ਉਂਝ ਤਾਂ ਸਮੁੱਚਾ ਦੇਸ਼ ਇਸ ਸਮੇਂ ਪ੍ਰਦੂਸ਼ਣ ਦੀ ਮਾਰ ਸਹਿ ਰਿਹਾ ਹੈ ਪਰ ਉਦਯੋਗਿਕ ਖੇਤਰਾਂ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚ ਹਾਲਾਤ ਬੇਹੱਦ ਖਤਰਨਾਕ ਹਨ । ਇੱਥੋਂ ਦੇ ਲੋਕ ਇਸ ਪ੍ਰਦੂਸ਼ਣ ਕਾਰਨ ਤਿਲ-ਤਿਲ ਮਰ ਰਹੇ ਹਨ ।
ਹਾਲਾਤ ਇਹ ਹਨ ਕਿ ਉਹ ਨਾ ਤਾਂ ਖੁੱਲ੍ਹ ਕੇ ਇਸ ਪ੍ਰਦੂਸ਼ਣ ਖ਼ਿਲਾਫ਼ ਬੋਲ ਸਕਦੇ ਹਨ ਤੇ ਨਾ ਹੀ ਚੁੱਪ ਰਹਿ ਕੇ ਉਨ੍ਹਾਂ ਦਾ ਕੰਮ ਚੱਲਦਾ ਹੈ । ਇਸੇ ਤਰ੍ਹਾਂ ਦਾ ਇੱਕ ਖੇਤਰ ਡੇਰਾਬੱਸੀ ਹਲਕਾ ਹੈ । 1990 ਤੋਂ ਇਸ ਖੇਤਰ ਵਿੱਚ ਉਦਯੋਗੀਕਰਣ ਸ਼ੁਰੂ ਹੋਇਆ ਸੀ ਤੇ ਉਸ ਦਿਨ ਤੋਂ ਹੀ ਇਲਾਕੇ ਦੀ ਆਬੋ-ਹਵਾ ਖਰਾਬ ਹੋ ਗਈ ਸੀ।
ਇਨ੍ਹਾਂ ਉਦਯੋਗਾਂ ਵਿਚਲੇ ਗੰਦੇ ਪਾਣੀ ਕਾਰਨ ਇਸ ਸਮੇਂ ਇਲਾਕੇ ਵਿੱਚ ਚੱਲਦੇ ਇੱਕ ਵੱਡੇ ਦਰਿਆ ਘੱਗਰ ਤੇ ਛੋਟੀ ਨਦੀ ਝਰਮਲ ਦਾ ਪਾਣੀ ਦਾਰੂ ਦੀ ਬੋਤਲ ਵਰਗਾ ਪ੍ਰਭਾਵ ਦੇ ਰਿਹਾ ਹੈ । ਇਸ ਦਰਿਆ ਤੇ ਨਦੀ ਦਾ ਪਾਣੀ ਇਸ ਕਦਰ ਪ੍ਰਦੂਸ਼ਿਤ ਹੋ ਚੁੱਕਿਆ ਹੈ ਕਿ ਜੇ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਦੂਰ-ਦੂਰ ਤੱਕ ਇਸ ਪ੍ਰਦੂਸ਼ਣ ਦਾ ਅਸਰ ਨਜ਼ਰ ਆਉਣਾ ਸੁਭਾਵਿਕ ਹੈ । ਇਸ ਦੇ ਨਾਲ ਹੀ ਉਦਯੋਗਾਂ ਕਾਰਨ ਲੋਕਾਂ ਨੇ ਆਪਣੇ ਰਵਾਇਤੀ ਸਾਧਨਾਂ ਦਾ ਪਾਣੀ ਵਰਤਣਾ ਹੀ ਛੱਡ ਦਿੱਤਾ ਹੈ । ਹਲਕੇ ਵਿੱਚ ਨਲਕਿਆਂ ਤੇ ਛੋਟੇ ਸਬਮਰਸੀਬਲ ਨਾਮ ਦੇ ਹੀ ਰਹਿ ਗਏ ਹਨ ।
ਹਲਕੇ ਦੇ ਇੱਕ ਇਲਾਕੇ ਪੰਜਗਰਾਮੀ ਵਿੱਚ ਤਾਂ ਸਿਰਫ ਵੱਡੇ ਤੇ ਡੂੰਘੇ ਟਿਊਬਵਲਾਂ ਦਾ ਪਾਣੀ ਵਰਤਿਆ ਜਾ ਰਿਹਾ ਹੈ। ਇਸੇ ਤਰ੍ਹਾਂ ਇਨ੍ਹਾਂ ਉਦਯੋਗਾਂ ਵਿਚੋਂ ਨਿਕਲਦੀ ਸੁਆਹ ਨੇ ਤਾਂ ਲੋਕਾਂ ਦਾ ਜਿਊਣਾ ਹੀ ਮੁਹਾਲ ਕੀਤਾ ਹੋਇਆ ਹੈ। ਇਹ ਸੁਆਹ ਥੋੜ੍ਹੇ ਸਮੇਂ ਦੇ ਨੁਕਸਾਨ ਦੇ ਨਾਲ-ਨਾਲ ਲੰਮੇ ਸਮੇਂ ਦੀਆਂ ਬਿਮਾਰੀਆਂ ਨੂੰ ਵੀ ਬੜਾਵਾ ਦੇ ਰਹੀ ਹੈ। ਅਸਲ ਵਿੱਚ ਉਦਯੋਗਾਂ ਵਿਚੋਂ ਨਿਕਲਦੀ ਸੁਆਹ ਕਾਰਨ ਜਿੱਥੇ ਲੋਕਾਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਹਨ, ਉੱਥੇ ਹੀ ਉਹ ਸਾਹ-ਦਮੇ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਦਯੋਗ ਆਮ ਲੋਕਾਂ ਦੀ ਸਿਹਤ ਪ੍ਰਤੀ ਬੇਕਿਰਕ ਹਨ। ਹਲਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਧਿਰਾਂ ਆਪਣਾ ਭੂਮਿਕਾ ਨਿਭਾਉਣ।
-ਚੰਦਰਪਾਲਅੱਤਰੀ