Tuesday, March 21, 2023
Tuesday, March 21, 2023 ePaper Magazine
BREAKING NEWS
ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਬੰਦ ਰਹੇਗਾ ਇੰਟਰਨੈਟਬਜੁਰਗ ਦਾ ਬੇਰਹਿਮੀ ਨਾਲ ਕਤਲਮੋਬਾਈਲ ਇੰਟਰਨੈੱਟ ਸੇਵਾ ਬੰਦ ਹੋ ਜਾਣ ਕਾਰਨ ਕਾਰੋਬਾਰੀ ਅਤੇ ਵਿਦਿਆਰਥੀ ਹੋਣ ਲੱਗੇ ਪ੍ਰਭਾਵਿਤਪੰਜਾਬ ਦਾ ਭਾਈਚਾਰਾ ਤੇ ਸਾਂਝ ਸਾਡੀ ਪਹਿਲ, ਜੋ ਵੀ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਭਗਵੰਤ ਮਾਨ ਸਰਕਾਰ ਉਸ ਨਾਲ ਸਖ਼ਤੀ ਨਾਲ ਨਜਿੱਠੇਗੀ : ਕੁਲਦੀਪ ਧਾਲੀਵਾਲਗੜ੍ਹੇਮਾਰੀ ਕਾਰਨ ਕਣਕ ਅਤੇ ਸਰੋਂ ਦੀ ਫਸਲ ਦਾ ਨੁਕਸਾਨਰੇਲਵੇ ਨੇ ਪੰਜਾਬ ਅਤੇ ਪੰਜਾਬ ਨਾਲ ਜੁੜੇ ਕਈ ਰੇਲਮਾਰਗਾਂ 'ਤੇ ਰੇਲਗੱਡੀਆਂ ਦੀ ਸਪੀਡ 'ਚ ਕੀਤਾ ਵਾਧਾਅਮਨ ਅਰੋੜਾ ਵੱਲੋਂ ਬੈਂਗਲੁਰੂ ਸਥਿਤ "ਸਸਟੇਨਏਬਲ ਇੰਪੈਕਟਸ" ਪਲਾਂਟ ਦਾ ਦੌਰਾਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇਪੰਜਾਬ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਪੰਜਾਬ ‘ਚ ਬੱਚਿਆ, ਲੜਕੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਕਰਨ ਲਈ 5ਵਾਂ ਪੋਸ਼ਣ ਪੱਖਵਾੜਾ ਸ਼ੁਰੂ

ਲੇਖ

ਮਾਨ ਸਾਹਿਬ ਨਾਮ ਦੇ ਹੀ ਮੁੱਖ ਮੰਤਰੀ ਨਾ ਰਹਿ ਜਾਇਓ

January 04, 2023 01:29 PM

-ਹਰਮੀਤ ਸਿੰਘ ਮਹਿਰਾਜ:-
