Tuesday, March 21, 2023
Tuesday, March 21, 2023 ePaper Magazine
BREAKING NEWS
ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਬੰਦ ਰਹੇਗਾ ਇੰਟਰਨੈਟਬਜੁਰਗ ਦਾ ਬੇਰਹਿਮੀ ਨਾਲ ਕਤਲਮੋਬਾਈਲ ਇੰਟਰਨੈੱਟ ਸੇਵਾ ਬੰਦ ਹੋ ਜਾਣ ਕਾਰਨ ਕਾਰੋਬਾਰੀ ਅਤੇ ਵਿਦਿਆਰਥੀ ਹੋਣ ਲੱਗੇ ਪ੍ਰਭਾਵਿਤਪੰਜਾਬ ਦਾ ਭਾਈਚਾਰਾ ਤੇ ਸਾਂਝ ਸਾਡੀ ਪਹਿਲ, ਜੋ ਵੀ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਭਗਵੰਤ ਮਾਨ ਸਰਕਾਰ ਉਸ ਨਾਲ ਸਖ਼ਤੀ ਨਾਲ ਨਜਿੱਠੇਗੀ : ਕੁਲਦੀਪ ਧਾਲੀਵਾਲਗੜ੍ਹੇਮਾਰੀ ਕਾਰਨ ਕਣਕ ਅਤੇ ਸਰੋਂ ਦੀ ਫਸਲ ਦਾ ਨੁਕਸਾਨਰੇਲਵੇ ਨੇ ਪੰਜਾਬ ਅਤੇ ਪੰਜਾਬ ਨਾਲ ਜੁੜੇ ਕਈ ਰੇਲਮਾਰਗਾਂ 'ਤੇ ਰੇਲਗੱਡੀਆਂ ਦੀ ਸਪੀਡ 'ਚ ਕੀਤਾ ਵਾਧਾਅਮਨ ਅਰੋੜਾ ਵੱਲੋਂ ਬੈਂਗਲੁਰੂ ਸਥਿਤ "ਸਸਟੇਨਏਬਲ ਇੰਪੈਕਟਸ" ਪਲਾਂਟ ਦਾ ਦੌਰਾਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇਪੰਜਾਬ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਪੰਜਾਬ ‘ਚ ਬੱਚਿਆ, ਲੜਕੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਕਰਨ ਲਈ 5ਵਾਂ ਪੋਸ਼ਣ ਪੱਖਵਾੜਾ ਸ਼ੁਰੂ

ਲੇਖ

ਬਾਬਾ ਮੋਤੀ ਰਾਮ ਦੀ ਅਦੁੱਤੀ ਸੇਵਾ

December 30, 2022 01:19 PM

ਕਰਨੈਲ ਸਿੰਘ ਐਮਏ :-

ਬਾਬਾ ਮੋਤੀ ਰਾਮ ਮਹਿਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਮਰਪਿਤ ਚੇਲਾ ਅਤੇ ਸੇਵਕ ਸੀ। ਬਾਬਾ ਮੋਤੀ ਰਾਮ ਮਹਿਰਾ ਦੀ ਉਮਰ 40 ਸਾਲ ਸੀ ਜੋ ਸਰਹਿੰਦ ਦੇ ਰਹਿਣ ਵਾਲੇ ਤੇ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਸਨ। ਆਪ ਦੀ ਰਿਹਾਇਸ਼ ਮਨਸੂਰੀਵ ਟਿੱਬੇ ਤੇ ਇੱਕ ਕੱਚੇ ਮਕਾਨ ਵਿੱਚ ਸੀ, ਜਿੱਥੇ ਉਹ ਆਪਣੀ ਪਤਨੀ ਭੋਲੀ ਜਿਸ ਦੀ ਉਮਰ 38 ਸਾਲ, ਬਿਰਧ ਮਾਤਾ ਲੱਧੋ ਦੀ ਉਮਰ 70 ਸਾਲ ਅਤੇ ਇੱਕ ਸੱਤ ਸਾਲ ਦੇ ਪੁੱਤਰ ਨਾਲ ਰਹਿੰਦੇ ਸਨ। ਆਪ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ। ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਇਹਨਾਂ ਦੇ ਰਿਸ਼ਤੇਦਾਰ ਸਨ। ਮਾਲਵੇ ਦੀ ਸਿੱਖ ਸੰਗਤ ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਜਾਂਦੀ ਸੀ ਤਾਂ ਉਹ ਬਾਬਾ ਮੋਤੀ ਰਾਮ ਜੀ ਕੋਲ ਰੁਕ ਕੇ ਜਾਂਦੀ ਸੀ। ਭਾਈ ਮੋਤੀ ਰਾਮ ਮਹਿਰਾ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਂ ਦੇ ਹਿੰਦੂ ਲੰਗਰ ਵਿੱਚ ਲਾਂਗਰੀ ਵਜੋਂ ਨੌਕਰੀ ਕਰਦੇ ਸਨ। ਇਹਨਾਂ ਦੀ ਡਿਉੂਟੀ ਹਿੰਦੂ ਕੈਦੀਆਂ ਨੂੰ ਲੰਗਰ ਛਕਾਉਣ ਦੀ ਸੀ। ਆਪ ਜੀ ਦੀ ਉਮਰ ਉਸ ਸਮੇਂ ਕੋਈ 27-28 ਸਾਲ ਦੀ ਹੋਵੇਗੀ। ਸਰਹਿੰਦ ਸ਼ਹਿਰ ਦੇ ਹਿੰਦੂ ਅਤੇ ਸਿੱਖ ਪਰਿਵਾਰਾਂ ਨਾਲ ਆਪ ਦਾ ਚੰਗਾ ਸੰਪਰਕ ਸੀ। ਜ਼ੇਲ੍ਹ ਦੇ ਦਰੋਗੇ ਨੇ ਆਪ ਨੂੰ ਕਿਹਾ, ‘‘ਭਾਈ ਮੋਤੀ ਰਾਮਾ! ਠੰਡੇ ਬੁਰਜ ਵਿੱਚ ਤਿੰਨ ਨਵੇਂ ਕੈਦੀ ਆਏ ਹਨ। ਉਹਨਾਂ ਨੂੰ ਭੋਜਨ ਛਕਾ ਦੇਈਂ।’’ ਭਾਈ ਮੋਤੀ ਰਾਮ ਭੋਜਨ ਲੈ ਕੇ ਬੁਰਜ ਦੀਆਂ ਪੌੜੀਆਂ ਚੜ੍ਹ ਗਿਆ। ਉੱਪਰ ਘੁੱਪ ਹਨੇਰਾ ਸੀ। ਦੀਵੇ ਦੀ ਮੱਧਮ ਲੋਅ ਵਿੱਚ ਨਿੱਕੇ-ਨਿੱਕੇ ਬਾਲਾਂ ਤੇ ਮਾਤਾ ਗੁਜਰ ਕੌਰ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ। ਮਾਤਾ ਜੀ ਬੋਲੇ ਤੂੰ ਕੌਣ ਹੈਂ? ਭਾਈ ਮੋਤੀ ਰਾਮ ਨੇ ਨਿਮਰਤਾ ਸਹਿਤ ਉੱਤਰ ਦਿੱਤਾ, ‘‘ਮਾਤਾ ਜੀਓ! ਦਾਸ ਨੂੰ ‘ਮੋਤੀ’ ਕਹਿ ਕੇ ਲੋਕ ਬੁਲਾਉਂਦੇ ਹਨ। ਆਪ ਦਾ ਇਹ ਸੇਵਕ ਨਵਾਬ ਦੀ ਨੌਕਰੀ ਕਰਦਾ ਹੈ। ਆਪ ਲਈ ਭੋਜਨ ਲੈ ਕੇ ਆਇਆ ਹਾਂ, ਪ੍ਰਸ਼ਾਦਾ ਛਕ ਲਵੋ। ਮਾਤਾ ਜੀ ਨੇ ਸ਼ਾਹੀ ਭੋਜਨ ਲੈਣ ਤੋਂ ਇਨਕਾਰ ਕਰ ਦਿੱਤਾ। ਮਾਤਾ ਗੁਜਰੀ ਨੇ ਕਿਹਾ, ‘‘ਨਹੀਂ ਮੋਤੀਆ! ਇਹਨਾਂ ਪਾਪੀਆਂ ਦੇ ਘਰ ਦੀ ਰੋਟੀ ਪ੍ਰਵਾਨ ਨਹੀਂ ਕਰਨੀ। ਇਹਨਾਂ ਜ਼ਾਲਮਾਂ ਦੇ ਘਰ ਦਾ ਅੰਨ ਪਾਣੀ ਨਹੀਂ ਛਕਣਾ, ਲੈ ਜਾ। ਭਾਈ ਮੋਤੀ ਰਾਮ ਦੂਜੀ ਵਾਰ ਦੀਵਾਨ ਸੁੱਚਾ ਨੰਦ ਦੇ ਘਰ ਤੋਂ ਲਿਆਂਦਾ ਭੋਜਨ ਵੀ ਲੈ ਕੇ ਗਿਆ। ਮਾਤਾ ਜੀ ਨੇ ਇਹ ਭੋਜਨ ‘ਪਾਪ ਦੀ ਕਮਾਈ’ ਕਹਿ ਕੇ ਵਾਪਸ ਕਰ ਦਿੱਤਾ। ਮਾਤਾ ਜੀ ਨੇ ਕਿਹਾ, ‘‘ਅਸੀਂ ਨਾਮ ਦਾ ਭੋਜਨ, ਬੰਦਗੀ ਦੀ ਖ਼ੁਰਾਕ ਖਾ ਕੇ ਸਮਾਂ ਬਤੀਤ ਕਰ ਲਵਾਂਗੇ।’’ ਗੁਰੂ ਘਰ ਦਾ ਸਿੱਖ ਭਾਈ ਮੋਤੀ ਰਾਮ ਮਹਿਰਾ ਦੁਖੀ ਮਨ ਨਾਲ ਆਪਣੇ ਘਰ ਪਹੁੰਚਿਆ।
ਸਾਰਾ ਪਰਿਵਾਰ ਮੋਤੀ ਰਾਮ ਨੂੰ ਉਡੀਕ ਰਿਹਾ ਸੀ ਕਿ ਜਦੋਂ ਘਰ ਆਉਣਗੇ ਤਾਂ ਇਕੱਠੇ ਬੈਠ ਕੇ ਰੋਟੀ ਖਾਵਾਂਗੇ ਕਿਉਂਕਿ ਸਾਰੇ ਇਕੱਠੇ ਬੈਠ ਕੇ ਹੀ ਭੋਜਨ ਛਕਦੇ ਸਨ। ਬਾਬਾ ਮੋਤੀ ਰਾਮ ਮਹਿਰਾ ਸਾਰਾ ਕੰਮ-ਕਾਜ ਸਮੇਟ ਕੇ ਘਰ ਜਾ ਕੇ ਬੈਠੇ। ਘਰ ਵਾਲੀ ਤੇ ਮਾਂ ਨੇ ਪ੍ਰਸ਼ਾਦਾ ਤਿਆਰ ਕੀਤਾ। ਰੋਟੀ ਦੀ ਗਰਾਹੀ ਤੋੜੀ ਤੇ ਮੂੰਹ ਕੋਲ ਪਹੁੰਚ ਗਈ ਪਰ ਮੂੰਹ ਦੇ ਅੰਦਰ ਨਾ ਜਾ ਸਕੀ। ਘਰ ਵਾਲੀ ਨੇ ਕਿਹਾ ਕਿ ਅੱਜ ਤੁਹਾਡੇ ਅੰਦਰ ਰੋਟੀ ਕਿਉਂ ਨਹੀਂ ਜਾ ਰਹੀ। ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਦੀ ਮਾਂ ਕਹਿਣ ਲੱਗੀ, ‘‘ਬੇਟਾ! ਕੀ ਗੱਲ ਹੈ, ਅੱਜ ਰੋਟੀ ਨਹੀਂ ਖਾ ਰਿਹਾ।’’ ਤਾਂ ਮੋਤੀ ਰਾਮ ਨੇ ਕਿਹਾ, ‘‘ਮਾਤਾ ਗੁਜਰੀ ਤੇ ਛੋਟੇ ਲਾਲ (ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ) ਭੁੱਖੇ ਹਨ, ਮੇਰੇ ਅੰਦਰ ਰੋਟੀ ਕਿਵੇਂ ਜਾਵੇਗੀ। ਮੈਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ। ਮੈਂ ਰੋਟੀ ਨਹੀਂ ਖਾ ਸਕਦਾ। ਚੁੱਕ ਲਵੋ।
