ਪ੍ਰੋ. ਕੁਲਬੀਰ ਸਿੰਘ :-
ਫੁੱ ਟਬਾਲ ਵਿਸ਼ਵ ਕੱਪ ਜਿਵੇਂ ਜਿਵੇਂ ਸਮਾਪਤੀ ਵੱਲ ਵਧ ਰਿਹਾ ਸੀ ਤਿਵੇਂ ਤਿਵੇਂ ਗੋਲਡਨ ਬੂਟ, ਗੋਲਡਨ ਬਾਲ ਅਤੇ ਗੋਲਡਨ ਗਲੱਵ ਦੀ ਮੀਡੀਆ ਵਿਚ ਚਰਚਾ ਵੱਧਦੀ ਜਾ ਰਹੀ ਸੀ। ਚਰਚਾ ਇਸ ਲਈ ਵੱਧਦੀ ਜਾ ਰਹੀ ਸੀ ਕਿਉਂਕਿ ਮੁਕਾਬਲਾ ਬੜਾ ਸਖ਼ਤ ਸੀ। ਕੁਝ ਪਲੇਅਰ ਬਰਾਬਰ ਚੱਲ ਰਹੇ ਸਨ ਅਤੇ ਕੁਝ ਦਾ ਭੋਰਾ ਕੁ ਅੰਤਰ ਸੀ। ਬਹੁਤਾ ਕੁਝ ਫਾਈਨਲ ਮੈਚ ਨਾਲ ਬੱਝਾ ਹੋਇਆ ਸੀ। ਕੌਣ ਕਿੰਨੇ ਗੋਲ ਕਰਦਾ ਹੈ। ਗੋਲਡਨ ਬੂਟ ਲਈ ਪੰਜ-ਪੰਜ ਗੋਲ ਕਰਕੇ ਕਾਇਲੀਅਨ ਐਮਬਾਪੇ ਅਤੇ ਲਿਓਨ ਮੈਸੀ ਸਭ ਤੋਂ ਅੱਗੇ ਸਨ ਪਰ ਬਰਾਬਰ ਸਨ।
ਕਿਸੇ ਮੁਕਾਬਲੇ, ਕਿਸੇ ਈਵੈਂਟ, ਕਿਸੇ ਟੂਰਨਾਮੈਂਟ ਨੂੰ ਦਿਲਚਸਪ ਬਨਾਉਣ ਲਈ ਸਮੇਂ-ਸਮੇਂ ਉਸ ਵਿਚ ਤਰ੍ਹਾਂ-ਤਰ੍ਹਾਂ ਦੇ ਬਦਲਾਅ ਕੀਤੇ ਜਾਂਦੇ ਹਨ। ਫੀਫਾ ਨੇ ਗੋਲਡਨ ਬੂਟ ਦੇਣ ਦੀ ਸ਼ੁਰੂਆਤ 1982 ਵਿਚ ਕੀਤੀ ਸੀ। ਜਿਹੜਾ ਖਿਡਾਰੀ ਸੱਭ ਤੋਂ ਵੱਧ ਗੋਲ ਕਰਦਾ ਹੈ ਉਸਨੂੰ ਇਹ ਐਵਾਰਡ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ ਬਿਹਤਰੀਨ ਖਿਡਾਰੀ ਨੂੰ ਗੋਲਡਨ ਬਾਲ ਦੇ ਕੇ ਉਸਦੀ ਸ਼ਾਨਦਾਰ ਖੇਡ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਦਾਅਵੇਦਾਰ ਲਿਓਨ ਮੈਸੀ, ਕਾਇਲੀਅਨ ਐਮਬਾਪੇ, ਏਂਟੋਈਨ ਗ੍ਰੀਜ਼ਮੈਨ, ਲੁਕਾ ਮੋਡਿ੍ਰਕ ਅਤੇ ਅਸ਼ਰਫ ਹਕੀਮੀ ਸਨ ਪਰੰਤੂ ਮੈਸੀ ਦੀ ਫਾਈਨਲ ਮੈਚ ਦੌਰਾਨ ਬਿਹਤਰੀਨ ਖੇਡ ਨੂੰ ਵੇਖਦੇ ਹੋਏ ਇਹ ਐਵਾਰਡ ਉਸਨੂੰ ਦਿੱਤਾ ਗਿਆ। ਗੋਲਡਨ ਬੂਟ ਲਈ ਉਸਤੋਂ ਬਿਹਤਰ ਚੋਣ ਹੋਰ ਕੋਈ ਹੋ ਹੀ ਨਹੀਂ ਸੀ ਸਕਦੀ। ਇਸੇ ਤਰ੍ਹਾਂ ਕਾਇਲੀਅਨ ਐਮਬਾਪੇ ਨੇ ਫਾਈਨਲ ਦੌਰਾਨ ਜਿਵੇਂ ਹਮਲਾਵਰ ਤੇ ਉਚ-ਮਿਆਰੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੋਲਾਂ ਤੇ ਧਾਵਾ ਬੋਲਿਆ। ਉਸਦੇ ਮੱਦੇ-ਨਜ਼ਰ ਗੋਲਡਨ ਬੂਟ ਲਈ ਇਕੋ ਇਕ ਚੋਣ ਐਮਬਾਪੇ ਹੀ ਸੀ। ਫੁੱਟਬਾਲ ਵਿਸ਼ਵ ਕੱਪ ਦੌਰਾਨ ਦੁਨੀਆਂ ਦੇ ਸਰਵੋਤਮ ਗੋਲਕੀਪਰ ਨੂੰ ਗੋਲਡਨ ਗਲੱਵ ਦੇਣ ਦੀ ਪਿਰਤ ਹੈ। ਗੋਲਕੀਪਰ ਤੇ ਜਿੱਤ ਹਾਰ ਨਿਰਭਰ ਕਰਦੀ ਹੈ। ਉਸਦਾ ਹੁਨਰ, ਉਸਦੀ ਮਜ਼ਬੂਤੀ ਛਿਣਾਂ ਵਿਚ ਪਾਸਾ ਪਲਟ ਸਕਦੀ ਹੈ। ਟੂਰਨਾਮੈਂਟ ਦੇ ਬਿਹਤਰੀਨ ਖਿਡਾਰੀਆਂ ਦੇ ਨਾਲ ਨਾਲ ਗੋਲਕੀਪਰਾਂ ਤੇ ਵੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੁੰਦੀਆਂ ਹਨ। ਫੁੱਟਬਾਲ ਵਿਸ਼ਵ ਕੱਪ ਦਾ ਇਤਿਹਾਸ ਗੋਲਕੀਪਰਾਂ ਦੀ ਬਿਹਤਰੀਨ ਕਾਰਗੁਜ਼ਾਰੀ ਨਾਲ ਭਰਿਆ ਪਿਆ ਹੈ। ਕਤਰ ਵਿਚ ਵੀ ਕਈ ਗੋਲਕੀਪਰਾਂ ਨੇ ਫੁੱਟਬਾਲ ਪ੍ਰੇਮੀਆਂ ਦਾ ਮਨ ਮੋਹ ਲਿਆ। ਕ੍ਰੋਏਸ਼ੀਆ ਦੇ ਡੋਮਿਨਿਕ ਲਿਵਾਕੋਵਿਕ, ਮੋਰੋਕੋ ਦੇ ਯਾਸਿਨ ਬੋਨੂ, ਅਰਜਨਟੀਨਾ ਦੇ ਐਮੀ ਮਾਰਟੀਨੇਜ ਅਤੇ ਫਰਾਂਸ ਦੇ ਹੁਗੋ ਲੋਰਿਸ ਨੇ ਕਈ ਨਾਜ਼ੁਕ ਮੌਕਿਆਂ ਤੇ ਗੋਲ ਰੋਕ ਕੇ ਆਪਣੀਆਂ ਟੀਮਾਂ ਨੂੰ ਜਿੱਤ ਵੱਲ ਵਧਾਇਆ। ਪਰੰਤੂ ਫਾਈਨਲ ਮੈਚ ਦੌਰਾਨ ਅਰਜਨਟੀਨਾ ਦੇ ਗੋਲਕੀਪਰ ਐਮੀ ਮਾਰਟੀਨੇਜ ਨੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਗੋਲਡਨ ਗਲੱਵ ਆਪਣੇ ਨਾਂ ਕਰ ਲਿਆ। ਫਰਾਂਸ ਨਾਲ ਫਾਈਨਲ ਮੈਚ ਦੌਰਾਨ ਉਸ ਨੇ ਪੈਨਲਟੀ ਸ਼ੂਟਆਊਟ ਦੌਰਾਨ ਕੋਮੈਨ ਦੇ ਸ਼ਾਟ ਨੂੰ ਰੋਕ ਕੇ ਆਪਣੀ ਟੀਮ ਨੂੰ ਜਿੱਤ ਦਵਾਈ।
ਗੋਲਡਨ ਬੂਟ, ਗੋਲਡਨ ਬਾਲ ਅਤੇ ਗੋਲਡਨ ਗਲੱਵ ਫੁੱਟਬਾਲ ਵਿਸ਼ਵ ਕੱਪ ਦੇ ਆਕਰਸ਼ਨ ਹਨ। ਟਰਾਫ਼ੀ ਇਸ ਟੂਰਨਾਮੈਂਟ ਦੀ ਜਿੰਦਜਾਨ ਹੈ ਪਰੰਤੂ ਖੇਡ ਮਹਾਰਿਤ ਤੇ ਕਲਾਤਮਕ ਖੇਡ ਇਸਦੀ ਰੂਹ ਹੈ। ਕਤਰ ਅਤੇ ਖਾੜੀ ਦੇਸ਼ਾਂ ਨੇ ਰਲ ਕੇ ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਤੇ 30 ਹਜ਼ਾਰ ਕਰੋੜ (300 ਅਰਬ) ਅਮਰੀਕੀ ਡਾਲਰ ਖਰਚ ਕੀਤੇ।
ਜੇਤੂ ਅਰਜਨਟੀਨਾ ਦੀ ਟੀਮ ਨੂੰ 347 ਕਰੋੜ ਰੁਪਏ, ਦੂਸਰੇ ਨੰਬਰ ਤੇ ਆਈ ਫਰਾਂਸ ਦੀ ਟੀਮ ਨੂੰ 248 ਕਰੋੜ, ਤੀਸਰੇ ਅਤੇ ਚੌਥੇ ਸਥਾਨ ਤੇ ਰਹੀਆਂ ਟੀਮਾਂ ਨੂੰ ਕਰਮਵਾਰ 223 ਅਤੇ 206 ਕਰੋੜ ਰੁਪਏ ਦਿੱਤੇ ਗਏ। ਕਵਾਟਰ ਫਾਈਨਲ ਵਿਚ ਜਗ੍ਹਾ ਬਨਾਉਣ ਵਾਲੀਆਂ ਚਾਰ ਟੀਮਾਂ ਨੂੰ 140 ਕਰੋੜ, ਆਖ਼ਰੀ 16 ਵਿਚੋਂ ਹਾਰ ਕੇ ਬਾਹਰ ਹੋਈਆਂ ਟੀਮਾਂ ਨੂੰ 107 ਕਰੋੜ ਮਿਲੇ, ਗਰੁੱਪ ਸਟੇਜ ਤੇ ਹੀ ਹਾਰ ਕੇ ਬਾਹਰ ਹੋਈਆਂ ਟੀਮਾਂ ਨੂੰ ਕੁਲ 75 ਕਰੋੜ ਦਿੱਤੇ ਗਏ।
ਇੰਝ ਕੋਈ ਵੀ ਟੀਮ ਖਾਲੀ ਹੱਥ ਘਰ ਵਾਪਿਸ ਨਹੀਂ ਗਈ। ਫੀਫਾ ਦੀ ਕੁਲ ਇਨਾਮੀ ਰਕਮ 3640 ਕਰੋੜ ਰੁਪਏ ਬਣਦੀ ਹੈ। ਫੀਫਾ ਵਿਸ਼ਵ ਕੱਪ ਟਰਾਫ਼ੀ ਬਾਰੇ ਜਾਣ ਕੇ ਵੀ ਦੁਨੀਆਂ ਹੈਰਾਨ ਰਹਿ ਜਾਂਦੀ ਹੈ। ਇਸਦਾ ਵਜ਼ਨ 6.175 ਕਿਲੋਗ੍ਰਾਮ ਹੁੰਦਾ ਹੈ। ਇਸਨੂੰ ਬਨਾਉਣ ਲਈ 18 ਕੈਰੇਟ ਸੋਨਾ ਵਰਤਿਆ ਜਾਂਦਾ ਹੈ। ਇਹ ਅੰਦਰੋਂ ਖਾਲੀ ਹੁੰਦੀ ਹੈ। ਇਸਦੀ ਕੀਮਤ 144 ਕਰੋੜ ਰੁਪਏ ਦੇ ਕਰੀਬ ਹੈ।
ਪਰੰਤੂ ਜੇਤੂ ਟੀਮ ਨੂੰ ਇਹ ਅਸਲੀ ਟਰਾਫ਼ੀ ਨਹੀਂ ਦਿੱਤੀ ਜਾਂਦੀ। ਅਸਲੀ ਟਰਾਫ਼ੀ ਜਿਊਰਿਖ਼ ਵਾਲੇ ਮੁਖ ਦਫ਼ਤਰ ਵਿਚ ਰੱਖ ਦਿੰਦੇ ਹਨ। ਜੇਤੂ ਟੀਮ ਤੋਂ ਉਹ ਵਾਪਿਸ ਲੈ ਕੇ ਉਸਦੀ ਥਾਂ ਡੁਪਲੀਕੇਟ ਦਿੱਤੀ ਜਾਂਦੀ ਹੈ। ਜਿਹੜੀ ਪਿੱਤਲ ਦੀ ਬਣੀ ਹੁੰਦੀ ਹੈ ਅਤੇ ਉਸਤੇ ਸੋਨੇ ਦੀ ਪਰਤ ਚੜ੍ਹਾਈ ਹੁੰਦੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੋਲਡਨ ਬੂਟ, ਗੋਲਡਨ ਬਾਲ, ਗੋਲਡਨ ਗਲੱਵ ਅਤੇ ਟਰਾਫ਼ੀ ਦੀ ਮੀਡੀਆ ਵਿਚ ਖ਼ੂਬ ਚਰਚਾ ਹੋਈ।
- ਮੋ : 9417153513