ਜਸਵੀਰ ਸਰਮਾਂ ਦੱਦਾਹੂਰ :-
ਬ ਹੁਤ ਵੱਡੇ ਬਦਲਾਅ ਦੇ ਸਲੋਗਨ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਇਤਹਾਸਕ ਜਿੱਤ ਹਾਸਲ ਕਰਕੇ ਸਤਾ ਵਿੱਚ ਆਈ ਸੀ, ਆਮ ਕਹਾਵਤ ਹੈ ਕਿ ਜਦੋਂ ਲੋਹਾ ਗਰਮ ਹੋਵੇ ਤੇ ਮੌਕੇ ਮੁਤਾਬਕ ਸੱਟ ਵੱਜੇ ਤਾਂ ਹੀ ਸਹੀ ਅਰਥਾਂ ਚ ਸਹੀ ਟਿਕਾਣੇ ਤੇ ਸੱਟ ਲੱਗ ਕੇ ਓਹਦਾ ਕੋਈ ਔਜਾਰ ਬਣਾਇਆ ਜਾ ਸਕਦਾ ਹੈ, ਬਿਲਕੁਲ ਇਸੇ ਤਰਜ ਤੇ ਹੀ ਆਮ ਜਨਤਾ ਦੀ ਧਾਰਨਾ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਨੇ ਸਮੇਂ ਮੁਤਾਬਿਕ ਇਹ ਸਲੋਗਨ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਪੜ੍ਹ ਕੇ ਹੀ ਬਹੁਤ ਵੱਡਾ ਜਿੱਤ ਦਾ ਝੰਡਾ ਗੱਡਿਆ ਸੀ,ਲੋਕ ਬਹੁਤ ਜਿਆਦਾ ਅੱਕੇ ਹੋਏ ਸਨ ਇਸੇ ਕਰਕੇ ਹੀ ਉਪਰੋਕਤ ਉਦਾਹਰਣ ਵਾਂਗ ਇਸ ਕਾਰਜ ਨੂੰ ਅੰਜਾਮ ਦੇਣ ਲਈ ਕੀਤੀ ਕੋਸਿਸ ਸਾਰਥਿਕ ਹੋਈ ਸੀ ਆਮ ਆਦਮੀ ਪਾਰਟੀ ਦੀ।
ਪਰ ਦੋਸਤੋ ਬਹੁਤ ਔਖਾ ਹੁੰਦਾ ਹੈ ਓਸ ਕਲਮ ਨੂੰ ਸਮੇਂ ਅਨੁਸਾਰ ਸਚਾਈ ਲਿਖਣੀ, ਜਿਹੜੀ ਕਲਮ ਨੇ ਪਹਿਲਾਂ ਇਸੇ ਸਰਕਾਰ ਦੇ ਸੋਹਲੇ ਗਾਏ ਹੋਣ ਤੇ ਹੁਣ ਜੋ ਕੁੱਝ ਹੋ ਰਿਹਾ ਹੈ ਓਹ ਵੀ ਲੋਕਾਂ ਨੂੰ ਤਾਂ ਭਾਵੇਂ ਭੁੱਲਿਆ ਨਹੀਂ, ਪਰ ਇੱਕ ਲੇਖਕ ਦਾ ਫਰਜ ਵੀ ਬਣਦਾ ਹੈ ਕਿ ਸਚਾਈ ਸਾਹਮਣੇ ਲਿਆਂਦੀ ਜਾਵੇ, ਬੇਸੱਕ ਲੋਕ ਇਹ ਗੱਲਾਂ ਬਾਖੂਬੀ ਜਾਣਦੇ ਵੀ ਹੁੰਦੇ ਨੇ, ਤੇ ਸਾਰੀਆਂ ਗੱਲਾਂ ਬਾਤਾਂ ਦਾ ਓਨਾਂ ਨੂੰ ਪਤਾ ਵੀ ਹੁੰਦਾ ਹੈ ਕਿਉਂਕਿ ਅੱਜਕਲ੍ਹ ਇੰਟਰਨੈੱਟ ਦਾ ਕਮਾਲ ਹੈ ਕਿ ਜੋ ਗੱਲਬਾਤ ਅਗਲੇ ਦਿਨ ਹੋਣੀ ਹੋਵੇ ਉਸ ਦਾ ਵੀ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ, ਪਰ ਜੇ ਲੋਕਾਂ ਦੇ ਸਾਰੇ ਚਾਅ ਮਿੱਟੀ ਵਿੱਚ ਮਿਲ ਗਏ ਵੀ ਕਹਿ ਲਈਏ ਤਾਂ ਕੁੱਝ ਵੀ ਅਤਿਕਥਨੀ ਨਹੀਂ ਹੋਵੇਗੀ।