ਕੁਲਦੀਪ ਚੰਦ ਦੋਭੇਟਾ
ਭਾਰਤ ਵਿੱਚ ਲੰਬਾ ਸਮਾਂ ਮਹਿਲਾਵਾਂ ਸਮਾਜਿਕ ਅਤੇ ਧਾਰਮਿਕ ਕੁਰੀਤੀਆਂ ਅਤੇ ਵਿਤਕਰੇ ਦਾ ਸ਼ਿਕਾਰ ਰਹੀਆਂ ਹਨ ਅਤੇ ਦਲਿਤ ਮਹਿਲਾਵਾਂ ਨੂੰ ਤਾਂ ਹੋਰ ਵੀ ਵੱਧ ਅੱਤਿਆਚਾਰਾਂ ਦਾ ਸ਼ਿਕਾਰ ਹੋਣਾ ਪਿਆ ਹੈ। ਭਾਰਤ ਵਿੱਚ ਮਹਿਲਾਵਾਂ ਨਾਲ ਹੋ ਰਹੇ ਇਸ ਵਿੱਤਕਰੇ ਨੂੰ ਖਤਮ ਕਰਨ ਲਈ ਸਮੇਂ ਸਮੇਂ ਤੇ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਮਾਜ ਸੁਧਾਰਕਾਂ ਨੇ ਮੁਹਿੰਮ ਚਲਾਈ ਹੈ ਜਿਨ੍ਹਾਂ ਵਿੱਚਂ ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ, ਦਇਆ ਨੰਦ ਸਰਸਵਤੀ, ਸਯੱਦ ਅਹਿਮਦ ਖ਼ਾਨ, ਪੰਡਿਤਾ ਰਮਾਬਾਈ, ਪੇਰੀਆਰ ਈ ਵੀ ਰਾਮਾਸਾਮੀ, ਜਯੋਤੀਬਾ ਫੂਲੇ, ਸਾਵਿੱਤਰੀ ਬਾਈ ਫੂਲੇ, ਡਾਕਟਰ ਭੀਮ ਰਾਓ ਅੰਬੇਡਕਰ ਆਦਿ ਦਾ ਵਿਸ਼ੇਸ਼ ਨਾਮ ਸ਼ਾਮਿਲ ਹਨ। ਇਨ੍ਹਾਂ ਸਮਾਜ ਸੁਧਾਰਕਾਂ ਵਿੱਚ ਪਹਿਲੀ ਮਹਿਲਾ ਅਧਿਆਪਕ ਸਾਵਿਤਰੀ ਬਾਈ ਫੂਲੇ ਦਾ ਨਾਮ ਵੀ ਸ਼ਾਮਿਲ ਹੈ। ਸਾਵਿਤਰੀ ਬਾਈ ਫੂੁਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਖੰਦੋਜੀ ਨੇਵਸੇ ਪਾਟਿਲ ਅਤੇ ਮਾਤਾ ਦਾ ਨਾਮ ਲਕਸ਼ਮੀ ਸੀ ਅਤੇ ਆਪ ਦਾ ਪਰਿਵਾਰ ਖੇਤੀਬਾੜੀ ਕਰਦਾ ਸੀ। ਉਹ ਪਰਿਵਾਰ ਦੀ ਸਭ ਤੋਂ ਵੱਡੀ ਧੀ ਸੀ। 1840 ਵਿੱਚ ਜਦੋਂ ਉਸਦੀ ਉਮਰ ਸਿਰਫ਼ 9 ਸਾਲ ਦੀ ਸੀ ਦਾ ਵਿਆਹ ਤੇਰਾਂ ਸਾਲਾ ਜੋਤੀਬਾ ਫੂਲੇ ਨਾਲ ਹੋਇਆ ਸੀ। ਮਾਲੀ ਪਰਿਵਾਰ ਵਿੱਚੋਂ ਹੋਣ ਕਰਕੇ ਜਯੋਤੀ ਰਾਉ ਫੂਲੇ ਨੂੰ ਕਈ ਕੌੜੇ ਤਜਰਬੇ ਸਨ। ਵਿਆਹ ਤੋਂ ਬਾਅਦ ਉਹ ਅਪਣੇ ਪਤੀ ਨਾਲ ਪੂਨੇ ਆ ਗਈ। ਵਿਆਹ ਤੋਂ ਪਹਿਲਾਂ ਉਹ ਅਨਪੜ੍ਹ ਸੀ ਪਰ ਉਸਦੇ ਪਤੀ ਜੋਤੀਬਾ ਫੂਲੇ ਨੇ ਉਸਨੂੰ ਪੜ੍ਹਾਇਆ। ਉਸਨੇ ਪੂਨੇ ਅਤੇ ਅਹਿਮਦਨਗਰ ਵਿੱਚ ਅਧਿਆਪਕਾ ਦੀ ਟਰੇਨਿੰਗ ਲਈ ਅਤੇ ਇੱਕ ਯੋਗ ਅਧਿਆਪਕਾ ਬਣੀ। 