ਦਵਿੰਦਰ ਪਾਲ ਹੀਉਂ :-
ਰਚਿਤ ਇਨਕਲਾਬੀ ਨਾਹਰਾ “ਹੱਲਾ ਬੋਲ“ ਦਾ ਹੋਕਾ ਦੇਣ ਵਾਲੇ ਕਿਰਤੀ ਕਾਮਿਆਂ ਦੇ ਹੀਰੋ, ਨੁੱਕੜ ਨਾਟਕਾਂ ਦੇ ਜਨਮ ਦਾਤਾ ਮਹਾਨ ਸ਼ਹੀਦ ਸਾਥੀ ਸਫਦਰ ਹਾਸ਼ਮੀ ਇਸ ਨਾਹਰੇ ਨਾਲ ਹਮੇਸ਼ਾ ਹੀ ਸੰਘਰਸ਼ਾਂ ਦੇ ਮੈਦਾਨ ਵਿੱਚ ਜਿਊਂਦਾ ਰਹੇਗਾ ਹਾਸ਼ਮੀ ਦਾ ਜਨਮ 12 ਅਪ੍ਰੈਲ 1954 ਦਿੱਲੀ ਦੇ ਇੱਕ ਮਜਦੂਰ ਪਰਿਵਾਰ ਹਨੀਫ ਅਤੇ ਕੋਮਰ ਅਜਾਦ ਹਾਸ਼ਮੀ ਦੇ ਘਰ ਵਿੱਚ ਹੋਇਆ। ਇੱਕ ਇਨਕਲਾਬੀ ਕਮਿਉਨਿਸਟ, ਬੁੱਧੀਜੀਵੀ, ਕਵੀ, ਨਾਟਕਕਾਰ, ਕਲਾਕਾਰ, ਨਿਰਦੇਸ਼ਕ,ਪੱਤਰਕਾਰ, ਸਾਹਿਤਕਾਰ, ਗੀਤਕਾਰ ਅਤੇ ਨਿੱਡਰ ਆਗੂ ਸਾਥੀ ਸਫਦਰ ਹਾਸ਼ਮੀ ਦਾ ਸ਼ੁਰੂਆਤੀ ਜੀਵਨ ਅਲੀਗੜ੍ਹ ਤੇ ਦਿੱਲੀ ਵਿੱਚ ਗੁਜਰਿਆ ਇੱਥੇ ਇੱਕ ਪ੍ਰਗਤੀਸ਼ੀਲ ਮਾਰਕਸਵਾਦੀ ਪ੍ਰੀਵਾਰ ਵਿੱਚ ਉਸ ਦਾ ਪਾਲਣ-ਪੋਸ਼ਣ ਹੋਇਆ। ਮੁਢਲੀ ਸਿੱਖਿਆ ਲਈ ਦਿੱਲੀ ਦੇ ਸੈਂਟ ਸਟੀਫੇਨਸ ਕਾਲਜ ਤੋਂ ਇੰਗਲਿਸ਼ ਵਿੱਚ ਗ੍ਰੈਜੁਏਸ਼ਨ ਕਰਕੇ ਦਿੱਲੀ ਯੂਨੀਵਰਸਿਟੀ ਵਿਖੇ ਇੰਗਲਿਸ਼ ਦੀ ਐਮ ਏ ਕੀਤੀ। ਇਸ ਦੌਰਾਨ ਸਫਦਰ ਹਾਸ਼ਮੀ “ਜਨ ਨਾਟਿਆ ਮੰਚ“ ਅਤੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ (ਐਸ ਐਫ ਆਈ)ਦੇ ਦਿੱਲੀ ਵਿੱਚ ਸੰਸਥਾਪਕ ਆਗੂ ਬਣੇ। ਹਾਸ਼ਮੀ ਨੇ “ਜਨ ਨਾਟਿਆ ਮੰਚ“ (ਜਨਮ) ਦੀ ਨੀਂਹ 1973 ਵਿੱਚ ਇਪਟਾ ਤੋਂ ਅਲੱਗ ਹੋ ਕੇ ਰੱਖੀ ਜਨਮ ਵਲੋਂ ਦੇਸ਼ ਦੇ ਸਨਅਤੀ ਮਜਦੂਰਾਂ ਦੇ ਸੰਗਠਨ ਸੀਟੂ ਨੂੰ ਮਜਬੂਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਇਸ ਤੋਂ ਇਲਾਵਾ ਵਿੱਦਿਆਰਥੀ, ਨੌਜਵਾਨ, ਔਰਤਾਂ ਅਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਵੀ ਬੇਹਤਰੀਨ ਰੋਲ ਅਦਾ ਕੀਤਾ। ਸਫਦਰ ਹਾਸ਼ਮੀ ਇੱਕ ਅਜਿਹਾ ਮਹਾਨ ਇਨਸਾਨ ਸੀ ਜਿਸਦੀ ਰੰਗ-ਮੰਚ ਨੂੰ ਗਲੀ-ਗਲੀ ਤੇ ਘਰ-ਘਰ ਤੱਕ ਪਹੁੰਚਾਉਣ ਦੀ ਇੱਛਾ ਨੇ ਉਸ ਨੂੰ ਇੱਕ ਪੇਸ਼ੇਵਰ ਰੰਗਕਰਮੀ ਬਣਾਇਆ ਜਿਸਦੇ ਦਿ੍ਰੜ ਸੰਕਲਪ ਨੇ ਪੈਸੇ ਕਮਾਉਣ, ਐਸ਼ੋ-ਆਰਾਮ ਤੇ ਚੰਗੇ ਵੱਡੇ ਆਹੁਦੇ ਵਾਲੀਆਂ ਨੌਕਰੀਆਂ ਨੂੰ ਲੱਤ ਮਾਰਦਿਆਂ ਹੋਇਆਂ ਦੇਸ਼ ਦੇ ਦੱਬੇ-ਕੁਚਲੇ ਮਿਹਨਤਕਸ਼ ਲੋਕਾਂ ਨੂੰ ਹੱਕਾਂ-ਹਿੱਤਾਂ ਲਈ ਜਗਾਉਣ ਲਈ ਜਿੰਦਗੀ ਲਗਾਉਣ ਦਾ ਕਠੋਰ ਰਾਹ ਅਖਤਿਆਰ ਕੀਤਾ।
ਦਿੱਲੀ ਦੇ ਨਜਦੀਕ ਗਾਜੀਆਬਾਦ
ਇੰਡਸਟਰੀਅਲ ਇਲਾਕੇ ਦੇ ਪਿੰਡ ਝੰਡਾਪੁਰ ਵਿੱਚ 1-2 ਜਨਵਰੀ ਦੀ ਸਾਂਝੀ ਰਾਤ 1989 ਨੂੰ ਉਸ ਸਮੇਂ ਦੇ ਕੁਝ ਗੁੰਡਿਆਂ ਵਲੋਂ ਸਾਥੀ ਹਾਸ਼ਮੀ ਨੂੰ ਸ਼ਹੀਦ ਕਰ ਦਿੱਤਾ ਜਦੋਂ ਉਹ ਆਪਣੀ ਟੀਮ ਸਮੇਤ 20 ਮਿੰਟ ਦਾ ਇਨਕਲਾਬੀ ਨਾਟਕ “ਹੱਲਾ ਬੋਲ’’ ਖੇਡ ਰਹੇ ਸਨ। ਇਸ ਸਾਹਿਬਾਬਾਦ ਇਲਾਕੇ ਵਿੱਚ ਇਹ ਨਾਟਕ ਇਸ ਤੋਂ ਪਹਿਲਾਂ ਵੀ ਅੱਠ ਵਾਰ ਖੇਡਿਆ ਗਿਆ ਸੀ। ਕਿਰਤੀਆਂ ਦੇ ਜਬਰਦਸਤ ਇਕੱਠ ਤੇ ਮਜਬੂਤ ਹੋ ਰਹੀ ਏਕਤਾ ਨੂੰ ਦੇਖ ਕੇ ਵਿਰੋਧੀ ਉਮੀਦਵਾਰ ਦੀ ਰਾਤਾਂ ਦੀ ਨੀਂਦ ਹਰਾਮ ਹੋ ਚੁੱਕੀ ਸੀ ਇਸੇ ਕਰਕੇ ਪੁਲਸ, ਫੈਕਟਰੀ ਮਾਲਕ ਅਤੇ ਗੁੰਡਾ ਅਨਸਰਾਂ ਦੇ ਗੱਠਜੋੜ ਵਲੋਂ ਸਫਦਰ ਹਾਸ਼ਮੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੋਕ ਲਹਿਰ ਨੂੰ ਮਜਬੂਤ ਕਰਨ ਅਤੇ ਕਾਮਿਆਂ ਦੇ ਸੁਨਹਿਰੀ ਭਵਿੱਖ ਵਾਸਤੇ ਡੱਟਕੇ ਪਹਿਰਾ ਦਿੰਦੇ ਆਪਣੇ ਆਖਰੀ ਸਾਹਾਂ ਤੱਕ ਦਿੰਦੇ ਹੋਏ ਸ਼ਹੀਦੀ ਜਾਮ ਪੀ ਗਏ। ਉਕਤ ਘਟਨਾ ਵੇਲੇ ਜਦੋਂ ਉੱਥੇ ਸਾਥੀਆਂ ਵਲੋਂ “ਹੱਲਾ ਬੋਲ“ ਨਾਟਕ ਖੇਡਿਆ ਜਾ ਰਿਹਾ ਸੀ ਤਾਂ ਸੱਤਾ ਦੀ ਸਹਿ ਦੇ ਨਸ਼ੇ ਵਿੱਚ ਚੂਰ ਗੁੰਡਿਆਂ ਨੇ ਇਕੱਤਰ ਮਜਦੂਰਾਂ ਤੇ ਤੇਜ-ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤਾਂ ਸਫਦਰ ਹਾਸ਼ਮੀ ਤੇ ਉਸ ਦੇ ਸਾਥੀ ਵੀ ਨਾਟਕ। ਵਿਚਾਲੇ ਛੱਡ ਕੇ ਮੈਦਾਨ ਵਿੱਚ ਆ ਕੇ ਲੋਕਾਂ ਦੇ ਬਚਾਅ ਲਈ ਮਦਦ ਕਰਨ ਲੱਗ ਪਏ ਤਾਂ ਉਨ੍ਹਾਂ ਗੁੰਡਿਆਂ ਨੇ ਸਾਥੀ ਸ਼ਫਦਰ ਹਾਸ਼ਮੀ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ।
ਰੰਗਮੰਚ ਅਤੇ ਕਿਰਤੀਆਂ ਲਈ ਸਫਦਰ ਹਾਸ਼ਮੀ ਵਲੋਂ ਦਿੱਤੇ ਬਲੀਦਾਨ ਨੂੰ ਹਮੇਸ਼ਾ ਇਤਿਹਾਸ ਦੇ ਪੰਨਿਆਂ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਉਸ ਦੀ ਕੁਰਬਾਨੀ ਜਾਇਆ ਨਹੀਂ ਜਾਵੇਗੀ ਦਾ ਪ੍ਰਣ ਲੈ ਕੇ ਸ਼ਹੀਦ ਸਾਥੀ ਦੀ ਪਤਨੀ ਕਾਮਰੇਡ ਮਾਲਾ ਸ੍ਰੀ ਹਾਸ਼ਮੀ ਅਤੇ ਭੈਣ ਸ਼ਬਨਬ ਹਾਸ਼ਮੀ ਜੋ ਕਿ ਉਸ ਵਕਤ ਨਾਟਕ ਟੀਮ ਦਾ ਹੀ ਹਿੱਸਾ ਸਨ ਨੇ ਬਹੁਤ ਦਲੇਰੀ ਨਾਲ ਸਾਥੀ ਹਸ਼ਮੀ ਸ਼ਹੀਦੀ ਤੋਂ ਦੂਸਰੇ ਦਿਨ ਹੀ ਉਸੇ ਜਗ੍ਹਾ ਤੇ ਜਿੱਥੇ ਸ਼ਹੀਦ ਦਾ ਖੂਨ ਡੁੱਲ੍ਹਿਆ ਪਿਆ ਸੀ ਅਧੂਰਾ ਛੱਡਿਆ ਨਾਟਕ “ਹੱਲਾ ਬੋਲ“ ਖੇਡ ਕੇ ਕਾਤਲਾਂ ਨੂੰ ਵੰਗਾਰਿਆ ਇਸ ਮੌਕੇ ਤੇ ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਕਾਮਿਆਂ ਨੂੰ ਦੇਖ ਕੇ ਗੁੰਡਿਆਂ ਦੇ ਸਿਰ ਸ਼ਰਮ ਨਾਲ ਨੀਵੇਂ ਹੋ ਗਏ। ਸ਼ਹੀਦ ਦੀ ਪਤਨੀ ਅਤੇ ਭੈਣ ਵਲੋਂ ਸ਼ਹੀਦ ਸੋਚ ਨੂੰ ਅੱਗੇ ਵਧਾਉਣ ਲਈ ਰੰਗਮੰਚ ਦਾ ਸੰਚਾਲਨ ਨਿਰੰਤਰ ਜਾਰੀ ਰੱਖਿਆ ਗਿਆ ਹੈ।ਸਾਥੀ ਹਾਸ਼ਮੀ ਦੇ ਕਤਲ ਉਪਰੰਤ ਮੁੰਬਈ ਦੇ ਵੱਡੀ ਗਿਣਤੀ ਫਿਲਮੀ ਸਿਤਾਰਿਆਂ ਨੇ ਸ਼ਵਾਨਾ ਆਜਮੀ, ਜਾਵੇਦ ਅਖਤਰ, ਕਬੀਰ ਬੇਦੀ, ਨਸ਼ੀਰੂਦੀਨ ਸ਼ਾਹ, ਆਦਿ ਦੀ ਅਗਵਾਈ ਹੇਠ ਮੌਕੇ ਦੇ ਸੂਚਨਾ ਪ੍ਰਸਾਰਣ ਮੰਤਰੀ ਅਤੇ ਕੇਂਦਰੀ ਸਰਕਾਰ ਦਾ ਡੱਟਕੇ ਵਿਰੋਧ ਕੀਤਾ ਅਤੇ ਸ਼ਹੀਦ ਸਾਥੀ ਨੂੰ ਸਰਧਾਂਜਲੀ ਭੇਟ ਕੀਤੀ। ਦਿੱਲੀ ਵਰਗੇ ਮਹਾਨਗਰ ਵਿੱਚ ਨੁੱਕੜ ਨਾਟਕਾਂ ਦੀ ਸ਼ੁਰੂਆਤ ਸ਼ਹੀਦ ਸਫਦਰ ਹਾਸ਼ਮੀ ਵਲੋਂ ਹੀ ਕੀਤੀ ਗਈ ਸੀ ਉਨ੍ਹਾਂ ਦੀ ਨਿਰਦੇਸ਼ਨਾ ਹੇਠ ਪ੍ਰਬੰਧ ਦੀ ਤ੍ਰਾਸਦੀ ਪੇਸ਼ ਕਰਦੇ ਇਨਕਲਾਬੀ ਨਾਟਕ ਮਸ਼ੀਨ, ਔਰਤ, ਪਿੰਡਾਂ ਤੋਂ ਸ਼ਹਿਰ ਤੱਕ, ਰਾਜੇ ਕਾ ਬਾਜਾ, ਹੱਤਿਆਰਾ ਆਦਿ ਨਾਟਕਾਂ ਨੂੰ ਅਨੇਕਾਂ ਵਾਰ ਖੇਡਿਆ ਗਿਆ। ਦਿੱਲੀ ਦੂਰਦਰਸ਼ਨ ਕੇਂਦਰ ਉੱਤੇ ਪੇਸ਼ ਕੀਤੀਆਂ ਹਿੰਦੀ ਲੜੀਵਾਰ “ਖਿਲਤੀ ਕਲੀਆਂ’’ ਅਤੇ ਗੀਤ, ਕਵਿਤਾਵਾਂ ਵਿੱਚੋਂ “ਪੜ੍ਹਨਾ ਲਿਖਨਾ ਸੀਖੋ ਐ ਮਿਹਨਤ ਕਰਨੇ ਵਾਲੋ’’ ਅੱਜ ਵੀ ਕਿਰਤੀਆਂ ਦੀਆਂ ਸਟੇਜਾਂ ਤੇ ਪ੍ਰਚਲਿਤ ਹਨ। ਸਫਦਰ ਨੇ ਕਈ ਡਾਕੂਮੈਂਟਰੀ ਫਿਲਮਾਂ ਵੀ ਸਮਾਜ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਪੇਸ਼ ਕੀਤੀਆਂ।
ਸ਼ਹੀਦ ਸਫਦਰ ਹਾਸ਼ਮੀ ਵਲੋਂ ਨਾਟਕਾਂ ਰਾਹੀਂ ਦਿੱਤਾ ਹੋਕਾ “ਹੱਲਾ ਬੋਲ“ ਦਾ ਇਨਕਲਾਬੀ ਨਾਹਰਾ ਜਦੋਂ ਵੀ ਸਮੇਂ-ਸਮੇਂ ਚੱਲਣ ਵਾਲੇ ਅੰਦੋਲਨਾਂ ਦੌਰਾਨ ਲਾਇਆ ਜਾਂਦਾ ਹੈ ਤਾਂ ਹਰ ਕਿਰਤੀ ਵਿੱਚੋਂ ਸਫਦਰ ਹਾਸ਼ਮੀ ਦਾ ਚਿਹਰਾ ਨਜਰ ਆਉਂਦਾ ਹੈ। ਅੱਜ ਦੇ ਇਸ ਕਠਿਨ ਦੌਰ ਵਿੱਚ ਸ਼ਹੀਦ ਸਫਦਰ ਹਾਸ਼ਮੀ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਸ ਮਹਾਨ ਸ਼ਹੀਦ ਦੇ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕਰਦਿਆਂ ਹੋਇਆਂ ਫਿਰਕਾਪ੍ਰਸਤੀ, ਗੁੰਡਾਗਰਦੀ, ਪੂੰਜੀਵਾਦੀ ਲੁੱਟ-ਖਸੁੱਟ ਦੇ ਖਿਲਾਫ ਜੰਗ ਲੜਨ ਅਤੇ ਕਿਰਤੀਆਂ ਦੇ ਕਲਿਆਣ ਵਾਲੇ ਸਮਾਜਵਾਦ ਦੀ ਸਥਾਪਨਾ ਲਈ ਪਹਿਲ ਕਦਮੀ ਕੀਤੀ ਜਾਵੇ।
-ਮੋਬਾ:0039 3203459870