ਪਜਾਬ ਵਿੱਚ ਪਿਛਲੇ 25 ਸਾਲਾਂ ਤੋਂ ਦੋ ਪਰਿਵਾਰਾਂ ਬਾਦਲ ਅਤੇ ਕੈਪਟਨ ਦੇ ਪਰਿਵਾਰਾਂ ਨੇ ਹੀ ਰਾਜ ਕੀਤਾ ਹੈ ਤੇ ਪੰਜਾਬ ਨੂੰ ਲੁੱਟਣ ਵਿੱਚ ਦੋਹਾਂ ਹੀ ਪਰਿਵਾਰਾਂ ਨੇ ਅਤੇ ਇਨ੍ਹਾਂ ਦੇ ਜੀ ਹਜ਼ੂਰੀਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਇਸੇ ਕਰਕੇ ਪੰਜਾਬੀ ਇਨ੍ਹਾਂ ਦੋਹਾਂ ਪਰਿਵਾਰਾਂ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਸਨ ਅਤੇ ਤੀਸਰੇ ਬਦਲ ਦੀ ਉਡੀਕ ਵਿੱਚ ਸਨ। ਜਿਸ ਦੇ ਤਹਿਤ ਪੰਜਾਬੀਆਂ ਨੇ ‘ਆਪ’ ਦੀ ਪਾਰਟੀ ਨੂੰ ਲੋੜ ਤੋਂ ਵੀ ਜ਼ਿਆਦਾ ਬਹੁਮਤ ਨਾਲ ਫਤਵਾ ਦਿੱਤਾ। ਪਰ ਅਫਸੋਸ ‘ਆਪ’ ਦੀ ਸਰਕਾਰ ਬਣੀ ਨੂੰ 9 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ‘ਆਪ’ ਅਜੇ ਤੱਕ ਪੰਜਾਬੀਆਂ ਦੇ ਦਿਲਾਂ ਅੰਦਰ ਆਪਣੀ ਸਰਕਾਰ ਲਈ ਥਾਂ ਨਹੀਂ ਬਣਾ ਸਕੇ। ਜਿਸ ਲਈ ਤੁਹਾਨੂੰ ਸਵੈ ਮੰਥਨ ਦੀ ਸਖ਼ਤ ਜ਼ਰੂਰਤ ਹੈ।
ਅੱਜ ਪੰਜਾਬੀ ਸਭ ਤੋਂ ਜ਼ਿਆਦਾ ਨਾਰਾਜ਼ ’ਆਪ’ ਦੀ ਸਰਕਾਰ ਵਿੱਚ ਦਿੱਲੀ ਦੀ ਟੀਮ ਵੱਲੋਂ ਕੀਤੀ ਜਾ ਰਹੀ ਦਖ਼ਲ-ਅੰਦਾਜ਼ੀ ਤੋਂ ਹਨ। ਮਾਨ ਸਾਹਿਬ, ਪੰਜਾਬੀਆਂ ਨੇ ਵੋਟਾਂ ‘ਆਪ’ ਨੂੰ ਪਾਈਆਂ ਸਨ ਨਾ ਕਿ ਕੇਜਰੀਵਾਲ ਨੂੰ। ਪ੍ਰੰਤੂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਸਮੇਂ ਪੰਜਾਬੀਆਂ ਨੂੰ ਨਜ਼ਰ ਅੰਦਾਜ਼ ਕਰਕੇ ਉਦਯੋਗਪਤੀਆਂ ਤੇ ਪੰਜਾਬ ਤੋਂ ਬਾਹਰਲੇ ਬੰਦਿਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਜੋ ਕਿ ਪੰਜਾਬੀਆਂ ਨਾਲ ਸ਼ਰੇਆਮ ਧੱਕਾ ਸੀ। ਪੰਜਾਬੀਆਂ ਦਾ ਸੁਭਾਅ ਹੈ, ਕਿ ਇਹ ਕਿਸੇ ਵੀ ਬਾਹਰੀ ਦਖ਼ਲ ਦੀ ਟੈਂ ਨਹੀਂ ਮੰਨਦੇ। ਜਿਸ ਕਰਕੇ ਮੰਨੋ ਭਾਵੇਂ ਨਾ ਮੰਨੋ ‘ਆਪ’ ਦੀ ਪਾਰਟੀ ਦਾ ਗ੍ਰਾਫ਼ ਥੱਲੇ ਹੀ ਆਇਆ ਹੈ।
