ਪ੍ਰਗਿਆ ਠਾਕੁਰ ਵਿਰੁੱਧ ਦਰਜ ਮਾਮਲੇ ’ਤੇ ਕਾਰਵਾਈ ਦੀ ਆਸ ਨਹੀਂ :-
ਭਾ ਰਤੀ ਜਨਤਾ ਪਾਰਟੀ ਦੀ ਭੁਪਾਲ ਤੋਂ ਚੁਣੀ ਗਈ ਸਾਂਸਦ ਪ੍ਰਗਿਆ ਠਾਕੁਰ ਖ਼ਿਲਾਫ਼ ਆਖਰ ਸ਼ਿਕਾਇਤ ਦਰਜ਼ ਕਰ ਲਈ ਗਈ ਹੈ। ਪ੍ਰਗਿਆ ਠਾਕੁਰ ਖ਼ਿਲਾਫ਼ ਸ਼ਿਕਾਇਤ ਕਾਂਗਰਸ ਦੇ ਕਾਰਕੁਨਾਂ ਨੇ ਕਰਨਾਟਕ ਦੇ ਸ਼ਿਵਮੋਗਾ ’ਚ ਮੁਸਲਿਮ ਭਾਈਚਾਰੇ ਵਿਰੁੱਧ ਭੜਕਾਊ ਭਾਸ਼ਣ ਦੇਣ ਲਈ ਕਰਵਾਈ ਹੈ। ਪਹਿਲਾਂ ਕਾਂਗਰਸ ਦੇ ਆਗੂਆਂ ਅਤੇ ਕੁੱਛ ਹੋਰ ਲੋਕਾਂ ਨੇ ਭੜਕਾਊ ਭਾਸ਼ਣ ਵਿਰੁੱਧ ਸੋਸ਼ਲ ਮੀਡੀਆ ’ਤੇ ਇਤਰਾਜ਼ ਉਠਾਏ ਸਨ। ਵੇਚਰ ਕੈਪਿਟਲਿਸਟ ਅਤੇ ਸਿਆਸੀ ਵਿਸ਼ਲੇਸ਼ਕ ਤਹਸੀਨ ਪੂਨਾਵਾਲਾ ਨੇ ਸੋਸ਼ਲ ਮੀਡੀਆ ਰਾਹੀਂ ਸ਼ਿਵਮੋਗਾ ਦੇ ਐਸਪੀ ਮਿਥੁਨ ਕੁਮਾਰ ਨੂੰ ਸ਼ਿਕਾਇਤ ਭੇਜੀ ਸੀ ਜਿਸਦੀ ਕਾਪੀ ਮੁੱਖ ਮੰਤਰੀ ਨੂੰ ਵੀ ਭੇਜੀ ਗਈ ਸੀ। ਪਰ ਪੁਲਿਸ ਨੇ ਮਾਮਲਾ ਦਰਜ ਕਰਵਾਉਣ ਲਈ ਥਾਣੇ ਆ ਕੇ ਸ਼ਿਕਾਇਤ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਸਥਾਨਕ ਕਾਂਗਰਸੀ ਆਗੂਆਂ ਨੇ ਕਰਨਾਟਕ ਦੇ ਕੋਟੇ ਦੇ ਥਾਣੇ ’ਚ ਹਾਜ਼ਰ ਹੋ ਕੇ ਮਾਮਲਾ ਥਾਣੇ ਦਰਜ ਕਰਵਾਇਆ ਹੈ। ਸਾਂਸਦ ਪ੍ਰਗਿਆ ਠਾਕੁਰ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵੀ ਵਿਚਾਰਧਾਰਾ ਦਾ ਬੜਬੋਲਾ ਚਿਹਰਾ ਹੈ। ਉਸ ਦੁਆਰਾ ਕਈ ਵਾਰ ਫ਼ਿਰਕਾਪ੍ਰਸਤੀ ਨਾਲ ਭਰੇ ਭੜਕਾਊ ਬਿਆਨ ਦਿੱਤੇ ਗਏ ਹਨ। ਉਸ ਨੂੰ ਮਾਲੇਗਾਓਂ ਬੰਬ ਵਿਸਫੋਟ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਗਰਦਾਨਿਆਂ ਗਿਆ ਹੈ। ਇਸ ਬੰਬ ਵਿਸਫੋਟ ’ਚ 6 ਵਿਅਕਤੀ ਮਾਰੇ ਗਏ ਸਨ ਅਤੇ ਹੋਰ ਇੱਕ ਸੌ ਤੋਂ ਵੱਧ ਜ਼ਖ਼ਮੀ ਹੋ ਗਏ ਸਨ।
