ਬਲਵਿੰਦਰ ਸਿੰਘ ਭੁੱਲਰ:-
ਸ ਮੁੱਚੇ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਲੜਿਆ ਸੰਘਰਸ਼ ਇੱਕ ਮਿਸਾਲੀ ਸੱਤਿਆਗ੍ਰਹਿ ਸੀ। ਇਹ ਸੰਘਰਸ਼ ਏਕਤਾ ਦੇ ਬਲ ਨਾਲ ਜਿੱਤਿਆ ਗਿਆ। ਇਸ ਸੰਘਰਸ਼ ਨੇ ਅੱਗੇ ਲਈ ਵੀ ਰਸਤਾ ਵਿਖਾਇਆ ਅਤੇ ਕਈ ਸੁਆਲ ਵੀ ਖੜੇ ਕੀਤੇ ਹਨ। ਜਦੋਂ ਕਿਤੇ ਵੀ ਕਿਸਾਨੀ ਦੀ ਗੱਲ ਚਲਦੀ ਹੈ ਤਾਂ ਸੰਘਰਸ਼ ਦੀਆਂ ਪ੍ਰਾਪਤੀਆਂ ਜਾਂ ਖੜੋਤ ਬਾਰੇ ਚਰਚਾ ਸ਼ੁਰੂ ਹੋ ਜਾਂਦੀ ਹੈ।
ਕੇਂਦਰ ਦੀ ਭਾਜਪਾ ਸਰਕਾਰ ਨੇ ਸਾਲ 2020 ’ਚ ਤਿੰਨ ਕਾਲੇ ਕਾਨੂੰਨ, ਕਿਸਾਨਾਂ ਦਾ ਉਤਪਾਦਨ ਵਪਾਰ ਅਤੇ ਵਣਜ ਐਕਟ, ਸਸ਼ਕਤੀਕਰਨ ਅਤੇ ਸੁਰੱਖਿਆ ਮੁੱਲ ਭਰੋਸਾ ਅਤੇ ਫਾਰਮ ਸੇਵਾਵਾਂ ਐਕਟ ਤੇ ਇਕਰਾਰਨਾਮਾ ਅਤੇ ਜ਼ਰੂਰੀ ਵਸਤਾਂ ਸੋਧ ਐਕਟ ਪਾਸ ਕੀਤੇ ਤਾਂ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ, ਕਿਊਂਕਿ ਇਹ ਕਾਨੂੰਨ ਕਿਸਾਨਾਂ ਦੇ ਹਿਤ ਵਿੱਚ ਨਹੀਂ ਸਨ। ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਡਟ ਕੇ ਵਿਰੋਧ ਸ਼ੁਰੂ ਕੀਤਾ ਗਿਆ ਜਦ ਕਿ ਕਰਨਾਟਕ, ਕੇਰਲਾ, ਉਡੀਸਾ, ਤਾਮਿਲਨਾਡੂ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ।
ਸਰਕਾਰ ਨੇ ਜਦ ਇਸ ਵਿਰੋਧ ਨੂੰ ਅਣਗੌਲਿਆ ਕਰ ਦਿੱਤਾ ਅਤੇ ਕੋਈ ਸੁਣਵਾਈ ਨਾ ਕੀਤੀ ਤਾਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਬਣਾ ਕੇ ਵੱਡੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰ ਲਿਆ। ਰਾਜਾਂ ਵਿੱਚ ਧਰਨੇ ਮੁਜ਼ਾਹਰੇ ਕੀਤੇ ਗਏ ਪਰ ਜਦ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ ਤਾਂ 25 ਨਵੰਬਰ 2020 ਨੂੰ ਦਿੱਲੀ ਵੱਲ ਚਾਲੇ ਪਾ ਦਿੱਤੇ। ਦਿੱਲੀ ਦੇ ਸਿੰਘੂ ਬਾਰਡਰ ਤੇ ਟਿਕਰੀ ਵਿਖੇ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਵਿਸ਼ਾਲ ਧਰਨੇ ਲਾਏ ਅਤੇ ਦਿੱਲੀ ਦੇ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ। ਫੇਰ ਇਹਨਾਂ ਨਾਲ ਹੋਰ ਜਥੇਬੰਦੀਆਂ ਰਲਣ ਲੱਗੀਆਂ। ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਦੀਆਂ 31 ਜਥੇਬੰਦੀਆਂ ਨੇ ਇਹ ਸੰਘਰਸਸ਼ ਤਨਦੇਹੀ ਨਾਲ ਲੜਿਆ, ਜਦ ਕਿ ਪੰਜ ਸੌ ਦੇ ਕਰੀਬ ਦੇਸ਼ ਭਰ ਦੀਆਂ ਜਥੇਬੰਦੀਆਂ ਨੇ ਸਹਿਯੋਗ ਦਿੱਤਾ।
ਸੰਘਰਸ਼ ਤੇਜ ਹੁੰਦਾ ਗਿਆ, ਜਦ ਸਿਖ਼ਰਾਂ ਤੇ ਪਹੁੰਚਿਆ ਤਾਂ ਮੋਰਚੇ ਵੱਲੋਂ ਨਵੇਂ ਬਿਜਲੀ ਬਿਲ ਰੱਦ ਕਰਨ, ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ, ਅੰਦੋਲਨ ਦੌਰਾਨ ਦਰਜ ਮੁਕੱਦਮੇ ਰੱਦ ਕਰਨ ਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਆਦਿ ਮੰਗਾਂ ਹੋਰ ਸ਼ਾਮਲ ਹੋ ਗਈਆਂ। ਕੇਂਦਰ ਨੇ ਹਰ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚ ਕੇ ਸੰਘਰਸ਼ ਨੂੰ ਤੋੜਣ ਦੇ ਯਤਨ ਕੀਤੇ, ਪਰ ਕਿਸਾਨ ਅਨੁਸ਼ਾਸਨ ਵਿੱਚ ਰਹਿ ਕੇ ਏਕਤਾ ਨਾਲ ਮੰਗਾਂ ਲਈ ਜੂਝਦੇ ਰਹੇ। ਆਖ਼ਰ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਏਕੇ ਮੂਹਰੇ ਝੁਕਣਾ ਪਿਆ ਤੇ ਉਸਨੇ ਆਪਣਾ ਹੱਠੀ ਰਵੱਈਆ ਛੱਡ ਕੇ ਪੈਰ ਪਿਛਾਂਹ ਖਿੱਚ ਲਏ। 1 ਦਸੰਬਰ 2021 ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਸਹਿਮਤੀ ਦੇ ਦਿੱਤੀ। ਇਸ ਉਪਰੰਤ 9 ਦਸੰਬਰ ਨੂੰ ਕਿਸਾਨ ਆਗੂਆਂ ਨੇ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਅਤੇ 11 ਦਸੰਬਰ ਨੂੰ ਕਿਸਾਨ ਮੋਰਚਾ ਫਤਹਿ ਕਰਕੇ ਜਸ਼ਨ ਮਨਾਉਂਦੇ ਹੋਏ ਘਰਾਂ ਨੂੰ ਪਰਤੇ। ਇਸ ਤੋਂ ਬਾਅਦ ਕਿਸਾਨ ਯੂਨੀਅਨ ਵੱਖ ਵੱਖ ਵਿਖਾਈ ਦੇਣ ਲੱਗੀਆਂ, ਕਈਆਂ ਨੇ ਚੋਣਾਂ ਵਿੱਚ ਭਾਗ ਵੀ ਲਿਆ। ਆਮ ਲੋਕਾਂ ਨੂੰ ਇਉਂ ਜਾਪਣ ਲੱਗਾ ਜਿਵੇਂ ਕਿਸਾਨ ਏਕਤਾ ਟੁੱਟ ਗਈ ਹੋਵੇ।
ਅੱਜ ਦਿੱਲੀ ਕਿਸਾਨ ਮੋਰਚੇ ਦੇ ਸੰਦਰਭ ਵਿੱਚ ਕਿਸਾਨ ਸੰਘਰਸ਼ ਦੀ ਜਿੱਤ, ਕਿਸਾਨ ਏਕਤਾ ਅਤੇ ਸੰਘਰਸ਼ ਤੋਂ ਬਾਅਦ ਦੀ ਖੜੋਤ ਦੇ ਸੰਦਰਭ ਵਿੱਚ ਵਿਚਾਰ ਚਰਚਾ ਹੋ ਰਹੀ ਹੈ। ਬਠਿੰਡਾ ਵਿਖੇ ਪੀਪਲਜ ਲਿਟਰੇਰੀ ਫੈਸਟੀਵਲ ਦੌਰਾਨ ਹੋਏ ਇੱਕ ਸੈਸ਼ਨ ਵਿੱਚ ਇਸ ਵਿਸ਼ੇ ਤੇ ਭਖਵੀਂ ਵਿਚਾਰ ਚਰਚਾ ਹੋਈ। ਇਸ ਮੌਕੇ ਉਚੇਚੇ ਤੌਰ ’ਤੇ ਉੱਤਰ ਪ੍ਰਦੇਸ਼ ਤੋਂ ਪਹੁੰਚੇ ਕੌਮੀ ਕਿਸਾਨ ਆਗੂ ਸ੍ਰੀ ਰਾਕੇਸ਼ ਟਿਕੈਤ ਨੇ ਕਿਸਾਨ ਸੰਘਰਸ਼ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਉਸ ਸੰਘਰਸ਼ ਨੂੰ ਤੋੜਣ ਲਈ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਦਿਆਂ ਕੇਂਦਰ ਸਰਕਾਰ ਨੇ ਹਰ ਵਾਹ ਲਾਈ, ਪਰ ਕਿਸਾਨ ਏਕਤਾ ਕਾਇਮ ਰਹੀ। ਉਹਨਾਂ ਕਿਹਾ ਕਿ ਸੰਘਰਸ਼ ਖਤਮ ਹੋਣ ਤੋਂ ਬਾਅਦ ਕਿਸਾਨੀ ਸੰਘਰਸ਼ਾਂ ਵਿੱਚ ਕੁੱਝ ਖੜੋਤ ਆਈ ਸੀ, ਪਰ ਸੰਘਰਸ਼ ਖਤਮ ਨਹੀਂ ਹੋਇਆ। ਦੇਸ਼ ਦੀ ਖੇਤੀ ਤੇ ਕਿਸਾਨੀ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਅਤੇ ਹਲਦਾ ਰਹੇਗਾ।
ਉਹਨਾਂ ਕਿਹਾ ਕਿ ਹੈਰਾਨੀ ਉਦੋਂ ਹੁੰਦੀ ਸੀ ਜਦੋਂ ਪੰਜਾਬ ਦੀਆਂ ਦਰਜਨਾਂ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਰੰਗਾਂ ਨਿਸ਼ਾਨਾਂ ਵਾਲੇ ਝੰਡੇ ਤੇ ਬੈਨਰ ਲੈ ਕੇ ਪਹੁੰਚਦੀਆਂ ਸਨ, ਪਰ ਹੱਕੀ ਮੰਗਾਂ ਲਈ ਸਭ ਦੀ ਰਾਇ ਇੱਕ ਸੀ। ਉਹਨਾਂ ਕਿਹਾ ਕਿ ਇਹ ਵੀ ਵੇਖਿਆ ਗਿਆ ਕਿ ਮੋਰਚੇ ਤੇ ਬੈਠੇ ਕਈ ਲੋਕ ਅਕਾਲੀ ਦਲ, ਕਾਂਗਰਸ, ਜਾਂ ਭਾਜਪਾ ਨੂੰ ਮਾੜਾ ਕਹਿਣ ਤੇ ਇਤਰਾਜ ਕਰਦੇ ਸਨ, ਪਰ ਕਾਲੇ ਕਾਨੂੰਨ ਰੱਦ ਕਰਾਉਣ ਲਈ ਡਟੇ ਹੋਏ ਸਨ ਤੇ ਕੁਰਬਾਨ ਹੋਣ ਲਈ ਵੀ ਤਿਆਰ ਸਨ। ਜਿਸਤੋਂ ਸਪਸ਼ਟ ਸੀ ਸਾਰੀਆਂ ਪਾਰਟੀਆਂ ਨਾਲ ਸਬੰਧਤ ਲੋਕ ਮੋਰਚੇ ਵਿੱਚ ਸਨ, ਪਰ ਕਿਸਾਨੀ ਮੁੱਦੇ ਤੇ ਲੜਿਆ ਜਾ ਰਿਹਾ ਸੰਘਰਸ਼ ਸਿਆਸਤ ਤੋਂ ਉੱਪਰ ਸੀ। ਚੋਣਾਂ ਵਿੱਚ ਭਾਗ ਲੈਣ ਸਬੰਧੀ ਉਹਨਾਂ ਕਿਹਾ ਕਿ ਅਜਿਹਾ ਵੀ ਕਿਸਾਨ ਜਥੇਬੰਦੀਆਂ ਦੇ ਏਕੇ ਨੂੰ ਤੋੜਣ ਵਾਲੀ ਇੱਕ ਸਾਜ਼ਿਸ ਦਾ ਹਿੱਸਾ ਸੀ, ਜਿਸ ਵਿੱਚ ਲਾਲਚ ਵੀ ਸ਼ਾਮਲ ਸੀ। ਉਹਨਾਂ ਕਿਹਾ ਕਿ ਚੋਣਾਂ ਵਿੱਚ ਭਾਗ ਲੈਣ ਵਾਲੇ ਕਿਸਾਨ ਏਕਤਾ ਵੱਲ ਮੁੜ ਆਏ ਹਨ। ਉਹਨਾਂ ਕਿਹਾ ਕਿ ਚੋਣਾਂ ਲੜਣ ਨੂੰ ਗੁਨਾਹ ਵੀ ਨਹੀਂ ਮੰਨਿਆਂ ਜਾ ਸਕਦਾ ਕਿ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਕਿਸਾਨ ਏਕਤਾ ਕਾਇਮ ਹੈ ਅਤੇ ਕਾਇਮ ਰਹੇਗੀ।
ਪੰਜਾਬ ਦੇ ਕਿਸਾਨ ਆਗੂ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਜਿੱਤਿਆ ਗਿਆ, ਜਿਸਦਾ ਸਿਹਰਾ ਲੋਕਾਂ ਸਿਰ ਹੈ ਜਿਹਨਾਂ ਡਟਵਾਂ ਸਹਿਯੋਗ ਦਿੱਤਾ। ਸੰਘਰਸ਼ ਦੀ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਕਿ ਪੰਜ ਸੌ ਤੋਂ ਵੱਧ ਜਥੇਬੰਦੀਆਂ ਨੂੰ ਇੱਕ ਸੂਤਰ ਵਿੱਚ ਪਰੋ ਕੇ ਰੱਖ ਦਿੱਤਾ। ਜਿਹੜਾ ਵੀ ਕੋਈ ਆਗੂ ਜਾਂ ਵਰਕਰ ਮੋਰਚੇ ਦੇ ਅਸੂਲਾਂ ਤੋਂ ਮੁਨਕਰ ਹੁੰਦਾ ਸੀ, ਉਹ ਬਾਹਰ ਕਰ ਦਿੱਤਾ ਜਾਂਦਾ ਸੀ। ਵਿਚਾਰਧਾਰਕ ਤੌਰ ਤੇ ਭਾਵੇਂ ਜਥੇਬੰਦੀਆਂ ਦੇ ਵਖ਼ਰੇਵੇਂ ਸਨ, ਪਰ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਏਕਤਾ ਮਜਬੂਤ ਸੀ। ਉਹਨਾਂ ਕਿਹਾ ਕਿ ਮੋਰਚਾ ਤੋੜਣ ਲਈ ਸਰਕਾਰ ਨੇ ਗੁੰਡਿਆਂ, ਔਰਤਾਂ ਤੱਕ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਾ ਹੋ ਸਕੀ। ਕਿਸਾਨਾਂ ਨੂੰ ਗੁੰਮਰਾਹ ਕਰਨ ’ਚ ਕੋਈ ਕਸਰ ਨਾ ਛੱਡੀ, ਜਿਸ ਵਿੱਚ ਲਾਲ ਕਿਲੇ ਵੱਲ ਭੇਜਣਾ ਵੀ ਸ਼ਾਮਲ ਹੈ ਪਰ ਮੋਰਚਾ ਮਜਬੂਤੀ ਵਿੱਚ ਰਿਹਾ।
ਕਿਸਾਨ ਆਗੂ ਨੇ ਕਿਹਾ ਕਿ ਇਹ ਵੀ ਸੰਘਰਸ਼ ਦਾ ਵੱਡਾ ਪੱਖ ਹੈ ਕਿ ਹਜ਼ਾਰਾਂ ਔਰਤਾਂ ਬੱਚੀਆਂ ਮਹੀਨਿਆਂ ਬੱਧੀ ਦਿੱਲੀ ਦੀਆਂ ਬਰੂਹਾਂ ਤੇ ਡਟ ਕੇ ਬੈਠੀਆਂ ਰਹੀਆਂ। ਉਹਨਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਵੀ ਸ਼ਾਮਲ ਸਨ, ਪਰ ਮੋਰਚੇ ਦਾ ਅਨੁਸ਼ਾਸਨ ਅਜਿਹਾ ਸੀ ਕਿ ਏਨੇ ਲੰਬੇ ਸਮੇਂ ਦੌਰਾਨ ਕਦੇ ਵੀ ਕੋਈ ਛੇੜਛਾੜ ਦੀ ਘਟਨਾ ਨਹੀਂ ਵਾਪਰੀ। ਨਸ਼ੇ ਨਾਲ ਰੋਜ਼ਾਨਾ ਪੰਜਾਬ ਵਿੱਚ ਨੌਜਵਾਨ ਮਰ ਰਹੇ ਸਨ, ਪਰ ਮੋਰਚੇ ਵਿੱਚ ਨਸ਼ੇ ਨਾਲ ਜਾਂ ਓਵਰਡੋਜ਼ ਨਾਲ ਕਦੇ ਕੋਈ ਮੌਤ ਨਹੀਂ ਸੀ ਹੋਈ, ਨਾ ਹੀ ਕਦੇ ਕੋਈ ਨਸ਼ਈ ਡਿੱਗਿਆ ਹੋਇਆ ਮਿਲਿਆ। ਬਲਕਿ ਨੌਜਵਾਨ ਰਾਤਾਂ ਨੂੰ ਧਰਨਿਆਂ ਦੇ ਪਾਸੀਂ ਪਹਿਰਾ ਦਿੰਦੇ ਸਨ ਤੇ ਮਾਰਚ ਕਰਦੇ ਰਹਿੰਦੇ ਸਨ। ਇਹ ਅਨੁਸ਼ਾਸਨ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਏਕਤਾ ਦਾ ਸੁਆਲ ਹੈ, ਜਦੋਂ ਵੀ ਕਿਸਾਨੀ ਨਾਲ ਸਬੰਧਤ ਕੋਈ ਮੁੱਦਾ ਉੱਠੇਗਾ ਸਭ ਜਥੇਬੰਦੀਆਂ ਇਕਮੁੱਠ ਹੋ ਕੇ ਲੜਦੀਆਂ ਰਹਿਣਗੀਆਂ।