3 ਜਨਵਰੀ 1848 ਨੂੰ ਪੂਨੇ ਵਿੱਚ ਉਸਨੇ ਅਪਣੇ ਪਤੀ ਨਾਲ ਮਿਲਕੇ ਵੱਖ ਵੱਖ ਜਾਤਾਂ ਦੀਆਂ 9 ਲੜਕੀਆਂ ਲਈ ਪਹਿਲਾ ਸਕੂਲ ਚਲਾਇਆ ਅਤੇ ਇੱਕ ਸਾਲ ਵਿੱਚ ਹੀ 5 ਸਕੂਲ ਖੋਲ ਦਿੱਤੇ। ਉਸ ਵੇਲੇ ਬਾਲ-ਵਿਆਹ ਪ੍ਰਥਾ, ਸਤੀ, ਲੜਕੀਆਂਂ ਨੂੰ ਜੰਮਦੇ ਹੀ ਮਾਰ ਦੇਣ, ਵਿਧਵਾ ਇਸਤਰੀ ਦੇ ਨਾਲ ਗੈਰ ਮਨੁੱਖੀ ਵਤੀਰਾ, ਬੇਮੇਲ ਵਿਆਹ, ਬਹੁਪਤਨੀ ਵਿਆਹ ਆਦਿ ਕੁਪ੍ਰਥਾਵਾਂ ਸਿਖਰ ਤੇ ਸਨ। ਉਸਨੇ ਨਾ ਸਿਰਫ਼ ਸਿੱਖਿਆ ਲਈ ਲੜਾਈ ਲੜੀ, ਸਗੋਂ ਉਨ੍ਹਾਂ ਨੇ ਦੇਸ਼ ਵਿੱਚ ਫੈਲੀਆਂ ਬੁਰਾਈਆਂ ਵਿਰੁੱਧ ਵੀ ਆਵਾਜ਼ ਉਠਾਈ। ਉਸਨੇ ਛੂਤ-ਛਾਤ, ਬਾਲ-ਵਿਆਹ, ਸਤੀ ਪ੍ਰਥਾ ਅਤੇ ਵਿਧਵਾ ਪੁਨਰ-ਵਿਆਹ ਦੀ ਮਨਾਹੀ ਵਰਗੀਆਂ ਬੁਰਾਈਆਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਵਿਰੁੱਧ ਲੜਦੀ ਰਹੀ। ਉਹ ਸਾਰੀ ਉਮਰ ਔਰਤਾਂ ਦੇ ਹੱਕਾਂ ਲਈ ਲੜਦੀ ਰਹੀ। ਉਸਨੇ ਮਹਿਲਾਵਾਂਂ ਦੇ ਅਧਿਕਾਰਾਂ ਅਤੇ ਸਿੱਖਿਆ ਸਬੰਧੀ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। 1849 ਤੱਕ ਸਾਵਿਤਰੀ ਬਾਈ ਅਤੇ ਜੋਤੀਰਾਓ ਫੂਲੇ ਜੋਤੀਬਾ ਰਾਓ ਦੇ ਪਿਤਾ ਦੇ ਘਰ ਰਹਿ ਰਹੇ ਸਨ। ਉਨ੍ਹਾਂ ਦੇ ਇਸ ਸਮਾਜਿਕ ਅੰਦੋਲਨ ਦੇ ਵਿਰੋਧ ਨੂੰ ਵੇਖਕੇ 1849 ਵਿੱਚ ਜੋਤੀਬਾ ਰਾਓ ਦੇ ਪਿਤਾ ਨੇ ਉਨ੍ਹਾਂ ਨੂੰ ਅਪਣੇ ਘਰੋਂ ਕੱਢ ਦਿਤਾ ਕਿਉਂਕਿ ਉਨ੍ਹਾਂ ਦੇ ਇਹ ਸਮਾਜ ਸੁਧਾਰ ਦੇ ਕੰਮਾਂ ਨੂੰ ਸਮਾਜ ਵਿੱਚ ਮਾਨਤਾ ਨਹੀਂ ਸੀ। ਘਰ ਵਿਚੋਂ ਜਾਣ ਤੋਂ ਬਾਅਦ ਉਹ ਅਪਣੇ ਇੱਕ ਦੋਸਤ ਉਸਮਾਨ ਸ਼ੇਖ ਦੇ ਪਰਿਵਾਰ ਦੇ ਕੋਲ ਚਲੇ ਗਏ। ਉੱਥੇ ਹੀ ਸਾਵਿਤਰੀ ਬਾਈ ਫਾਤਿਮਾ ਬੇਗਮ ਸ਼ੇਖ ਨਾਂ ਦੀ ਕਰੀਬੀ ਦੋਸਤ ਅਤੇ ਸਹਿਯੋਗੀ ਨੂੰ ਮਿਲੀ ਜੋਕਿ ਪੜ੍ਹਨਾ ਲਿਖਣਾ ਜਾਣਦੀ ਸੀ ਅਤੇ ਉਸਦਾ ਭਰਾ ਉਸਮਾਨ ਜੋਕਿ ਜੋਤੀਬਾ ਦਾ ਦੋਸਤ ਸੀ ਨੇ ਫਾਤਿਮਾ ਨੂੰ ਅਧਿਆਪਕ ਸਿਖਲਾਈ ਕੋਰਸ ਕਰਨ ਲਈ ਉਤਸ਼ਾਹਿਤ ਕੀਤਾ ਸੀ। ਸਾਵਿੱਤਰੀ ਬਾਈ ਫੂਲੇ ਭਾਰਤ ਵਿੱਚ ਪਹਿਲੀ ਦਲਿਤ ਅਧਿਆਪਕਾ ਸੀ ਅਤੇ ਫਾਤਿਮਾ ਸ਼ੇਖ ਪਹਿਲੀ ਮੁਸਲਮਾਨ ਅਧਿਆਪਕਾ ਸੀ। ਫਾਤਿਮਾ ਅਤੇ ਸਾਵਿਤਰੀਬਾਈ ਨੇ 1849 ਵਿੱਚ ਘਰ ਵਿੱਚ ਹੀ ਇੱਕ ਸਕੂਲ ਖੋਲ੍ਹਿਆ। 1850 ਵਿੱਚ ਬਿਮਾਰੀ ਦੀ ਹਾਲਤ ਵਿੱਚ ਸਾਵਿੱਤਰੀ ਬਾਈ ਫੂਲੇ ਨੂੰ ਮਾਪਿਆਂ ਦੇ ਘਰ ਆਉਣਾ ਪਿਆ। ਇਥੋਂ ਲਿਖੇ ਖ਼ੱਤ ਵਿੱਚ ਪਹਿਲੀ ਚਿੰਤਾ ਫਾਤਿਮਾ ਬਾਰੇ ਹੈ, ਜਿਸ ਨੂੰ ਇਕੱਲੇ ਸਾਰਾ ਘਰ ਸੰਭਾਲਣਾ ਪੈਂਦਾ ਹੈ। ਇਥੇ ਹੀ ਭਰਾ ਨਾਲ ਤਿੱਖੀ ਵਿਚਾਰਧਾਰਕ ਝੜਪ ਹੁੰਦੀ ਹੈ।1850 ਦੇ ਦਹਾਕੇ ਵਿੱਚ ਸਾਵਿਤਰੀਬਾਈ ਅਤੇ ਜੋਤੀਬਾ ਰਾਓ ਫੂਲੇ ਨੇ ਦੋ ਵਿੱਦਿਅਕ ਟਰੱਸਟਾਂ ਦੀ ਸਥਾਪਨਾ ਕੀਤੀ। 1852 ਵਿੱਚ ਉਸ ਨੇ ਅਛੂਤ ਲੜਕੀਆਂ ਲਈ ਇੱਕ ਪਾਠਸ਼ਾਲਾ ਦੀ ਸਥਾਪਨਾ ਕੀਤੀ। ਉਸ ਨੇ ਮਹਿਲਾਵਾਂਂ ਲਈ ਵਿਧਵਾ ਵਿਆਹ ਕਰਵਾਉਣ, ਛੁਆਛਾਤ ਮਿਟਾਉਣ, ਔਰਤਾਂ ਦੀ ਮੁਕਤੀ ਅਤੇ ਦਲਿਤ ਔਰਤਾਂ ਨੂੰ ਸਿੱਖਿਅਤ ਕਰਨ ਲਈ ਜੋਰਦਾਰ ਸੰਘਰਸ਼ ਕੀਤਾ। ਸਾਲ 1852 ਵਿੱਚ ਤਿੰਨ ਸਕੂਲ ਚਲਾਏ ਗਏ ਸਨ। ਉਸੇ ਸਾਲ 16 ਨਵੰਬਰ ਨੂੰ ਬ੍ਰਿਟਿਸ਼ ਸਰਕਾਰ ਨੇ ਫੂਲੇ ਪਰਿਵਾਰ ਨੂੰ ਸਿੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਅਤੇ ਸਾਵਿਤਰੀਬਾਈ ਨੂੰ ਸਰਵੋਤਮ ਅਧਿਆਪਕ ਦਾ ਨਾਮ ਦਿੱਤਾ ਗਿਆ। ਉਸਨੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਸਨਮਾਨ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਹਿਲਾ ਸੇਵਾ ਮੰਡਲ ਵੀ ਸ਼ੁਰੂ ਕੀਤਾ। ਉਹ ਵਿਧਵਾਵਾਂ ਦੇ ਵਾਲ ਕਟਵਾਉਣ ਦੀ ਮੌਜੂਦਾ ਪ੍ਰਥਾ ਦੇ ਵਿਰੋਧ ਵਿੱਚ ਮੁੰਬਈ ਅਤੇ ਪੂਨਾ ਵਿੱਚ ਨਾਈਆਂ ਦੀਆਂ ਹੜਤਾਲਾਂ ਦਾ ਆਯੋਜਨ ਕਰਨ ਵਿੱਚ ਸਫਲ ਰਹੀ। ਉਹ ਇੱਕ ਕਵਿਤਰੀ ਸੀ ਉਸ ਨੂੰ ਮਰਾਠੀ ਦੀ ਆਦਿ ਕਵਿਤਰੀ ਵਜੋਂ ਜਾਣਿਆ ਜਾਂਦਾ ਹੈ। ਸਾਵਿਤਰੀਬਾਈ ਨੇ ਉਸ ਦੌਰ ਵਿੱਚ ਕੰਮ ਕੀਤਾ ਜਦੋਂ ਧਾਰਮਿਕ ਅੰਧਵਿਸ਼ਵਾਸ, ਰੂੜੀਵਾਦ, ਛੂਆਛਾਤ, ਦਲਿਤਾਂ ਅਤੇ ਇਸਤਰੀਆਂ ਉੱਤੇ ਮਾਨਸਿਕ ਅਤੇ ਸਰੀਰਕ ਜ਼ੁਲਮ ਆਪਣੀ ਸਿਖਰ ਤੇ ਸੀ। ਇਹ ਆਪਣੇ ਆਪ ਵਿੱਚ ਇਕ ਉਦਾਹਰਣ ਹੈ ਕਿ 19ਵੀਂ ਸਦੀ ਦੇ ਅੱਧ ਵਿਚ ਜੋਤੀਬਾ ਰਾਓ ਫੂਲ ਨੇ ਅਪਣੀ ਪਤਨੀ ਸਾਵਿੱਤਰੀ ਬਾਈ ਫੂਲੇ ਨੂੰ ਪੜ੍ਹਾਇਆ ਅਤੇ ਅਧਿਆਪਕਾ ਦੇ ਅਹੁਦੇ ਤਕ ਪਹੁੰਚਾਇਆ। ਅਛੂਤਾਂ ਨੂੰ ਪੜ੍ਹਾਉਣ ਕਰਕੇ ਉਨ੍ਹਾਂ ਨੂੰ ਕਾਫੀ ਅੱਤਿਆਚਾਰ ਸਹਿਣੇ ਪਏ ਪਰ ਉਨ੍ਹਾਂ ਹੋਰ ਸਕੂਲਾਂ ਦੀ ਸ਼ੁਰੂਆਤ ਕੀਤੀ ਅਤੇ ਦਿਹਾੜੀਦਾਰ ਕਾਮਿਆਂਂ ਲਈ ਰਾਤ ਦਾ ਸਕੂਲ ਖੋਲ੍ਹਿਆ। ਉਨ੍ਹਾਂ ਨੇ ਵਿਧਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਆਸ਼ਰਮ ਬਣਾਇਆ। ਪਾਣੀ ਦੇ ਸ੍ਰੋਤ ਲਈ ਘਰ ਖੋਲ੍ਹ ਦਿੱਤਾ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਵਿਤਰੀ ਬਾਈ ਫੂਲੇ ਨੇ ਮਹਾਰਵਾੜਾ ਵਿਖੇ ਲੜਕੀਆਂਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਸ ਨੇ ਇੱਕ ਕ੍ਰਾਂਤੀਕਾਰੀ ਨਾਰੀਵਾਦੀ ਅਤੇ ਜੋਤੀ ਰਾਓ ਦੀ ਸਲਾਹਕਾਰ ਸਗੁਨਾਬਾਈ ਨਾਲ ਮਿਲਕੇਇਹ ਸਭ ਕੁੱਝ ਕੀਤਾ ਸੀ। 