ਓਧਰ ਨਵਾਬ ਵਜ਼ੀਰ ਖਾਂ ਨੇ ਸ਼ਹਿਰ ਵਿੱਚ ਲਾਉੂਡ ਸਪੀਕਰ ਰਾਹੀਂ ਢੋਲ ਦੇ ਡੱਗੇ ਤੇ ਮਨਾਦੀ (ਡੌਂਡੀ) ਕਰਾਈ ਕਿ ਜੋ ਵੀ ਗੁਰੂ ਜੀ ਦੇ ਮਾਤਾ (ਮਾਤਾ ਗੁੱਜਰ ਕੌਰ) ਤੇ ਬੱਚਿਆਂ (ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ) ਦੀ ਮਦਦ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਬੱਚਿਆਂ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ। ਇਹ ਸੁਣ ਕੇ ਭਾਈ ਮੋਤੀ ਰਾਮ ਮਹਿਰਾ ਦੀ ਬਿਰਧ ਮਾਤਾ ਕੰਬ ਗਈ। ਉਸ ਨੇ ਆਪਣੇ ਪੁੱਤਰ ਭਾਈ ਮੋਤੀ ਰਾਮ ਨੂੰ ਕਿਹਾ, ‘‘ਤੈਨੂੰ ਮੇਰੇ ਅਤੇ ਆਪਣੀ ਬੀਵੀ-ਬੱਚੇ ਤੇ ਤਰਸ ਨਹੀਂ। ਜਵਾਨੀ ਦੇ ਜੋਸ਼ ਵਿੱਚ ਕੀ ਕਰਨ ਜਾ ਰਿਹਾ ਹੈਂ, ਕੁਝ ਸੋਚ ਵਿਚਾਰ ਕਰ।’’ ਬਿਰਧ ਮਾਤਾ ਤਰਲੇ ਲੈ ਰਹੀ ਸੀ। ਮੋਤੀ ਰਾਮ ਕਹਿਣ ਲੱਗਾ, ‘‘ਕਿ ਜੇਕਰ ਮੈਂ ਅੱਜ ਰੁਕ ਗਿਆ ਤਾਂ ਸਰਹਿੰਦ ਦੇ ਸਾਰੇ ਸਿੱਖ ਸ਼ਰਧਾਲੂਆਂ ਦੀ ਸਿੱਖੀ ਡੋਲ ਗਈ ਸਮਝੀ ਜਾਵੇਗੀ ਤੇ ਆਉਣ ਵਾਲੇ ਸਮੇਂ ਨੇ ਸਾਨੂੰ ਮਾਫ਼ ਨਹੀਂ ਕਰਨਾ।
ਭਾਈ ਮੋਤੀ ਰਾਮ ਨੇ ਆਪਣੀ ਧਰਮ ਪਤਨੀ ਨੂੰ ਸਮਝਾਇਆ। ਜੇਕਰ ਉਹ ਮੇਰੇ ਨਾਲ ਸਹਿਮਤ ਹੈ ਤਾਂ ਇੱਕ ਗੱਲ ਕਹਿੰਦਾ ਹਾਂ ਕਿ ਮੈਂ ਗਾਂ ਦਾ ਦੁੱਧ ਅਤੇ ਜਲ ਲੈ ਕੇ ਜਾਵਾਂਗਾ, ਜੇਕਰ ਤੁਸੀਂ ਆਪਣੇ ਗਹਿਣੇ ਮੈਨੂੰ ਦੇ ਦੇਵੋ। ਉਸ ਦੀ ਧਰਮ ਪਤਨੀ ਬੀਬੀ ਭੋਲੀ ਘਰ ਦੇ ਅੰਦਰ ਗਈ। ਉਸ ਨੂੰ ਪਿਤਾ ਨੇ ਜੋ ਗਹਿਣੇ ਵਿਆਹ ਸਮੇਂ ਪਾਏ ਸਨ ਤੇ ਕੁਝ ਸਿੱਕੇ ਜੋ ਸਨ ਉਹ ਲਿਆ ਕੇ ਭਾਈ ਮੋਤੀ ਰਾਮ ਜੀ ਨੂੰ ਦਿੱਤੇ ਤੇ ਕਿਹਾ, ‘‘ਸੁਆਮੀ ਜੀ! ਪਹਿਰੇਦਾਰ ਜੋ ਪਹਿਰੇ ਤੇ ਖੜ੍ਹੇ ਹੁੰਦੇ ਹਨ, ਉਹ ਟਕੇ-ਟਕੇ ਤੇ ਵਿਕ ਜਾਂਦੇ ਹਨ। ਉਹਨਾਂ ਨੂੰ ਇਹ ਗਹਿਣੇ ਰਿਸ਼ਵਤ ਦੇ ਦੇਣੀ। ਇੱਕ ਗੜਵਾ ਚੰਗੀ ਤਰ੍ਹਾਂ ਸਾਫ਼ ਕਰਕੇ ਦੁੱਧ ਦਾ ਭਰ ਕੇ ਦਿੱਤਾ ਤੇ ਨਾਲ ਸੁੱਕੇ ਮੇਵੇ ਅਤੇ ਕੋਰੇ ਭਾਂਡੇ ਵਿੱਚ ਜਲ ਲੈ ਕੇ ਭਾਈ ਮੋਤੀ ਰਾਮ ਠੰਡੇ ਬੁਰਜ ਵੱਲ ਚੱਲ ਪਏ। ਭਾਈ ਮੋਤੀ ਰਾਮ ਪਹਿਰੇਦਾਰ ਨੂੰ ਗਹਿਣੇ (ਰਿਸ਼ਵਤ) ਦੇ ਕੇ ਮਾਤਾ ਗੁੱਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਕੋਲ ਠੰਡੇ ਬੁਰਜ ਵਿੱਚ ਪਹੁੰਚ ਗਿਆ ਤੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ। ਇਹ ਦੁੱਧ ਇਸ ਗ਼ਰੀਬ ਸੇਵਕ ਦੇ ਘਰ ਦਾ ਹੈ। ਆਪ ਵੀ ਛਕੋ ਤੇ ਸਾਹਿਬਜ਼ਾਦਿਆਂ ਨੂੰ ਵੀ ਦੁੱਧ ਛਕਾਓ। ਧੰਨ ਮਾਤਾ ਗੁੱਜਰ ਕੌਰ ਕਹਿਣ ਲੱਗੀ, ‘‘ਮੋਤੀਆ! ਸਾਨੂੰ ਦੁੱਧ ਤਾਂ ਛਕਾ ਰਿਹਾ ਹੈਂ ਜੇਕਰ ਸੂਬੇ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਪਤਾ ਹੈ ਕਿ ਤੇਰੇ ਪਰਿਵਾਰ ਨਾਲ ਕੀ ਹੋਵੇਗਾ।’’ ਬਾਬਾ ਮੋਤੀ ਰਾਮ ਮਹਿਰਾ, ਮਾਤਾ ਗੁੱਜਰ ਕੌਰ ਜੀ ਨੂੰ ਕਹਿਣ ਲੱਗਾ, ‘‘ਤੁਸੀਂ ਦੁੱਧ ਛਕ ਕੇ ਮੇਰੇ ਸਿਰ ਤੇ ਹੱਥ ਰੱਖ ਦਿਓ। ਮਾਤਾ ਜੀ ਨੇ ਪ੍ਰਸੰਨਚਿੱਤ ਹੋ ਕੇ ਭਾਈ ਮੋਤੀ ਰਾਮ ਨੂੰ ਅਸ਼ੀਰਵਾਦ ਦਿੱਤਾ। ਭਾਈ ਮੋਤੀ ਰਾਮ ਦੇ ਮਨ ਨੂੰ ਸ਼ਾਂਤੀ ਮਿਲੀ। ਘਰ ਪੁੱਜ ਕੇ ਆਪਣੀ ਬਿਰਧ ਮਾਤਾ ਅਤੇ ਪਤਨੀ ਨੂੰ ਸਾਰੀ ਗੱਲ ਦੱਸੀ। ਭਾਈ ਮੋਤੀ ਰਾਮ ਤਿੰਨ ਦਿਨ (10, 11 ਤੇ 12 ਪੋਹ) ਰਾਤ ਵੇਲੇ ਦੁੱਧ, ਮੇਵੇ ਅਤੇ ਜਲ ਦੀ ਸੇਵਾ ਮਾਤਾ ਗੁੱਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਕਰਦੇ ਰਹੇ।