ਬਹੁਤੇ ਐਸੇ ਕਾਰਜ ਗਿਣਾਉਣ ਦੀ ਲੋੜ ਨਹੀਂ ਹੈ ਜਿਨ੍ਹਾਂ ਤੋਂ ਆਮ ਪਬਲਿਕ ਨੂੰ ਮਾਯੂਸੀ ਹੋ ਰਹੀ ਹੈ। ਜੋ ਕੁੱਝ ਥੋੜ੍ਹੇ ਬਹੁਤੇ ਚੰਗੇ ਕੰਮ ਵੀ ਸਰਕਾਰ ਕਰ ਰਹੀ ਹੈ ਉਸ ਤੋਂ ਵੀ ਲੋਕ ਭਲੀਭਾਂਤ ਜਾਣੂ ਹਨ,ਪਰ ਓਹ ਗਿਣਤੀ ਵਿੱਚ ਥੋੜ੍ਹੇ ਨੇ ,ਤੇ ਜੋ ਭਾਵਨਾਵਾਂ ਨੂੰ ਠੇਸ ਪਚਾਉਣ ਵਾਲੇ ਹਨ ਓਹ ਜਿਆਦਾ ਨੇ, ਇਸੇ ਕਰਕੇ ਚੰਗੇ ਕੰਮ ਅਧੂਰਿਆਂ ਕੰਮਾਂ ਹੇਠ ਦਬ ਜਾਂਦੇ ਹਨ। ਸੱਭ ਤੋਂ ਵੱਡੀ ਮਾਯੂਸੀ ਲੋਕਾਂ ਨੂੰ ਨਸ਼ਿਆਂ ਵੱਲੋਂ ਹੋਈ ਹੈ, ਸਰੇਆਮ ਗੋਲੀਆਂ ਬਜਾਰਾਂ ਪਿੰਡਾਂ ਵਿੱਚ ਵਿਕ ਰਹੇ ਨੇ ਜਵਾਨੀ ਤਬਾਹ ਹੋ ਰਹੀ ਹੈ ਘਰਾਂ ਵਿੱਚ ਸੱਥਰ ਵਿਛ ਰਹੇ ਨੇ,ਪਰ ਸਰਕਾਰ ਵੱਲੋਂ ਕੋਈ ਵੀ ਕਦਮ ਇਨ੍ਹਾਂ ਪ੍ਰਤੀ ਨਹੀਂ ਚੱਕਿਆ ਜਾ ਰਿਹਾ, ਜਦੋਂ ਕਿ ਸੱਭ ਤੋਂ ਵੱਡਾ ਦਾਅਵਾ ਨਸ਼ਿਆਂ ਦੀ ਰੋਕਥਾਮ ਦਾ ਹੀ ਮਾਨ ਸਰਕਾਰ ਨੇ ਕੀਤਾ ਸੀ। ਜੇਕਰ ਸਰਕਾਰ ਉਲਝੀ ਤਾਣੀ ਨੂੰ ਸੁਲਝਾਉਣ ਲਈ ਸਮਾਂ ਮੰਗਦੀ ਹੈ ਤਾਂ ਓਹ ਵੀ ਕਿਸੇ ਹੱਦ ਤੱਕ ਬਿਲਕੁਲ ਜਾਇਜ ਹੈ ਕਿ ਸੱਤਰ ਪਝੰਤਰ ਸਾਲਾਂ ਦੀ ਉਲਝੀ ਤਾਣੀ ਨੂੰ ਸੁਲਝਾਉਣ ਲਈ ਸਮਾਂ ਚਾਹੀਦਾ ਹੈ,ਪਰ ਲੋਕਾਂ ਦਾ ਸਬਰ ਟੁੱਟਦਾ ਜਾ ਰਿਹਾ ਹੈ, ਗੈਂਗ ਵਾਰ ਦਾ ਬੋਲਬਾਲਾ ਹੈ, ਥਾਂ ਥਾਂ ਧਰਨੇ ਮੁਜਾਹਰਿਆਂ ਹੜਤਾਲਾਂ ਨੇ ਲੋਕਾਂ ਦੇ ਨੱਕ ਚ ਦਮ ਕੀਤਾ ਹੋਇਆ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੇ ਗੁਰੂਆਂ ਦੇ ਵਾਕ ਨੂੰ ਵੀ ਸਮੇਂ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਭੁੱਲ ਚੁੱਕੀ ਹੈ,ਇਸ ਦੀ ਤਰੋਤਾਜਾ ਖਬਰ ਜੀਰਾ ਸਰਾਬ ਫੈਕਟਰੀ ਦੀ ਹੈ ਜੋ ਨਿੱਤ ਅਖਬਾਰਾਂ ਦੀਆਂ ਸੁਰਖੀਆਂ ਬਣੀ ਹੋਈ ਹੈ। ਮੱਤੇਵਾੜਾ ਜੰਗਲ ਵਾਲਾ ਮਸਲਾ, ਮੂਸੇਵਾਲਾ ਕਤਲ ਕਾਂਡ ਦਾ ਮਸਲਾ,ਦਿਨ ਦਿਹਾੜੇ ਫਿਰੌਤੀਆਂ ਅਤੇ ਹਰ ਰੋਜ ਦਿਨ ਦੀਵੀਂ ਕਤਲਾਂ ਦਾ ਮਸਲਾ, ਗੱਲ ਕੀ ਅਨੇਕਾਂ ਹੀ ਹੋਰ ਐਸੇ ਮਸਲੇ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕੇ ਹਨ। ਜੇਕਰ ਸਰਕਾਰ ਨਵੀਆਂ ਨੌਕਰੀਆਂ ਦੀ ਗੱਲ ਕਰਦੀ ਹੈ, ਤਾਂ ਉਹ ਕਿਸੇ ਹੱਦ ਤੱਕ ਜਾਇਜ ਹੈ, ਸਿਆਸੀਆਂ ਦੀਆਂ ਜਿਆਦਾ ਪੈਨਸਨਾਂ ਨੂੰ ਇੱਕ ਕਰਨਾ ਅਤਿਅੰਤ ਸਲਾਘਾਯੋਗ ਉਪਰਾਲਾ ਹੈ, ਧੱਕੇ ਨਾਲ ਜਮੀਨਾਂ ਤੇ ਕਬਜਿਆਂ ਨੂੰ ਛੁਡਵਾਉਣਾ ਸਾਰਥਿਕ ਗੱਲਾਂ ਨੇ,ਪਰ ਬਹੁਤ ਦੇਰ ਤੋਂ ਕੱਚੇ ਮੁਲਾਜਮਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਮੂੰਹ ਅੱਡੀ ਖੜ੍ਹੀਆਂ ਨੇ।
ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਥਾਂ ਥਾਂ ਲੱਗਦੇ ਧਰਨਿਆਂ ਕਾਰਨ ਕਿਸੇ ਮਰੀਜ ਨੂੰ ਰਸਤੇ ਵਿੱਚ ਹੀ ਦਮ ਤੋੜਨ ਦੀ ਨੌਬਤ ਵੀ ਆ ਰਹੀ ਹੈ। ਪਿਛਲੇ ਦਿਨੀਂ ਘਟੀਆ ਮਟੀਰੀਅਲ ਨਾਲ ਸੜਕਾਂ ਦੀ ਬਣਤਰ, ਦਿੱਲੀ ਏਅਰਪੋਰਟ ਤੇ ਬਾਹਰ ਜਾਣ ਵਾਲੇ ਪੰਜਾਬੀਆਂ ਦੀ ਹੋ ਰਹੀ ਖੇਹ ਖਰਾਬੀ, ਗੱਲ ਕੀ ਬਹੁਤ ਐਸੇ ਮਸਲਿਆਂ ਨਾਲ ਲੋਕਾਂ ਚ ਮਾਯੂਸੀ ਦਾ ਆਲਮ ਹੈ। ਲੋਕ ਕਰਨ ਤਾਂ ਕੀ ਕਰਨ, ਇਸ ਪਾਰਟੀ ਤੋਂ ਬਹੁਤ ਵੱਡੀਆਂ ਆਸਾਂ ਸਨ ਲੋਕਾਂ ਨੂੰ, ਪਰ ਸੱਭ ਕੁੱਝ ਧਰਿਆ ਧਰਾਇਆ ਰਹਿ ਗਿਆ। ਹਰ ਵਰਗ ਹੀ ਦੁੱਖੀ ਹੈ, ਆਪੋ ਆਪਣੇ ਦੁੱਖੜੇ ਰੋਂਦੇ ਹੋਏ ਥਾਂ ਥਾਂ ਤੇ ਧਰਨੇ ਮੁਜਾਹਰਿਆਂ ਤੋਂ ਬਿਨਾਂ ਕੋਈ ਹੱਲ ਹੀ ਨਹੀਂ ਜਾਪਦਾ ਜਿਵੇਂ ਇਹ ਧਰਨਿਆਂ ਵਾਲਾ ਪੰਜਾਬ ਹੀ ਬਣ ਗਿਆ ਹੋਵੇ।
ਹਾਂ ਅਪੋਜੀਸਨ ਪਾਰਟੀਆਂ ਨੂੰ ਤਾਂ ਸਮਾਂ ਚਾਹੀਦਾ ਹੈ ਤੇ ਓਹ ਸਮਾਂ ਗਵਾਉਂਦੀਆਂ ਕਦੋਂ ਆਂ? ਨਵੀਂ ਇੰਡਸਟਰੀ ਪੰਜਾਬ ਵਿੱਚ ਨਹੀਂ ਆ ਰਹੀ, ਤੇ ਪੰਜਾਬ ਦੇ ਉੱਤੇ ਹੋਰ ਕਰਜੇ ਦਾ ਬੋਝ ਵਰਗੇ ਗੰਭੀਰ ਇਲਜਾਮ ਵਿਰੋਧੀ ਪਾਰਟੀਆਂ ਲਾ ਰਹੀਆਂ ਹਨ, ਇਹਦਾ ਜਵਾਬ ਵੀ ਪੰਜਾਬ ਦੀ ਜਨਤਾ ਮੰਗ ਰਹੀ ਹੈ। ਪਰ ਮੌਜੂਦਾ ਸਰਕਾਰ ਲੋਕਾਂ ਦਾ ਭਰੋਸਾ ਵੀ ਤਾਂ ਦਿਨੋਂ ਦਿਨ ਗਵਾ ਰਹੀ ਹੈ, ਜਦੋਂ ਲੋਕਾਂ ਦੇ ਕਾਫਲੇ ਵਹੀਰਾਂ ਦਾ ਰੂਪ ਲੈ ਕੇ ਚੱਲਦੇ ਨੇ ਤਾਂ ਬਹੁਤ ਕੁੱਝ ਬਦਲ ਜਾਂਦਾ ਹੈ ਇਸ ਦੀ ਪ੍ਰਤੱਖ ਉਦਾਹਰਣ ਆਪਣੇ ਸੱਭ ਦੇ ਸਾਹਮਣੇ ਦਿੱਲੀ ਲੱਗੇ ਜੇਤੂ ਮੋਰਚੇਦੀ ਹੈ।
ਹੁਣ ਤਾਂ ਆਮ ਲੋਕ ਤੇ ਬੁੱਧੀਜੀਵੀ ਲੋਕ ਵੀ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਹਨ। ਭਾਵ ਆਮ ਆਦਮੀ ਪਾਰਟੀ ਦੇ ਕਹਿਣ ਤੇ ਕਰਨ ਚ ਜਮੀਨ ਅਸਮਾਨ ਦਾ ਫਰਕ ਹੈ। ਬਹੁਤ ਸਾਰੀਆਂ ਇਹੋ ਜਿਹੀਆਂ ਯੂ ਟਿਊਬ ਤੇ ਵੀਡੀਓਜ ਵਾਇਰਲ ਹੋ ਰਹੀਆਂ ਹਨ,ਜਿਸ ਵਿੱਚ ਘਟੀਆ ਸਬਦਾਵਲੀ ਵਰਤ ਕੇ ਸਰਕਾਰ ਨੂੰ ਨਿੰਦਿਆ ਜਾ ਰਿਹਾ ਹੈ, ਹੋਰ ਵੀ ਐਸੇ ਬਹੁਤ ਸਿਆਸੀ ਤੇ ਧਾਰਮਿਕ ਮਸਲੇ ਸੁਲਝਣ ਦੀ ਬਜਾਏ ਉਲਝਦੇ ਜਾ ਰਹੇ ਹਨ। ਜਗ੍ਹਾ ਜਗ੍ਹਾ ਖਾਲਿਸਤਾਨ ਦੇ ਪੋਸਟਰ ਚਿਪਕ ਰਹੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮਸਲਾ ਜਿਸ ਦਾ ਕਿ ਬਹੁਤ ਜਲਦੀ ਨਿਆਂ ਮਿਲਣਾ ਚਾਹੀਦਾ ਸੀ ਓਹ ਵੀ ਜਿਉਂ ਦਾ ਤਿਉਂ ਖੜ੍ਹਾ ਹੈ, ਖਾਸ ਕਰਕੇ ਗੈਂਗ ਵਾਰ ਨੇ ਸਮੇਂ ਦੀ ਸਰਕਾਰ ਦੀ ਨੀਂਦ ਹਰਾਮ ਕਰ ਰੱਖੀ ਹੈ, ਮੁੱਖ ਮੰਤਰੀ ਜਾਂ ਸਮੁੱਚਾ ਮੰਤਰੀ ਮੰਡਲ ਪੰਜਾਬ ਭਾਵੇਂ ਕੁੱਝ ਵੀ ਕਹੇ ਪਰ ਲੋਕਾਂ ਨੂੰ ਜਿਆਦਾ ਦੇਰ ਓਹਲੇ ਚ ਰੱਖਣਾ ਹੁਣ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਰਹੀ। ਲੋਕ ਜਾਗ ਚੁੱਕੇ ਹਨ ਜੋ ਆਪਣੇ ਭਲੇ ਬੁਰੇ ਨੂੰ ਬਾਖੂਬੀ ਸਮਝਣ ਲੱਗ ਪਏ ਹਨ।
ਬੇਸੱਕ ਮਾਨ ਸਰਕਾਰ ਹਾਲੇ ਥੋੜ੍ਹੇ ਸਮੇਂ ਹੋਣ ਦੀ ਕਿੰਨੀ ਵੀ ਦੁਹਾਈ ਪਾਈ ਜਾਵੇ, ਪਰ ਮੌਜੂਦਾ ਹਾਲਾਤਾਂ ਤੋਂ ਲੋਕ ਬੇਹੱਦ ਦੁੱਖੀ ਅਤੇ ਮਾਯੂਸੀ ਦੇ ਆਲਮ ਵਿੱਚ ਹਨ।
ਜੇਕਰ ਸਮੇਂ ਤੇ ਇਨ੍ਹਾਂ ਹਾਲਾਤਾਂ ਨੂੰ ਕਾਬੂ ਵਿੱਚ ਨਾ ਰੱਖਿਆ ਗਿਆ ਤਾਂ ਸਮਾਂ ਹੱਥਾਂ ਚੋਂ ਨਿੱਕਲ ਸਕਦਾ ਹੈ, ਤੇ ਫਿਰ ਪਛਤਾਉਣ ਤੋਂ ਬਿਨਾਂ ਹੋਰ ਕੁਝ ਵੀ ਹੱਥ ਪੱਲੇ ਨਹੀਂ ਰਹਿਣਾ,ਜੋ ਕਿ ਅਪੋਜੀਸਨ ਵਾਲੀਆਂ ਪਾਰਟੀਆਂ ਭਾਲਦੀਆਂ ਹਨ, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਕੁੱਝ ਕਰਨ ਦਾ ਸਮਾਂ, ਸਮੇਂ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ, ਇਹੀ ਇਸ ਸਰਕਾਰ ਤੋਂ ਲੋਕਾਂ ਨੂੰ ਆਸ ਹੈ ਤੇ ਇਸੇ ਆਸ ਨਾਲ ਹੀ ਇਤਿਹਾਸਕ ਜਿੱਤ ਦਿਵਾ ਕੇ ਪੰਜਾਬ ਨੂੰ ਆਮ ਆਦਮੀ ਪਾਰਟੀ ਦੇ ਹਵਾਲੇ ਕੀਤਾ ਸੀ। ਉਮੀਦ ਹੈ ਮਾਨ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱਤਰ ਕੇ ਸਹੀ ਮਾਅਨਿਆਂ ਵਿੱਚ ਓਹੀ ਪੁਰਾਤਨ ਪੰਜਾਬ ਦੇ ਸੁਪਨਿਆਂ ਨੂੰ ਸਾਕਾਰ ਕਰੇਗੀ, ਜਿਸ ਦੇ ਹਵਾਲੇ ਦੇ ਦੇ ਕੇ ਸਤਾ ਵਿੱਚ ਆਈ ਸੀ।
ਮੋਬਾ : 95691-49556