ਉੱਘੇ ਪੱਤਰਕਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੱਖ ਵੱਖ ਵਿਚਾਰਧਾਰਕ ਧਿਰਾਂ ਨੇ ਕਿਸਾਨ ਅੰਦੋਲਨ ਪੂਰੀ ਏਕਤਾ ਨਾਲ ਲੜਿਆ ਅਤੇ ਜਿੱਤਿਆ। ਪਰ ਕਿਸਾਨ ਜਥੇਬੰਦੀਆਂ ਇਸ ਏਕੇ ਨੂੰ ਬਰਕਰਾਰ ਨਹੀਂ ਰੱਖ ਸਕੀਆਂ, ਜੋ ਲੋੜ ਸੀ। ਉਹਨਾਂ ਕਿਹਾ ਮੋਰਚੇ ਵਿਚਲੇ ਅਨੁਸ਼ਾਸਨ ਨੂੰ ਦੁਨੀਆਂ ਭਰ ਦੇ ਲੋਕਾਂ ਨੇ ਸਲਾਹਿਆ ਹੈ। ਸਮਾਜਿਕ ਚਿੰਤਕ ਸ੍ਰੀ ਪਿਆਰਾ ਲਾਲ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੜਕਾਹਟ ਵਾਲੀਆਂ ਕਾਰਵਾਈਆਂ ਦੇ ਬਾਵਜੂਦ ਲੜੇ ਗਏ ਕਿਸਾਨ ਅੰਦੋਲਨ ਨੇ ਦੁਨੀਆਂ ਭਰ ਲਈ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਉਹਨਾਂ ਕਿਹਾ ਕਿ ਮੋਰਚੇ ਤੋਂ ਬਾਅਦ ਖੜੋਤ ਆ ਜਾਣੀ ਇੱਕ ਆਮ ਵਰਤਾਰਾ ਹੈ, ਪਰ ਸੰਘਰਸ਼ ਖਤਮ ਨਹੀਂ ਹੋਇਆ।
ਇਸ ਸਬੰਧੀ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਖੱਬੀਆਂ ਧਿਰਾਂ ਦਾ ਰੋਲ ਵੀ ਮੋਹਰੀ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਵਾਸੀਆਂ ਲਈ ਇਹ ਵੱਡਾ ਸਬਕ ਹੈ ਕਿ ਸੰਘਰਸ਼ ਵਿੱਚ ਹਰ ਧਰਮ, ਹਰ ਜਾਤ, ਹਰ ਗੋਤ, ਹਰ ਪਾਰਟੀ ਨਾਲ ਸਬੰਧਤ ਕਿਸਾਨ ਤੇ ਉਹਨਾਂ ਦੇ ਸਹਿਯੋਗੀ ਸ਼ਾਮਲ ਹੋਏ। ਇਹ ਸੰਘਰਸ਼ ਏਕਤਾ ਅਤੇ ਧਰਮ ਨਿਰਪੱਖਤਾ ਦੀ ਵੱਡੀ ਉਦਾਹਰਣ ਵੀ ਹੈ। ਇਸ ਸੰਘਰਸ਼ ਨੇ ਦੋਹਰੇ ਰੋਲ ਵਾਲੇ ਸਿਆਸਤਦਾਨਾਂ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਸੁਚੇਤ ਕੀਤਾ। ਵਖਰੇਵੇਂ ਵਿਚਾਰਾਂ ਵਾਲਿਆਂ ਵੱਲੋਂ ਅਨੁਸ਼ਾਸਨ ਅਧੀਨ ਲੰਬੇ ਸਮੇਂ ਲਈ ਲੜਿਆ ਇਹ ਸੰਘਰਸ਼ ਦੁਨੀਆਂ ਭਰ ਦੇ ਸੰਘਰਸ਼ਸ਼ੀਲ ਲੋਕਾਂ ਲਈ ਰਾਹ ਦਸੇਰਾ ਬਣਿਆ ਰਹੇਗਾ।
ਕੁੱਲ ਮਿਲਾ ਕੇ ਸੰਘਰਸ਼ ਦੀ ਜਿੱਤ ਤੇ ਪ੍ਰਾਪਤੀਆਂ ਤਸੱਲੀਬਖਸ਼ ਹਨ, ਅਨੁਸ਼ਾਸਨ ਤੇ ਧਰਮ ਨਿਰਪੱਖਤਾ ਵੱਡੀ ਮਿਸਾਲ ਹੈ, ਏਕਤਾ ਕਾਇਮ ਹੈ ਅਤੇ ਕਾਇਮ ਰਹੇਗੀ।
-ਮੋਬਾ: 098882 75913