ਦੋਵਾਂ ਸਾਹਿਬਜ਼ਾਦਿਆਂ ਦੀਆਂ ਤਿੰਨ ਪੇਸ਼ੀਆਂ ਹੋਈਆਂ। ਕਈ ਤਰ੍ਹਾਂ ਦੇ ਡਰ, ਲਾਲਚ ਦਿੱਤੇ ਗਏ। ਦਬਾਅ ਵੀ ਪਾਇਆ ਗਿਆ ਕਿ ਮੁਸਲਮਾਨ ਧਰਮ ਕਬੂਲ ਕਰ ਲੈਣ। ਦਰਬਾਰ ਵਿੱਚ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ। ਉਸ ਨੇ ਆਹ ਦਾ ਨਾਅਰਾ ਮਾਰਿਆ। ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਗੁਰੂ ਗੋਬਿੰਦ ਸਿੰਘ ਜੀ ਤੋਂ ਜ਼ਰੂਰ ਲੈਣਾ ਹੈ। ਪਰ ਇਹਨਾਂ ਮਾਸੂਮ ਬਾਲਕਾਂ ਨੇ ਮੇਰਾ ਕੁਝ ਨਹੀਂ ਵਿਗਾੜਿਆ। ਜਦੋਂ ਕੋਈ ਵੀ ਹੀਲਾ ਨਾ ਚੱਲਿਆ ਤਾਂ ਕਾਜ਼ੀ ਨੇ ਫਤਵਾ ਸੁਣਾ ਦਿੱਤਾ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। ਨਵਾਬ ਵਜ਼ੀਰ ਖਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ।
ਭਾਈ ਮੋਤੀ ਰਾਮ ਮਹਿਰਾ ਨੇ ਸੇਠ ਦੀਵਾਨ ਟੋਡਰ ਮੱਲ ਨੂੰ ਇਹਨਾਂ ਮਿ੍ਰਤਕ ਸਰੀਰਾਂ ਦਾ ਸਸਕਾਰ ਕਰਨ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ। ਬਾਬਾ ਮੋਤੀ ਰਾਮ ਜੀ ਨੇ ਜੰਗਲਾਂ ਵਿੱਚ ਜਾ ਕੇ ਚੌਧਰੀ ਅੱਤਾ ਖਾਂ ਤੋਂ ਚੰਦਨ ਦੀਆਂ ਲੱਕੜਾਂ ਦੇ ਗੱਡੇ ਦਾ ਪ੍ਰਬੰਧ ਕੀਤਾ। ਸਿੱਖ ਮਰਯਾਦਾ ਅਨੁਸਾਰ ਮਾਤਾ ਗੁੱਜਰ ਕੌਰ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦੇ ਮਿ੍ਰਤਕ ਸਰੀਰਾਂ ਦਾ ਸਸਕਾਰ ਕੀਤਾ ਗਿਆ। ਅੱਜ ਉਸ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਸ਼ੋਭਿਤ ਹੈ।