1851 ਦੇ ਅੰਤ ਤੱਕਸਾਵਿਤਰੀ ਬਾਈ ਅਤੇ ਜੋਤੀਬਾ ਰਾਓ ਫੂਲੇਪੂਨਾ ਵਿੱਚ ਲੜਕੀਆਂ ਲਈ ਤਿੰਨ ਵੱਖ-ਵੱਖ ਸਕੂਲ ਚਲਾ ਰਹੇ ਸਨ ਜਿਨ੍ਹਾਂ ਵਿੱਚ ਲਗਭਗ ਡੇਢ ਸੌ ਵਿਦਿਆਰਥੀ ਦਾਖਲ ਹੋਏ ਸਨ। ਜਨਵਰੀ 1848 ਤੋਂਂ ਲੈ ਕੇ 15 ਮਾਰਚ 1852 ਦੇ ਸਮੇਂ ਦੌਰਾਨ ਸਾਵਿਤਰੀਬਾਈ ਫੁਲੇ ਨੇ ਆਪਣੇ ਪਤੀ ਨਾਲ ਮਿਲ ਕੇ ਕੁੜੀਆਂ ਲਈ 18 ਸਕੂਲ ਖੋਲੇ। ਸਾਵਿਤਰੀਬਾਈ ਅਤੇ ਜੋਤੀਬਾ ਰਾਓ ਫੂਲੇ ਦੀ ਇਸ ਮੁਹਿੰਮ ਨੂੰ ਰੂੜ੍ਹੀਵਾਦੀ ਵਿਚਾਰਧਾਰਾ ਵਾਲੇ ਸਥਾਨਕ ਲੋਕਾਂ ਦੇ ਕੱਟੜ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਅਕਸਰ ਇੱਕ ਵਾਧੂ ਸਾੜੀ ਲੈ ਕੇ ਆਪਣੇ ਸਕੂਲ ਜਾਂਦੀ ਸੀ ਕਿਉਂਕਿ ਰੂੜੀਵਾਦੀ ਵਿਰੋਧ ਕਰਨ ਵਾਲੇ ਵਿਅਕਤੀਆਂ ਦੁਆਰਾ ਪੱਥਰ, ਗੋਬਰ ਚਿੱਕੜ ਆਦਿ ਸੁੱਟਿਆ ਜਾਂਦਾ ਸੀ। ਉਨ੍ਹਾਂ ਨੂੰ ਸ਼ੂਦਰ ਵਰਗ ਨਾਲ ਸਬੰਧਿਤ ਹੋਣ ਕਾਰਨ ਪਾਖੰਡੀਆਂ ਦੇ ਸੱਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਨਾਂ ਨੇ ਅਪਣਾ ਅੰਦੋਲਨ ਜਾਰੀ ਰੱਖਿਆ। ਉਸਨੇ ਅੰਤਰ-ਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਅਤੇ ਅਪਣੇ ਪਤੀ ਨਾਲ ਮਿਲਕੇ ‘ਸਤਿਆਸ਼ੋਧਕ ਸਮਾਜ’ ਦੀ ਸਥਾਪਨਾ ਕੀਤੀ। ਉਹ ਬਿਨਾਂ ਪੁਜਾਰੀ ਅਤੇ ਦਾਜ ਦੇ ਵਿਆਹ ਦਾ ਪ੍ਰਬੰਧ ਕਰਦੇ ਸੀ। ਇੱਕ ਉੱਚ ਜਾਤੀ ਦੀ ਵਿਧਵਾ ਮਹਿਲਾ ਖੁਦਕੁਸ਼ੀ ਕਰਨ ਜਾ ਰਹੀ ਸੀ ਜਿਸਦਾ ਨਾਮ ਕਾਸ਼ੀਬਾਈ ਸੀ। ਕਾਸ਼ੀਬਾਈ ਗਰਭਵਤੀ ਸੀ ਅਤੇ ਉਹ ਲੋਕਾਂ ਦੇ ਗੁੱਸੇ ਤੋਂ ਡਰ ਕੇ ਆਤਮਹੱਤਿਆ ਕਰਨ ਵਾਲੀ ਸੀ ਪਰ ਸਾਬਿਤਰੀਬਾਈ ਨੇ ਉਸ ਨੂੰ ਇਹ ਭਿਆਨਕ ਕਦਮ ਚੁੱਕਣ ਤੋਂ ਰੋਕ ਦਿੱਤਾ। ਉਹ ਕਾਸ਼ੀਬਾਈ ਦੇ ਘਰ ਆਈ ਅਤੇ ਇੱਥੇ ਹੀ ਇੱਕ ਲੜਕੇ ਨੂੰ ਜਨਮ ਦਿਤਾ ਜਿਸਦਾ ਨਾਮ ਯਸ਼ਵੰਤ ਰੱਖਿਆ।1874 ਵਿੱਚ ਜੋਤੀਬਾ ਰਾਓ ਫੂਲੇ ਅਤੇ ਸਾਵਿਤਰੀ ਬਾਈ ਨੇ ਇਸ ਬੱਚੇ ਨੂੰ ਗੋਦ ਲਿਆ। ਇਹ ਗੋਦ ਲਿਆ ਪੁੱਤਰ ਯਸ਼ਵੰਤ ਰਾਓ ਵੱਡਾ ਹੋ ਕੇ ਡਾਕਟਰ ਬਣ ਗਿਆ। ਯਸ਼ਵੰਤ ਫੂਲੇ ਜੋ ਉਨ੍ਹਾਂ ਦਾ ਵਾਰਿਸ ਬਣਿਆ ਇਸੇ ਵਿਧਵਾ ਆਸ਼ਰਮ ਵਿੱਚ ਪੈਦਾ ਹੋਇਆ ਸੀ। 1890 ਵਿੱਚ ਉਸਦੇ ਪਤੀ ਜੋਤੀਬਾ ਰਾਓ ਫੂਲੇ ਦੀ ਮੌਤ ਹੋ ਗਈ ਅਤੇ ਉਸਨੇ ਆਪ ਅਪਣੇ ਪਤੀ ਦਾ ਸੰਸਕਾਰ ਕੀਤਾ। ਜੋਤੀਬਾ ਰਾਓ ਫੂਲੇ ਤੋਂ ਬਾਅਦ ਸਤਿਆਸ਼ੋਧਕ ਸਮਾਜ ਦਾ ਕੰਮ ਸਾਵਿੱਤਰੀ ਬਾਈ ਫੂਲੇ ਨੇ ਹੀ ਦੇਖਿਆ। ਸਾਵਿਤਰੀ ਬਾਈ ਅਤੇ ਉਸ ਦੇ ਗੋਦ ਲਏ ਪੁੱਤਰ ਯਸ਼ਵੰਤ ਨੇ 1897 ਵਿੱਚ ਪਲੇਗ ਦੀ ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਇੱਕ ਕਲੀਨਿਕ ਖੋਲ੍ਹਿਆ। ਪਲੇਗ ਦੇ ਮਰੀਜ਼ਾਂ ਦੀ ਦੇਖ ਰੇਖ ਕਰਦੀ ਉਹ ਆਪ ਵੀ ਪਲੇਗ ਦੀ ਗ੍ਰਿਫ਼ਤ ਵਿਚ ਆ ਗਈ ਅਤੇ 10 ਮਾਰਚ 1897 ਨੂੰ ਉਸ ਦੀ ਮੌਤ ਹੋਈ। ਉਸ ਨੇ ਔਰਤਾਂ ਦੀ ਸਮਾਜਿਕ ਸਥਿਤੀ ਤੇ ਕਈ ਕਵਿਤਾਵਾਂ ਲਿਖੀਆਂ ਅਤੇ ਉਨ੍ਹਾਂ ਦੀ ਭੈੜੀ ਸਥਿਤੀ ਲਈ ਜ਼ਿੰਮੇਦਾਰ ਧਰਮ, ਜਾਤੀ, ਅਤੇ ਪਿੱਤਰੀ ਸੱਤਾ ਤੇ ਤਿੱਖਾ ਹਮਲਾ ਕੀਤਾ। ਸਾਵਿੱਤਰੀ ਬਾਈ ਫੂਲੇ ਇੱਕ ਲੇਖਕ ਅਤੇ ਕਵੀ ਵੀ ਸੀ। ਦੋ ਕਾਵਿ-ਸੰਗ੍ਰਹਿ ‘ਕਾਵਯਾ ਫੂਲੇ’ ਅਤੇ ਦੂਸਰਾ “ਬਾਵਨ ਕਾਸ਼ੀ ਸੁਬੋਧ ਰਤਨਾਕਰ’ ਛਪੇ। ਪਹਿਲਾ ਕਾਵਿ-ਸੰਗ੍ਰਹਿ ਛਪਣ ਸਮੇਂ ਸਾਵਿੱਤਰੀ ਬਾਈ ਫੂਲੇ ਦੀ ਉਮਰ 23 ਸਾਲ ਸੀ। ਇਸ ਸੰਗ੍ਰਹਿ ਵਿੱਚ ਧਰਮ, ਧਰਮ ਸ਼ਾਸਤਰ, ਧਾਰਮਿਕ ਪਾਖੰਡਾਂ ਤੇ ਕੁਰੀਤੀਆਂ ਖਿਲਾਫ਼ ਲਿਖਿਆ ਗਿਆ ਹੈ। ਦੂਜਾ ਕਾਵਿ ਸੰਗ੍ਰਹਿ ਬਾਵਨਕਸ਼ੀ ਸੁਬੋਧ ਰਤਨਾਕਰ ਸਮੁੱਚੇ ਤੌਰ ਤੇ ਜਯੋਤੀ ਰਾਉ ਫੂਲੇ ਨੂੰ ਸਮਰਪਿਤ ਹੈ ਜਿਸ ਵਿੱਚ ਫੂਲੇ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਤੇ ਵਿਚਾਰਾਂ ਨੂੰ ਕਾਵਿ ਦਾ ਰੂਪ ਦਿੱਤਾ ਗਿਆ ਹੈ। ਸਾਵਿੱਤਰੀ ਬਾਈ ਫੂਲੇ ਦੀ ਸਾਰੀ ਰਚਨਾ ਮਰਾਠੀ ਵਿਚ ਹੈ। ਤਿੰਨ ਖ਼ੱਤ ਪੰਜਾਬੀ ਵਿੱਚ ਅਨੁਵਾਦ ਕਰਕੇ ਛਾਪੇ ਜਾ ਚੁੱਕੇ ਹਨ ਅਤੇ ਕਵਿਤਾਵਾਂ ਬਾਰੇ ਕੁਝ ਲੇਖ ਹਿੰਦੀ ਵਿਚ ਆਏ ਹਨ। ਇਸ ਸੰਗ੍ਰਹਿ ਵਿੱਚ ਧਰਮ, ਧਰਮ ਸ਼ਾਸਤਰ, ਧਾਰਮਿਕ ਪਾਖੰਡਾਂ ਤੇ ਕੁਰੀਤੀਆਂ ਖ਼ਿਲਾਫ਼ ਲਿਖਿਆ ਗਿਆ ਹੈ। ਸਾਵਿੱਤਰੀ ਬਾਈ ਫੂਲੇ ਦਾ ਨਾਅਰਾ ਸੀ ‘ਜਾਗੋ, ਉਠੋ, ਪੜ੍ਹੋ’, ‘ਤੋੜ ਦਿਉ ਪਰੰਪਰਾਵਾਂ ਹੋਵੋ ਆਜ਼ਾਦ-ਨੀਂਦ ਤਿਆਗੋ, ਰਣਭੇਰੀ ਬਜਾਉ ਛੇਤੀ ਉਠੋ।’ ਫੂਲੇ ਜੋੜੇ ਵੱਲੋਂ ਚਲਾਇਆ ਗਿਆ ਸਕੂਲ ਹਿਸਾਬ, ਸਾਇੰਸ ਤੇ ਸਮਾਜਿਕ ਵਿਗਿਆਨ ਦੀ ਸਿੱਖਿਆ ਵੀ ਦਿੰਦਾ ਸੀ, ਜਿਸ ਦੀ ਸਿੱਖਿਆ ਘਰਾਂ ਵਿੱਚ ਚਲਾਏ ਗਏ ਸਕੂਲਾਂ ਵਿੱਚ ਨਹੀਂ ਮਿਲਦੀ ਸੀ। ਉਹ ਵਿਧਵਾਵਾਂ ਲਈ ਆਸ਼ਰਮ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਸੰਭਾਲਦੀ ਸੀ। ਉਸਨੇ ਮਾਪਿਆਂ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਿਯਮਤ ਮਾਪੇ-ਅਧਿਆਪਕ ਮੀਟਿੰਗਾਂ ਦਾ ਆਯੋਜਨ ਕੀਤਾ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਨਿਯਮਤ ਤੌਰ ਤੇ ਸਕੂਲ ਭੇਜਣ। ਸਾਵਿਤਰੀ ਬਾਈ ਫੂਲੇ ਇੱਕ ਸਮਾਜ ਸੁਧਾਰਿਕਾ, ਇੱਕ ਅਧਿਆਪਿਕਾ ਅਤੇ ਕਵੀ ਸੀ ਜਿਸਨੇ19ਵੀਂ ਸਦੀ ਵਿੱਚ ਮਹਿਲਾ ਸਿੱਖਿਆ, ਅਤੇ ਸ਼ਸ਼ਕਤੀਕਰਣ ਲਈ ਕੰਮ ਕੀਤਾ ਹੈ। ਉਹ ਉਨ੍ਹਾਂ ਨੌਜਵਾਨ ਕੁੜੀਆਂ ਲਈ ਪ੍ਰੇਰਨਾ ਸਰੋਤ ਬਣੀ ਰਹੀ ਜਿਨ੍ਹਾਂ ਨੂੰ ਉਸਨੇ ਪੜ੍ਹਾਇਆ। ਉਨ੍ਹਾਂ ਨੂੰ ਲਿਖਣ ਅਤੇ ਪੇਂਟਿੰਗ ਵਰਗੀਆਂ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ। ਸਮਾਜ ਦੀਆਂ ਸਦੀਆਂ ਪੁਰਾਣੀਆਂ ਬੁਰਾਈਆਂ ਨੂੰ ਰੋਕਣ ਲਈ ਸਾਵਿਤਰੀਬਾਈ ਦੇ ਅਣਥੱਕ ਯਤਨ ਅਤੇ ਉਨ੍ਹਾਂ ਦੁਆਰਾ ਛੱਡੇ ਗਏ ਚੰਗੇ ਸੁਧਾਰਾਂ ਦੀ ਅਮੀਰ ਵਿਰਾਸਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। 1983 ਵਿੱਚ ਪੁਣੇ ਸਿਟੀ ਕਾਰਪੋਰੇਸ਼ਨ ਦੁਆਰਾ ਉਸਦੇ ਸਨਮਾਨ ਵਿੱਚ ਇੱਕ ਯਾਦਗਾਰ ਬਣਾਈ ਗਈ ਸੀ। ਇੰਡੀਆ ਪੋਸਟ ਨੇ 10 ਮਾਰਚ 1998 ਨੂੰ ਉਸਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ। 2015 ਵਿੱਚ ਪੁਣੇ ਯੂਨੀਵਰਸਿਟੀ ਦਾ ਨਾਂ ਬਦਲ ਕੇ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਰੱਖਿਆ ਗਿਆ। ਉਤੱਰ ਪ੍ਰਦੇਸ ਵਿੱਚ ਵੀ ਸਰਕਾਰ ਦੁਆਰਾ ਬਣਾਏ ਗਏ ਪਾਰਕ ਵਿੱਚ ਸਾਵਿਤਰੀਬਾਈ ਫੂਲੇ ਦੇ ਬੁੱਤ ਲਗਾਏ ਗਏ ਹਨ।ਸਰਚ ਇੰਜਨ ਗੂਗਲ ਨੇ 3 ਜਨਵਰੀ 2017 ਨੂੰ ਗੂਗਲ ਡੂਡਲ ਨਾਲ 186ਵੀਂ ਜਯੰਤੀ ਮਨਾਈ। ਮਹਾਰਾਸ਼ਟਰ ਵਿੱਚ ਮਹਿਲਾ ਸਮਾਜ ਸੁਧਾਰਕਾਂ ਨ੍ਰੂੰ ਸਾਵਿਤਰੀਬਾਈ ਫੂਲੇ ਪੁਰਸਕਾਰ ਦਿੱਤਾ ਜਾਂਦਾ ਹੈ। ਅੱਜ ਇਸ ਮਹਾਨ ਸੁਧਾਰਿਕਾ ਦੇ ਜਨਮ ਦਿਨ ਤੇ ਦੇਸ਼ ਵਿਦੇਸ਼ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ।
-ਮੋਬਾ: 9417563054