ਅਜੋਕੇ ਪਦਾਰਥਵਾਦੀ ਦੌਰ ਵਿੱਚ ਜਿੱਥੇ ਬਹੁਤੇ ਲੋਕ ਨਿੱਜੀ ਜਿੰਦਗੀ ਤੱਕ ਸਿਮਟ ਕੇ ਰਹਿ ਗਏ ਹਨ। ਉਥੇ ਹੀ ਕੁੱਝ ਅਜਿਹੇ ਇਨਸਾਨ ਵੀ ਹਨ ਜੋ ਲੋਕ ਸੇਵਾ ਨੂੰ ਆਪਣਾ ਧਰਮ ਸਮਝਦੇ ਹੋਏ, ਗਰੀਬ ਅਤੇ ਲੋੜਵੰਦਾਂ ਦਾ ਸਹਾਰਾ ਬਣ ਕੇ ਉਹਨਾਂ ਦੀ ਸੁੰਨਸਾਨ ਜ਼ਿੰਦਗੀ ਵਿੱਚ ਆਸ ਦਾ ਦੀਪ ਜਗਾਉਂਦੇ ਹਨ ਮਾਸਟਰ ਗੁਰਜਿੰਦਰ ਡੋਹਕ ਵੀ ਅਜਿਹੇ ਹੀ ਨੇਕ ਦਿਲ ਇਨਸਾਨ ਸਨ। ਉਹਨਾਂ ਦੇ ਰੋਮ -ਰੋਮ ਵਿੱਚ ਸਮਾਜ ਸੇਵਾ ਰਚੀ ਹੋਈ ਸੀ। ਉਹ ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਹਮੇਸ਼ਾ ਤੱਤਪੁਰ ਰਹਿੰਦੇ ਸਨ।ਉਹਨਾਂ ਦਾ ਜਨਮ 4 ਅਪ੍ਰੈਲ 1967 ਨੂੰ ਪਿਤਾ ਸਰਕਾਰ ਲਖਵੰਤ ਸਿੰਘ ਰਿਟਾਇਰਡ ਸੈਂਟਰ ਹੈਡ ਟੀਚਰ ਅਤੇ ਮਾਤਾ ਸ੍ਰੀਮਤੀ ਕਰਨੈਲ ਕੌਰ ਦੇ ਘਰ ਪਿੰਡ ਡੋਹਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਸਰਦਾਰ ਟਿੱਕਾ ਸਿੰਘ ਸਾਬਕਾ ਸਰਪੰਚ ਉਹਨਾਂ ਦੇ ਵੱਡੇ ਭਰਾ ਹਨ। ਉਹਨਾਂ ਦਾ ਵਿਆਹ ਫਰੀਦਕੋਟ ਨਿਵਾਸੀ ਸਰਦਾਰ ਜਸਮੇਲ ਸਿੰਘ ਭੁੱਲਰ ਅਤੇ ਸ੍ਰੀਮਤੀ ਸੁਖਵੀਰ ਕੌਰ ਜੀ ਦੀ ਸਪੁੱਤਰੀ ਬੀਬਾ ਗਗਨਦੀਪ ਕੌਰ ਨਾਲ ਬਿਨਾਂ ਦਾਜ ਦਹੇਜ ਤੋਂ ਹੋਇਆ । ਉਹਨਾਂ ਨੇ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਡੋਹਕ ਤੋਂ ਕੀਤੀ। ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੀ ਪੜ੍ਹਾਈ ਸਰਕਾਰੀ ਆਦਰਸ਼ ਸਕੂਲ ਭੰਗੇਵਾਲਾ ਬੀ. ਏ., ਅਤੇ ਬੀ ਐਂਡ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਉਹਨਾਂ ਨੇ ਆਪਣੀ ਨੌਕਰੀ ਦੀ ਸ਼ੁਰੂਆਤ 1988 ਵਿੱਚ ਬਤੌਰ ਵਾਇਰਲੈਸ ਆਪ੍ਰੇਟਰ ਪੰਜਾਬ ਪੁਲੀਸ ਵਿਭਾਗ ਚ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਕੀਤੀ ।ਕੁਝ ਸਮੇਂ ਬਾਅਦ ਹੀ ਉਹਨਾਂ ਦੀ ਬਦਲੀ ਸਾਦਿਕ ਵਿਖੇ ਹੋ ਗਈ। ਜਲਦੀ ਹੀ ਉਹਨਾਂ ਦਾ ਇਸ ਨੌਕਰੀ ਤੋਂ ਮੋਹ ਭੰਗ ਹੋ ਗਿਆ ਅਤੇ ਉਹ 1989 ਵਿੱਚ ਨੌਕਰੀ ਤੋਂ ਅਸਤੀਫਾ ਦੇਕੇ ਘਰ ਆ ਗਏ। ਇਸ ਤੋਂ ਬਾਅਦ ਉਹਨਾਂ ਨੂੰ 1992 ਚ ਪੁਲੀਸ ਵਿਭਾਗ ਵਿੱਚ ਸਬ ਇੰਸਪੈਕਟਰ ਅਤੇ ਮਾਲ ਵਿਭਾਗ ਚ ਪਟਵਾਰੀ ਦੀ ਨੌਕਰੀ ਲਈ ਚੁਣ ਲਿਆ ਗਿਆ। ਪ੍ਰੰਤੂ ਉਹਨਾਂ ਨੇ ਦੋਵੇਂ ਹੀ ਨੌਕਰੀਆਂ ਠੁਕਰਾ ਦਿੱਤੀਆਂ ਅਤੇ 1992 ਵਿੱਚ ਬੀ.ਐਡ ਕਰਨ ਤੋਂ ਬਾਅਦ 1993 ਵਿੱਚ ਸਰਕਾਰੀ ਹਾਈ ਸਕੂਲ ਹਰੀਕੇ ਕਲਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਐਸ.ਐਸ. ਮਾਸਟਰ ਭਰਤੀ ਹੋ ਗਏ। ਲਗਭਗ ਤਿੰਨ ਮਹੀਨੇ ਬਾਅਦ ਹੀ ਉਹਨਾਂ ਦੀ ਬਦਲੀ ਬਤੌਰ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਝੋਟੀਵਾਲਾ ਵਿਖੇ ਹੋ ਗਈ। ਇੱਥੇ ਉਹਨਾਂ ਨੂੰ ਵਾਲੀਬਾਲ ਖੇਡਣ ਦੀ ਅਜਿਹੀ ਚੇਟਕ ਲੱਗੀ ਜੋ ਬਾਅਦ ਵਿੱਚ ਉਹਨਾਂ ਲਈ ਜਨੂੰਨ ਬਣ ਗਈ। ਉਹਨਾਂ ਆਪਣੇ ਪਿੰਡ ਡੋਹਕ ਵਿਖੇ ਵਾਲੀਬਾਲ ਦੀ ਟੀਮ ਬਣਾਈ । ਜਿਸ ਦੇ ਚਰਚੇ ਪੂਰੇ ਪੰਜਾਬ ਵਿੱਚ ਹੁਣ ਲੱਗੇ । ਉਹਨਾਂ ਦੀ ਬਦਲੀ 1996 ਚ ਡੋਹਕ, ਫੇਰ ਫਿੱਡੇ ਕਲਾਂ ਅਤੇ ਵਰਤਮਾਨ ਸਮੇਂ ਉਹ ਪਿੰਡ ਸੁੱਖਣਵਾਲਾ ਸਕੂਲ ਵਿਖੇ ਸੇਵਾ ਨਿਭਾ ਰਹੇ ਸਨ। ਉਹ ਆਸ਼ਾਵਾਦੀ ਅਤੇ ਉੱਦਮੀ ਇਨਸਾਨ ਸਨ। ਉਹਨਾਂ ਨੇ ਪਿੰਡ ਵਿੱਚ ਸਿੱਖਿਆ ਦੇ ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਪਾਇਆ। ਉਹਨਾਂ ਨੇ ਆਪਣੇ ਨਿੱਜੀ ਯਤਨਾਂ ਨਾਲ ਸਰਕਾਰੀ ਹਾਈ ਸਕੂਲ ਡੋਹਕ ਨੂੰ ਅਪਗ੍ਰੇਡ ਕਰਵਾ ਕੇ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦਵਾਇਆ ਜਦ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਬਣਿਆ ਤਾਂ ਪਿੰਡ ਡੋਹਕ ਜਿਲ੍ਹਾ ਫਰੀਦਕੋਟ ਨਾਲੋਂ ਟੁੱਟ ਕੇ ਸ੍ਰੀ ਮੁਕਤਸਰ ਸਾਹਿਬ ਵਿੱਚ ਚਲਾ ਗਿਆ। ਜਿਸ ਕਾਰਨ ਸਕੂਲ ਸਟਾਫ ਲਈ ਵੱਡੀ ਸਮੱਸਿਆ ਬਣ ਗਈ। ਉਹਨਾਂ( ਮਾਸਟਰ ਗੁਰਜਿੰਦਰ ਡੋਹਕ) ਨੇ ਆਪਣੇ ਅਸਰ ਰਸੂਖ ਨਾਲ ਅਫਸਰਾਂ ਅਤੇ ਮੰਤਰੀਆਂ ਨੂੰ ਮਿਲ ਕੇ ਲੰਮੀ ਜਦੋਜਹਿਦ ਤੋਂ ਬਾਅਦ ਸਮੁੱਚੇ ਸਕੂਲ ਪ੍ਰਬੰਧ ਨੂੰ ਜਿਲ੍ਹਾ ਫਰੀਦਕੋਟ ਨਾਲ ਜੋੜ ਕੇ ਇਸ ਨਵੀਂ ਉਪਜੀ ਸਮੱਸਿਆ ਤੋਂ ਨਿਜਾਤ ਦਿਵਾਈ।ਉਹ ਜਿਸ ਕੰਮ ਨੂੰ ਵੀ ਸ਼ੁਰੂ ਕਰਦੇ ਜਦ ਤੱਕ ਕੰਮ ਸਿਰ ਨਾ ਲੱਗਦਾ ਉਹ ਚੈਨ ਨਾਲ ਨਹੀਂ ਬੈਠਦੇ ਸਨ। ਪਿੰਡ ਦੇ ਅਨੇਕਾਂ ਵਿਕਾਸ ਕਾਰਜ ਉਹਨਾਂ ਦੀ ਅਗਵਾਈ ਹੇਠ ਨੇਪਰੇ ਚੜ੍ਹੇ ਉਹ ਜਿਥੇ ਖੁਦ ਅਗਾਂਹਵਧੂ ਅਤੇ ਤਰਕਸ਼ੀਲ ਸਾਹਿਤ ਪੜ੍ਹਨ ਦਾ ਸ਼ੌਂਕ ਰੱਖਦੇ ਸਨ . , ਉਥੇ ਹੀ ਆਪਣੇ ਵਿਦਿਆਰਥੀਆਂ ਨੂੰ ਵੀ ਸਾਹਿਤਕ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ। ਉਹ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਅਤੇ ਵਧੀਆ ਰਾਹ ਦਸੇਰਾ ਸਨ ਉਹਨਾਂ ਵਿਦਿਆਰਥੀਆਂ ਨੂੰ ਕੇਵਲ ਕਿਤਾਬੀ ਗਿਆਨ ਹੀ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਜਿੰਦਗੀ ਦੇ ਬਿਖੜੇ ਪੈਂਡਿਆਂ ਤੇ ਸਾਬਤ ਕਦਮੀਂ ਚੱਲਣ ਦੀ ਜੀਵਨ- ਜਾਂਚ ਵੀ ਸਿਖਾਈ। ਉਹਨਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਕਵੀਸ਼ਰੀ ਵਿਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਚ ਅਨੇਕਾਂ ਮੱਲਾਂ ਮਾਰੀਆਂ ਉਹਨਾਂ ਦੇ ਅਨੇਕਾਂ ਵਿਦਿਆਰਥੀ ਜਿੱਥੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਸੇਵਾ ਨਿਭਾਅ ਰਹੇ ਹਨ ਉਥੇ ਹੀ ਕਈ ਵਿਦਿਆਰਥੀ ਵੱਖ-ਵੱਖ ਸਮਾਜਿਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵਿਚ ਵੀ ਮੋਹਰੀ ਰੋਲ ਨਿਭਾਉਂਦੇ ਹੋਏ ਨਰੋਆ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਯਤਨਸ਼ੀਲ ਹਨ। ਮਾਸਟਰ ਗੁਰਜਿੰਦਰ ਡੋਹਕ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਚਾਹੁੰਦੇ ਸਨ। ਉਹ ਸਿਰਮੌਰ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਜੀ ਸੋਚ ਅਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਨਕਲਾਬੀ ਵਿਚਾਰਧਾਰਾ ਦੇ ਧਾਰਨੀ ਬਣ ਗਏ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਲਈ ਉਹਨਾਂ ਨੇ ਲੋਕ ਚੇਤਨਾ ਕਲਾ ਮੰਚ ਡੋਹਕ ਦਾ ਨਿਰਮਾਣ ਕੀਤਾ ਉਹਨਾਂ ਨੇ ਆਪਣੇ ਨਾਟਕਾਂ ਅਤੇ ਕੋਰੀਓਗ੍ਰਾਫੀਆਂ ਰਾਹੀਂ ਤਰਕਸ਼ੀਲਤਾ ਅਤੇ ਇਨਕਲਾਬ ਦਾ ਹੋਕਾਂ ਦਿੰਦਿਆਂ ਸਮਾਜਿਕ ਬੁਰਾਈਆਂ ਅਤੇ ਅੰਧਵਿਸ਼ਵਾਸਾਂ ਵਿਰੁੱਧ ਜੰਗ ਛੇੜੀ ਅਤੇ ਵਿਗਿਆਨਕ ਚੇਤਨਾ ਦੇ ਪ੍ਚਾਰ ਅਤੇ ਪ੍ਰਸਾਰ ਲਈ ਦਿਨ ਰਾਤ ਜੋਜਹਿਦ ਕੀਤੀ ਉਹਨਾਂ ਦੇ – ਇਨਕਲਾਬੀ ਬੋਲ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਟਿੱਬਿਆਂ ਚ ਵੀ ਸੁਣਾਈ ਦਿੱਤੇ। ਉਹ ਜ਼ਿਲ੍ਹਾ ਬਠਿੰਡਾ ਦੀ ਪ੍ਰਸਿੱਧ ਖੂਨਦਾਨੀ ਸੰਸਥਾ ਯੂਨਾਈਟਿਡ ਵੈਲਫੇਅਰ ਸੁਸਾਇਟੀ ਨਾਲ ਜੁੜ ਕੇ ਲੰਬਾ ਸਮਾਂ ਲੋਕਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਦੇ ਰਹੇ ਉਹਨਾਂ ਪਿੰਡ ਪਿੰਡ ਜਾ ਕੇ ਖੂਨ ਦਾਨ ਕੈਂਪ ਲਗਵਾਏ। ਉਹਨਾਂ ਦੀ ਪ੍ਰੇਰਨਾ ਨਾਲ ਅਨੇਕਾਂ ਪਿੰਡਾਂ ਵਿੱਚ ਯੂਥ ਖੂਨ ਦਾਨ ਕਲੱਬ ਬਣੇ ਜਿਹੜੇ ਨੌਜਵਾਨ ਕਦੇ ਖੂਨ ਦਾਨ ਕਰਨ ਦਾ ਨਾਂਅ ਸੁਣ ਕੇ ਹੀ ਡਰ ਜਾਂਦੇ ਸਨ ਹੁਣ ਉਹ ਆਪ ਮੁਹਾਰੇ ਵੀ ਵਹੀਰਾਂ ਘੱਤ ਕੇ ਖੂਨ ਦਾਨ ਕਰਨ ਲਈ ਕੈਂਪਾਂ 'ਚ ਆਉਣ ਲੱਗੇ ਥੋੜੇ ਸਮੇਂ ਅੰਦਰ ਹੀ ਫਰੀਦਕੋਟ ਚ ਉਹਨਾਂ ਦੀ ਅਗਵਾਈ ਹੇਠ ਖੂਨ ਦਾਨੀਆਂ ਦੀ ਇਕ ਵੱਡੀ ਲਹਿਰ ਖੜੀ ਹੋ ਗਈ। ਇਸ ਲਹਿਰ ਦੀ ਬਦੌਲਤ ਹਜਾਰਾਂ ਲੋੜਵੰਦ ਵਿਅਕਤੀਆਂ ਨੂੰ ਖੂਨ ਦਾਨ ਦੇ ਕੇ ਮੌਤ ਦੇ ਮੂੰਹ ਚੋਂ ਬਚਾਇਆ ਗਿਆ। ਮਾਸਟਰ ਗੁਰਜਿੰਦਰ ਡੋਹਕ ਲੋਕ ਘੋਲਾਂ ਦੇ ਨਾਇਕ ਸਨ । ਉਹ ਅਧਿਆਪਕ ਜਥੇਬੰਦੀ ਡੀ. ਟੀ. ਐਫ. ਦੇ ਮਿਹਨਤੀ ਅਤੇ ਜੁਝਾਰੂ ਸਿਪਾਹੀ ਸਨ ਉਹਨਾਂ ਜਥੇਬੰਦੀ ਵੱਲੋਂ ਲੜੇ ਹਰ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਈ ਉਹ ਆਪਣੇ ਜੋਸ਼ੀਲੇ ਬੋਲਾਂ ਨਾਲ ਸੰਘਰਸ਼ ਦਾ ਪਿੜ ਮਘਾਕੇ ਸਮੇਂ ਦੀਆਂ ਸਰਕਾਰਾਂ ਨੂੰ ਕਾਂਬਾਂ ਛੇੜ ਦਿੰਦੇ ਸਨ । ਅਚਾਨਕ ਹੀ 7 ਜਨਵਰੀ ਦੀ ਸਵੇਰ ਨੂੰ ਉਹ ਮੌਤ ਹੱਥੋਂ ਜ਼ਿੰਦਗੀ ਦੀ ਜੰਗ ਹਾਰ ਗਏ। ਇਲਾਕਾ ਨਿਵਾਸੀਆਂ ਅਤੇ ਉਨ੍ਹਾਂ ਦੇ ਮਿੱਤਰ-ਸਨੇਹੀਆਂ ਵੱਲੋਂ ਉਹਨਾਂ ਦੀ ਪਹਿਲੀ ਬਰਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ ਵਿਖੇ ਵਿਸ਼ਾਲ ਖੂਨ ਦਾਨ ਕੈਂਪ ਲਗਾ ਕੇ ਮਨਾਈ ਜਾ ਰਹੀ ਹੈ ਇਸ ਸਮੇਂ ਉਨ੍ਹਾਂ ਦੀ ਯਾਦ ਵਿੱਚ ਬਣਾਏ ਗਏ ਸਟੇਜ ਦਾ ਉਦਘਾਟਨ ਵੀ ਕੀਤਾ ਜਾਵੇਗਾ।
-ਜੁਗਿੰਦਰ ਪਾਲ ਕਿਲ੍ਹਾ ਨੌ
-ਪਿੰਡ ਤੇ ਡਾਕਘਰ ਕਿਲ੍ਹਾ ਨੌ
-ਜ਼ਿਲ੍ਹਾ ਫ਼ਰੀਦਕੋਟ
ਸੰਪਰਕ :9815592951