁੰਦੀ ਹੈ ਕਿ ਦੋਨਾਂ ਮੁਲਕਾਂ ਦੀਆਂ ਗਸ਼ਤ ਕਰਦੀਆਂ ਫੌਜੀ ਟੁਕੜੀਆਂ ਦਾ ਆਹਮਣਾ-ਸਾਹਮਣਾ ਹੋ ਜਾਂਦਾ ਹੈ। ਇਥੋਂ ਹੀ ਫੌਜੀ ਝੜਪਾਂ ਨਿਕਲਦੀਆਂ ਹਨ। ਫਿਰ ਵੀ ਹਾਲੇ ਤੱਕ ਭਾਰਤ ਅਤੇ ਚੀਨ ਦਰਮਿਆਨ ਇਕੋ ਹੀ ਵੱਡੀ ਲੜਾਈ, 1962 ਦੀ ਲੜਾਈ, ਹੋਈ ਹੈ, ਭਾਵੇਂ ਕਿ ਫੌਜੀ ਝੜਪਾਂ ਹੁੰਦੀਆਂ ’ਚ ਰਹੀਆਂ ਹਨ ਪਰ ਦੋਨੋਂ ਮੁਲਕਾਂ ਦੀਆਂ ਸਰਕਾਰਾਂ ਦੁਆਰਾ ਯਤਨ ਕਰਨ ਨਾਲ ਕਈ ਸੰਭਾਵੀ ਫੌਜੀ ਟਕਰਾਅ ਵਾਪਰਨ ਤੋਂ ਪੂਰੀ ਤਰ੍ਹਾਂ ਰੋਕੇ ਵੀ ਗਏ ਹਨ। ਫੌਜੀ ਟਕਰਾਅ ਵਧਣ ਤੋਂ ਰੋਕਣ ਲਈ ਸਮਝੌਤੇ ਵੀ ਹੋਏ ਹਨ ਅਤੇ ਭਾਰਤ ਤੇ ਚੀਨ ਦੀ ਸਹਿਮਤੀ ਨਾਲ, ਵਿਸ਼ਵਾਸ਼ ਬਹਾਲੀ ਦੇ ਉਪਾਅ (ਸੀਬੀਐਮ) ਰਾਹੀਂ, ਸਾਂਝੇ ਵਰਕਿੰਗ ਗਰੁੱਪ (ਜੇਡਬਲਯੂਜੀ) ਜਿਹੀ ਵਿਵਸਥਾ ਰਾਹੀਂ ਮਸਲੇ ਅਤੇ ਕੋਰ ਕਮਾਂਡਰਾਂ ਦੀ ਗੱਲਬਾਤ ਰਾਹੀਂ ਹੱਲ ਕਰਨ ਵੱਲ ਵਧਿਆ ਵੀ ਜਾਂਦਾ ਰਿਹਾ ਹੈ।
ਪਰ ਗਲਵਾਨ ਵਾਦੀ ਦੀ ਜੂਨ 2020 ਦੀ ਫੌਜੀ ਝੜਪ, ਜਿਸ ਵਿੱਚ ਦੋਨਾਂ ਮੁਲਕਾਂ ਦੇ ਦਰਜਨਾਂ ਫੌਜੀ ਮਾਰੇ ਗਏ ਸਨ, ਇਕ ਵੱਡੀ ਫੌਜੀ ਝੜਪ ਸੀ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ 1975 ਤੋਂ ਬਾਅਦ ਦੀ ਇਹ ਸਭ ਤੋਂ ਖ਼ਤਰਨਾਕ ਫੌਜੀ ਝੜਪ ਸੀ। ਇਸ ਝੜਪ ’ਚ ਲਾਠੀਆਂ ਤੇ ਡੰਡਿਆਂ ਆਦਿ ਦੀ ਵਰਤੋਂ ਕੀਤੀ ਗਈ ਸੀ ਕਿਉਂਕਿ 1996 ਦੀ ਸੰਧੀ ’ਚ ਬੰਦੂਖ ਦੀ ਵਰਤੋਂ ਉੱਤੇ ਪਾਬੰਦੀ ਲੱਗ ਗਈ ਸੀ। ਚੀਨ ਤਾਂ ਭਾਰਤ ਨਾਲ ਲਗਦੀ ਸੀਮਾ ’ਤੇ ਆਪਣੇ ਪਾਸੇ ਬਹੁਤ ਦੇਰ ਤੋਂ ਸੜਕਾਂ ਤੇ ਰੇਲ ਪਟੜੀਆਂ ਆਦਿ ਦਾ ਨਿਰਮਾਣ ਕਰਦਾ ਰਿਹਾ ਹੈ। ਅਕਸਾਈ ਚਿੰਨ ’ਚ ਬੁਨਿਆਦੀ ਢਾਂਚੇ ਦੇ ਚੀਨ ਦੁਆਰਾ ਪਿਛਲੀ ਸਦੀ ਦੇ ਪੰਜਾਹਵਿਆਂ ’ਚ ਕੀਤੇ ਵਿਕਾਸ ਦਾ ਭਾਰਤ ਨੂੰ ਕਈ ਸਾਲਾਂ ਬਾਅਦ ਪਤਾ ਚੱਲਿਆ ਸੀ। ਪਰ ਹੁਣ ਭਾਰਤ ਵੀ ਸਰਹੱਦ ਦੇ ਆਪਣੇ ਪਾਸੇ, ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਿਹਾ ਹੈ। ਇਸ ਨਾਲ ਚੀਨ ਨਾਲ ਲਗਦੀ ਸਰਹੱਦ ’ਤੇ ਫੌਜੀ ਸਾਮਾਨ ਤੇਜ਼ੀ ਨਾਲ ਪਹੁੰਚਾਇਆ ਜਾ ਸਕੇਗਾ। ਜ਼ਾਹਿਰ ਹੈ ਕਿ ਇਸ ਨਾਲ ਫੌਜੀ ਟਕਰਾਅ ਵਧੇਰੇ ਘਾਤਕ ਬਣਨ ਦਾ ਰਾਹ ਵੀ ਖੁੱਲ ਜਾਂਦਾ ਹੈ। ਬੇਸ਼ੱਕ ਭਾਰਤ ਅਤੇ ਚੀਨ ਦਰਮਿਆਨ ਸਰਹੱਦ ਸਬੰਧੀ ਸਵਾਲਾਂ ਤੇ ਮਸਲਿਆਂ ਬਾਰੇ ਗੰਭੀਰ ਚਿੰਤਾਵਾਂ ਤੇ ਤਣਾਓ ਦੇਰ ਤੋਂ ਹੋਂਦ ਰੱਖਦੇ ਹਨ ਪਰ ਇਨ੍ਹਾਂ ਚਿੰਤਾਵਾਂ ਤੇ ਤਣਾਓ ਨੂੰ ਕੂਟਨੀਤਕ ਢੰਗ ਨਾਲ ਮਿਟਾਉਣ ਦੇ ਯਤਨਾਂ ਦਾ ਵੀ ਲੰਬਾ ਇਤਹਾਸ ਹੈ।
ਇਸ ਉਸਾਰੂ ਪੱਖ ’ਤੇ ਅੰਤਿਮ ਹਲ ਹੋਣ ਤਕ ਜ਼ੋਰ ਦਿੰਦੇ ਰਹਿਣ ਦੀ ਲੋੜ ਹਮੇਸ਼ਾ ਬਣੀ ਰਹੇਗੀ। ਪਿਛਲੇ ਦਿਨੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ, ਭਾਰਤ ਨਾਲ ਦੁਵੱਲੇ ਸਬੰਧਾਂ ਦੇ ‘ਮਜ਼ਬੂਤ ਤੇ ਟਿਕਾਊ ਵਿਕਾਸ’ ਲਈ ਕੰਮ ਕਰਨ ਲਈ ਤਿਆਰ ਹੈ। ਵਾਂਗ ਯੀ ਨੇ ਨਾਲ ਹੀ ਕਿਹਾ ਕਿ ਦੋਨੋਂ ਦੇਸ਼ ਸਰਹੱਦ ਦੇ ਉਨ੍ਹਾਂ ਇਲਾਕਿਆਂ ’ਚ, ਜਿਥੇ 2020 ਤੋਂ ਤਣਾਅ ਪਾਇਆ ਜਾ ਰਿਹਾ ਹੈ, ਸਥਿਰਤਾ ਬਣਾਈ ਰੱਖਣ ਲਈ ਪ੍ਰਤੀਬੱਧ ਹਨ। ਚੀਨ ਦੇ ਵਿਦੇਸ਼ ਮੰਤਰੀ ਦੇ ਇਸ ਬਿਆਨ ’ਤੇ ਕਈ ਭਾਰਤੀ ਮਾਹਰਾਂ ਨੇ ਸੰਦੇਹ ਜਤਾਇਆ ਹੈ। ਕਿਹਾ ਹੈ ਕਿ ਚੀਨ ’ਤੇ ਵਿਸ਼ਵਾਸ਼ ਨਹੀਂ ਕੀਤਾ ਜਾਣਾ ਚਾਹੀਦਾ। ਅਸਲ ’ਚ ਇਹ ਭਾਰਤ ਸਰਕਾਰ ਦਾ ਦੇਸ਼ ’ਚ ਜੰਗਜੂ ਮਾਹੌਲ ਬਣਾਈ ਰੱਖਣ ਦਾ ਹੀ ਪ੍ਰਗਟਾਵਾ ਹੈ। ਇਹ ਸਮਝਣ ਦੀ ਲੋੜ ਹੈ ਕਿ ਜੰਗ ਕਿਸੇ ਮਸਲੇ ਦਾ ਦਾਇਮੀ ਹੱਲ ਨਹੀਂ ਹੈ। ਮੁਲਕਾਂ ਦਰਮਿਆਨ ਵਿਵਾਦ ਤੇ ਮਸਲੇ ਕੂਟਨੀਤਕ ਢੰਗ-ਤਰੀਕਿਆਂ ਨਾਲ ਹੀ ਹੱਲ ਕੀਤੇ ਜਾਂਦੇ ਹਨ। ਸਾਫ਼ ਹੈ ਕਿ ਭਾਰਤ ਦੀ ਸਰਕਾਰ ਵੀ ਇਸੇ ਰਾਹ ’ਤੇ ਚੱਲ ਕੇ ਚੀਨ ਨਾਲ ਵਿਵਾਦ ਖ਼ਤਮ ਕਰ ਸਕੇਗੀ।