ਕਰਨਾਟਕ ਦੇ ਸ਼ਿਵਮੋਗਾ ਸ਼ਹਿਰ ’ਚ ਹਿੰਦੂ ਜਾਗਰਣ ਵੈਦਿਕੇ ਦੇ ਇੱਕ ਸਾਲਾਨਾ ਸਮਾਰੋਹ ’ਚ ਬੋਲਦਿਆਂ ਸਾਂਸਦ ਪ੍ਰਗਿਆ ਠਾਕੁਰ ਆਪਣੇ ਪੂਰੇ ਰੰਗ ’ਚ ਨਜ਼ਰ ਆਈ ਸੀ। ਸ਼ਿਕਾਇਤ ਕਰਨ ਵਾਲੇ ਨੇ ਘੱਟ ਗਿਣਤੀ ਭਾਈਚਾਰੇ ਦਾ ਅਪਮਾਨ ਕਰਨ ਵਾਲਾ ਭਾਸ਼ਣ ਕਰਨ ਦਾ ਪ੍ਰਗਿਆ ਠਾਕੁਰ ’ਤੇ ਇਲਜ਼ਾਮ ਲਾਇਆ ਹੈ। ਪ੍ਰਗਿਆ ਠਾਕੁਰ ਨੇ ਹਾਜ਼ਰ ਲੋਕਾਂ ਨੂੰ ਘਰਾਂ ’ਚ ਹਥਿਆਰ ਰੱਖਣ ਦਾ ਸੱਦਾ ਦਿੱਤਾ ਸੀ ਅਤੇ ਕਿਹਾ ਸੀ ਕਿ ਕੁੱਛ ਹੋਰ ਨਹੀਂ ਤਾਂ ਸਬਜ਼ੀ ਕੱਟਣ ਵਾਲਾ ਚਾਕੂ ਹੀ ਤਿੱਖਾ ਕਰਕੇ ਰੱਖੋ। ਇਹ ਸਬਜ਼ੀ ਕੱਟਣ ਲਈ ਹੀ ਨਹੀਂ ਦੁਸ਼ਮਣਾਂ ਵਿਰੁੱਧ ਵੀ ਕਾਰਗਾਰ ਸਾਬਤ ਹੋਵੇਗਾ। ਹਾਜ਼ਰ ਲੋਕਾਂ ’ਚ ਡਰ ਪੈਦਾ ਕਰਨ ਲਈ ਸਾਂਸਦ ਨੇ ਕਿਹਾ ਕਿ ‘‘ਕੋਈ ਪਤਾ ਨਹੀਂ ਕਦੋਂ ਕੁੱਛ ਹੋ ਜਾਵੇ.... ਜੇਕਰ ਕੋਈ ਸਾਡੇ ਘਰ ਘੁਸਦਾ ਹੈ ਤੇ ਸਾਡੇ ’ਤੇ ਹਮਲਾ ਕਰਦਾ ਹੈ ਤਾਂ ਜਵਾਬ ਦੇਣਾ ਸਾਡਾ ਅਧਿਕਾਰ ਹੈ।’’
ਕਿਊਂਕਿ ‘ਲਵਾ ਜਹਾਦ’ ਦਾ ਜ਼ਿਕਰ ਕੀਤੇ ਬਗ਼ੈਰ ਹਿੰਦੂਤਵੀ ਕੱਟੜਪੁਣਾ ਮੁਕੰਮਲ ਨਹੀਂ ਹੁੰਦਾ, ਸਾਂਸਦ ਪ੍ਰਗਿਆ ਠਾਕੁਰ ਨੇ ਕਿਹਾ ਕਿ ਇਹ ਲਵ ਜਹਾਦ ਕਰਦੇ ਹਨ। ‘‘ਆਪਣੀਆਂ ਲੜਕੀਆਂ ਦੀ ਰਾਖੀ ਕਰੋ, ਉਨ੍ਹਾਂ ਨੂੰ ਸੰਸਕਾਰੀ ਬਣਾਓ... ਆਪਣੇ ਬੱਚਿਆਂ ਨੂੰ ਮਿਸ਼ਨਰੀ ਸਕੂਲਾਂ ਵਿੱਚ ਨਾ ਪੜ੍ਹਾਓ, ਉਹ ਖ਼ੁਦਗਰਜ਼ ਬਣ ਜਾਣਗੇ, ਉਹ ਓਲਡ ਏਜ਼ ਹੋਮਜ਼ ਦੇ ਸਭਿਆਚਾਰ ਦਾ ਹਿੱਸਾ ਬਣ ਜਾਣਗੇ।’’
ਇਹ ਉਸੇ ਪ੍ਰਗਿਆ ਠਾਕੁਰ ਦਾ ਭਾਸ਼ਣ ਹੈ ਜਿਸ ਨੇ ਛੱਬੀ ਗਿਆਰਾਂ ਦੇ ਹਮਲੇ ’ਚ ਸ਼ਹੀਦ ਹੋਏ ਅਸ਼ੋਕ ਚੱਕਰ ਵਿਜੇਤਾ ਤੇ ਮਹਾਰਾਸ਼ਟਰ ਦੇ ਦਹਿਸ਼ਤਵਾਦ ਵਿਰੋਧੀ ਦਸਤੇ ਦੇ ਮੁਖੀ ਹੇਮੰਤ ਕਰਕਰੇ ਦੀ ਸ਼ਹਾਦਤ ਬਾਰੇ ਕਿਹਾ ਸੀ ਕਿ ਉਹ ਮੇਰੇ ਸਰਾਪ ਕਾਰਨ ਮਰਿਆ ਹੈ। ਅਸਲ ’ਚ ਮਾਲੇਗਾਓਂ ਬੰਬ ਧਮਾਕੇ ਦਾ ਖ਼ੁਰਾ ਨੱਪਦਿਆਂ ਹੇਮੰਤ ਕਰਕਰੇ ਨੇ ਧਮਾਕੇ ਲਈ ਵਰਤੇ ਮੋਟਰਸਾਇਕਲ ਦੀ ਮਾਲਕ ਪ੍ਰਗਿਆ ਠਾਕੁਰ ਨੂੰ ਜਾ ਫੜਿਆ ਸੀ ਅਤੇ ਇਸ ਕੇਸ ’ਚ ਪ੍ਰਗਿਆ ਠਾਕੁਰ ਨੂੰ ਨੌਂ ਸਾਲ ਜੇਲ੍ਹ ’ਚ ਹੀ ਕੱਟਣੇ ਪਏ ਹਨ। ਹੁਣ ਵੀ ਉਹ ਅਪੰਗ ਹੋਣ ਦੀ ਬਿਨਾ ’ਤੇ ਜ਼ਮਾਨ ’ਤੇ ਹੈ। ਇਸੇ ਝੂਠ ਨੂੰ ਪ੍ਰਗਟਾਉਣ ਲਈ ਲੋਕ ਉਸ ਦੀਆਂ ਨਾਚ ਨੱਚਦਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਂਦੇ ਰਹੇ ਹਨ।
ਪ੍ਰਗਿਆ ਠਾਕੁਰ ਦਾ ਇਹ ਭਾਸ਼ਣ ਘੱਟਗਿਣਤੀ ਮੁਸਲਿਮ ਭਾਈਚਾਰੇ ਖ਼ਿਲਾਫ਼ ਨਫ਼ਰਤ ਪੈਦਾ ਕਰਨ ਵਾਲਾ ਫ਼ਿਰਕੂ ਭਾਸ਼ਣ ਤਾਂ ਹੈ ਹੀ, ਇਹ ਹਿੰਦੂਤਵੀ ਹਿੰਦੂਆਂ ਅਤੇ ਖਾਸ ਕਰ ਲੜਕੀਆਂ ਦਾ ਨੁਕਸਾਨ ਕਰਨ ਵਾਲਾ ਵੀ ਹੈ। ਕੱਟੜਪੰਥੀ ਲੋਕ ਹਿੰਦੂਆਂ ਨੂੰ ਡਰਾ ਕੇ ਉਨ੍ਹਾਂ ਦੀ ਸਮਾਜਿਕ ਸੂਝ ਨੂੰ ਵਿਗਾੜਦੇ ਹਨ ਅਤੇ ਉਨ੍ਹਾਂ ਦੀ ਸੋਚ ਦਾ ਦਾਇਰਾ ਸੌੜਾ ਕਰਕੇ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਨਹੀਂ ਰਹਿਣ ਦਿੰਦੇ ਅਤੇ ਲਵ ਜਹਾਦ ਦੇ ਨਾਮ ਹੇਠ ਲੜਕੀਆਂ ਦੇ ਆਜ਼ਾਦ ਤੌਰ ’ਤੇ ਆਪਣੇ ਬਾਰੇ ਫ਼ੈਸਲੇ ਲੈਣ ਨੂੰ ਕੁਚਲ ਦਿੰਦੇ ਹਨ।
ਲੋਕਾਂ ਨੂੰ ਸੱਤਾ ਹਾਸਲ ਕਰਨ ਦਾ ਸਾਧਨ ਮਾਤਰ ਸਮਝਣ ਵਾਲੇ ਵਰਤਮਾਨ ਹੁਕਮਰਾਨ ਪ੍ਰਗਿਆ ਠਾਕੁਰ ਜਿਹੇ ਲੋਕਾਂ ਦੇ ਪਿੱਛੇ ਖੜੇ ਹਨ। ਇਸ ਲਈ ਭਾਰਤੀ ਜਨਤਾ ਪਾਰਟੀ ਦੀ ਸਾਂਸਦ ਪ੍ਰਗਿਆ ਠਾਕੁਰ ਵਿਰੁੱਧ ਦਰਜ਼ ਹੋਏ ਮਾਮਲੇ ’ਤੇ ਵੀ ਉਸ ਤਰ੍ਹਾਂ ਦੀ ਹੀ ਕਾਰਵਾਈ ਦੀ ਆਸ ਹੈ ਜਿਸ ਤਰ੍ਹਾਂ ਦੀ ਕਾਰਵਾਈ ਨੁਪੂਰ ਸ਼ਰਮਾ ਵਿਰੁੱਧ ਦਰਜ਼ ਹੋਏ ਮਾਮਲੇ ’ਤੇ ਹਾਲੇ ਤੱਕ ਹੋਈ ਹੈ।