ਕੁਝ ਸਮਾਂ ਬੀਤਣ ਤੋਂ ਬਾਅਦ ਨਵਾਬ ਵਜ਼ੀਰ ਖਾਂ ਕੋਲ ਪੰਮੇ ਲੰਗੇ ਨੇ ਆ ਕੇ ਚੁਗਲੀ ਕੀਤੀ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਦੁੱਧ, ਮੇਵੇ ਤੇ ਜਲ ਛਕਾਇਆ ਹੈ। ਉਹਨਾਂ ਦੇ ਸਸਕਾਰ ਲਈ ਲੱਕੜਾਂ ਦਾ ਪ੍ਰਬੰਧ ਵੀ ਇਸ ਦੁਆਰਾ ਹੀ ਕੀਤਾ ਗਿਆ ਸੀ। ਨਵਾਬ ਵਜ਼ੀਰ ਖਾਂ ਨੇ ਬਾਬਾ ਮੋਤੀ ਰਾਮ ਮਹਿਰਾ, ਉਸ ਦੀ ਮਾਤਾ ਲੱਧੋ, ਪਤਨੀ ਭੋਲੀ ਅਤੇ ਇੱਕ ਛੋਟੇ ਜਿਹੇ ਪੁੱਤਰ ਦੀ ਗਿ੍ਰਫ਼ਤਾਰੀ ਦਾ ਹੁਕਮ ਦਿੱਤਾ। ਨਵਾਬ ਵਜ਼ੀਰ ਖਾਂ ਦੇ ਦਰਬਾਰ ਵਿੱਚ ਮੋਤੀ ਰਾਮ ਮਹਿਰਾ ਨੂੰ ਪੇਸ਼ ਕੀਤਾ ਗਿਆ। ਨਵਾਬ ਨੇ ਮੋਤੀ ਰਾਮ ਤੋਂ ਉਹਨਾਂ ਉੱਤੇ ਲੱਗੇ ਇਲਜ਼ਾਮਾਂ ਪ੍ਰਤੀ ਸਫ਼ਾਈ ਮੰਗੀ। ਬਾਬਾ ਮੋਤੀ ਰਾਮ ਮਹਿਰਾ ਨੇ ਆਪਣੇ ਕੀਤੇ ਨੂੰ ਛਪਾਉਣ ਦਾ ਯਤਨ ਨਹੀਂ ਕੀਤਾ ਸਗੋਂ ਦਲੇਰੀ, ਹਿੰਮਤ ਨਾਲ ਨਵਾਬ ਨੂੰ ਕਿਹਾ, ‘‘ਕਿ ਕੈਦੀ ਬੱਚਿਆਂ ਅਤੇ ਉਹਨਾਂ ਦੀ ਦਾਦੀ ਦੀ ਸੇਵਾ ਕਰਨਾ, ਉਸ ਦੀ ਪਵਿੱਤਰ ਡਿਉੂਟੀ ਹੈ। ਮੈਂ ਦੁੱਧ ਅਤੇ ਜਲ ਦੀ ਸੇਵਾ ਕਰਕੇ ਆਪਣਾ ਧਰਮ ਨਿਭਾਇਆ ਹੈ, ਕੋਈ ਗਦਾਰੀ ਨਹੀਂ ਕੀਤੀ। ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਕਰਨਾ ਵੀ ਮੇਰਾ ਫ਼ਰਜ਼ ਸੀ ਤਾਂ ਕਿ ਉਹਨਾਂ ਤਿੰਨ ਪਵਿੱਤਰ ਸਰੀਰਾਂ ਦਾ ਧਾਰਮਿਕ ਮਰਯਾਦਾ ਅਨੁਸਾਰ ਸਸਕਾਰ ਹੋ ਸਕੇ।
ਬਾਬਾ ਮੋਤੀ ਰਾਮ ਮਹਿਰਾ, ਉਸ ਦੀ ਪਤਨੀ ਭੋਲੀ, ਬਜ਼ੁਰਗ ਮਾਤਾ ਤੇ ਪੁੱਤਰ ਜੀਤੂ ਨੂੰ ਮੂੰਹ ਹਨੇਰੇ ਸੁੱਤੇ ਪਰਿਵਾਰ ਨੂੰ ਗਿ੍ਰਫ਼ਤਾਰ ਕੀਤਾ ਗਿਆ। ਬਾਬਾ ਮੋਤੀ ਰਾਮ ਨੂੰ ਪਰਿਵਾਰ ਸਮੇਤ ਦੀਨ ਕਬੂਲ ਕਰਨ ਲਈ ਕਿਹਾ ਜਾਂ ਫਿਰ ਕੋਹਲੂ ਵਿੱਚ ਪਿੜ ਜਾਣ ਲਈ ਤਿਆਰ ਹੋ ਜਾਉ। ਬਾਬਾ ਮੋਤੀ ਰਾਮ ਨੇ ਸੂਬੇਦਾਰ ਨੂੰ ਸੰਬੋਧਨ ਹੋ ਕੇ ਆਖਿਆ ਕਿ ਮੈਨੂੰ ਤੇਰੇ ਤੋਂ ਕਿਸੇ ਇਨਸਾਫ਼ ਦੀ ਆਸ ਨਹੀਂ। ਤੂੰ ਜੋ ਚਾਹੇਂ ਕਰ ਸਕਦਾ ਹੈਂ ਕਰ ਪਰ ਮੈਨੂੰ ਮੇਰੇ ਧਰਮ ਤੋਂ ਕਦੇ ਡੁਲਾ ਨਹੀਂ ਸਕਦਾ। ਬਾਬਾ ਮੋਤੀ ਰਾਮ ਦੇ ਪੁੱਤਰ ਜੀਤੂ ਨੂੰ ਖ਼ੂਨੀ ਕੋਹਲੂ ਵੱਲ ਸਿਪਾਹੀ ਲੈ ਕੇ ਜਾ ਰਹੇ ਸਨ। ਬਾਬਾ ਮੋਤੀ ਰਾਮ ਦੀ ਬਜ਼ੁਰਗ ਮਾਤਾ ਆਪਣੇ ਲਾਡਲੇ ਪੋਤੇ ਨੂੰ ਖ਼ੂਨੀ ਕੋਹਲੂ ਵੱਲ ਜਾਂਦੇ ਦੇਖ ਕੇ ਸੂਬੇਦਾਰ ਵਜ਼ੀਰ ਖਾਂ ਨੂੰ ਕਿਹਾ, ‘‘ਵੇ ਜ਼ਾਲਮਾਂ! ਪਹਿਲਾਂ ਮੈਨੂੰ ਕਤਲ ਕਰ ਲੈ।’’ ਬਾਬਾ ਮੋਤੀ ਰਾਮ ਮਹਿਰਾ ਦੀ ਧਰਮ ਪਤਨੀ ਬੀਬੀ ਭੋਲੀ ਨੇ ਉੱਚੀ-ਉੱਚੀ ਚੀਕ ਕੇ ਕਿਹਾ, ‘‘ਵੇ ਸੂਬਿਆ! ਆਪਣੇ ਜ਼ੁਲਮ ਦੀ ਇੰਤਹਾ ਦੇ ਕੋਹਲੂ ਵਿੱਚ ਮੈਨੂੰ ਨਪੀੜ ਲੈ।’’ ਬਾਬਾ ਮੋਤੀ ਰਾਮ ਦੀਆਂ ਅੱਖਾਂ ਦੇ ਸਾਹਮਣੇ ਵਾਰੀ-ਵਾਰੀ ਪੁੱਤਰ, ਬਜ਼ੁਰਗ ਮਾਤਾ ਤੇ ਪਤਨੀ ਸਭ ਨੂੰ ਤਿਲਾਂ ਵਾਂਗ ਕੋਹਲੂ ਵਿੱਚ ਨਪੀੜ ਦਿੱਤਾ ਗਿਆ। ਅਖ਼ੀਰ ਵਿੱਚ ਸੂਬੇਦਾਰ ਦੇ ਸਿਪਾਹੀਆਂ ਨੇ ਬਾਬਾ ਮੋਤੀ ਰਾਮ ਜੋ ਸਤਿਨਾਮ-ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਉਹਨਾਂ ਨੂੰ ਵੀ ਤਿਲਾਂ ਵਾਂਗ ਕੋਹਲੂ ਵਿੱਚ ਨਪੀੜ ਦਿੱਤਾ। ਸਰਹਿੰਦ ਦੀ ਕਚਹਿਰੀ ਵਿੱਚ ਜੁੜੀ ਖਲਕਤ ਇਸ ਜ਼ੁਲਮ ਨੂੰ ਵੇਖ ਕੇ ਤ੍ਰਾਹ-ਤ੍ਰਾਹ ਕਰ ਰਹੀ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਯਾਦਗਾਰੀ ਦਿਹਾੜੇ ਵਾਂਗ ਅਮਰ ਸ਼ਹੀਦ ਬਾਬਾ ਮੋਤੀ ਰਾਮ ਦੀ ਸ਼ਹਾਦਤ ਵਾਲੇ ਦਿਨ ਵੀ ਸਰਹਿੰਦ ਦੇ ਹਿੰਦੂ-ਸਿੱਖ ਘਰਾਂ ਵਿੱਚ ਚੁੱਲ੍ਹਾ ਨਹੀਂ ਸੀ ਬਲਿਆ।

ਬਾਬਾ ਮੋਤੀ ਰਾਮ ਜੀ ਨੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁੱਜਰ ਕੌਰ ਨੂੰ ਜਿਨ੍ਹਾਂ ਗਲਾਸਾਂ ਵਿੱਚ ਦੁੱਧ ਤੇ ਜਲ ਛਕਾਇਆ ਸੀ। ਉਹ ਗਲਾਸ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਹੋਏ ਹਨ। ਜਿਨ੍ਹਾਂ ਦੇ ਲੱਖਾਂ ਹੀ ਸੰਗਤਾਂ ਦਰਸ਼ਨ ਕਰਦੀਆਂ ਹਨ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