ਸਰਕਾਰ ਦੇ ਸਰਕਾਰੀ ਮਹਿਕਮਿਆਂ ਵਿੱਚ ਅਫ਼ਸਰਾਂ ਦੀਆਂ ਨਿਯੁਕਤੀਆਂ ਦੇ ਮਾਮਲਿਆਂ ਦਾ ਸਾਰਾ ਹੀ ਕੰਮ ਦਿੱਲੀ ਟੀਮ ਨੇ ਆਪਣੇ ਹੱਥਾਂ ਵਿੱਚ ਲਿਆ ਹੋਇਆ ਹੈ। ਨਿਯੁਕਤੀ ਭਾਵੇਂ ਮੁੱਖ ਸਕੱਤਰ ਦੀ ਹੋਵੇ, ਡੀਜੀਪੀ ਦੀ ਹੋਵੇ, ਐਡਵੋਕੇਟ ਜਨਰਲ ਦੀ ਹੋਵੇ ਜਾਂ ਫਿਰ ਕੋਈ ਹੋਰ ਅਹਿਮ ਨਿਯੁਕਤੀ ਹੋਵੇ, ਉਹ ਦਿੱਲੀ ਟੀਮ ਵੱਲੋਂ ਆਪਣੇ ਹਿੱਤਾਂ ਨੂੰ ਮੁੱਖ ਰੱਖਕੇ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਹੁਣ ਤਾਜ਼ੀ ਰੇਰਾ ਦੇ ਚੇਅਰਮੈਨ ਦੀ ਨਿਯੁਕਤੀ ਕੀਤੀ ਗਈ ਹੈ। ਜਿਸ ਤਹਿਤ ਬਿਹਾਰ ਨਿਵਾਸੀ ਦਿੱਲੀ ਦੇ ਵਧੀਕ ਮੁੱਖ ਸਕੱਤਰ ਦੀ ਸੇਵਾ ਤੋਂ ਸੇਵਾ ਮੁਕਤ ਹੋਏ ਸੱਤਿਆ ਗੋਪਾਲ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਇੱਕ ਵਿਵਾਦਤ ਤੇ ਕੇਜਰੀਵਾਲ ਦੀ ਪਸੰਦ ਦਾ ਅਫ਼ਸਰ ਹੈ। ਇੱਥੇ ਸਵਾਲ ਪੈਦਾ ਹੁੰਦਾ ਹੈ, ਕਿ ਕੀ ਮਾਨ ਸਾਹਿਬ ਪੰਜਾਬ ਦੇ ਅਫ਼ਸਰ ਖ਼ਤਮ ਹੋ ਗਏ ਹਨ? ਜਾਂ ਉਨ੍ਹਾਂ ਨੂੰ ਕੰਮ ਕਰਨ ਦੀ ਕੋਈ ਸਮਝ ਨਹੀਂ। ਜਿਸ ਕਰਕੇ ਅਫ਼ਸਰ ਦਿੱਲੀ ਤੋਂ ਲਿਆਉਣੇ ਪੈ ਰਹੇ ਹਨ। ਮਾਨ ਸਾਹਿਬ ਪੰਜਾਬੀ ਪੁੱਛਣ ਲਈ ਮਜਬੂਰ ਹਨ ਕਿ ਜੇਕਰ ਸਾਰੇ ਕੰਮ ਕੇਜਰੀਵਾਲ ਨੇ ਹੀ ਕਰਨੇ ਹਨ ਤਾਂ ਫੇਰ ਮੁੱਖ ਮੰਤਰੀ ਦੀ ਕੁਰਸੀ ’ਤੇ ਕੇਜਰੀਵਾਲ ਨੂੰ ਬਿਠਾ ਦੇਵੋ।
ਮਾਨ ਸਾਹਿਬ ਤੁਹਾਨੂੰ ਪੰਜਾਬੀਆਂ ਨੇ ਬਹੁਤ ਵਧੀਆ ਮੌਕਾ ਦਿੱਤਾ ਸੀ ਪਰ ਅਫਸੋਸ ‘ਆਪ’ ਇਸ ਮੌਕੇ ਨੂੰ ਸਾਂਭ ਨਹੀਂ ਸਕੇ। ਅਸੈਂਬਲੀ ਚੋਣਾਂ ਤੋਂ ਤਿੰਨ ਮਹੀਨੇ ਬਾਅਦ ਹੀ ‘ਆਪ’ ਦੇ ਗੜ੍ਹ ਸੰਗਰੂਰ ਵਿਖੇ ਹੋਈ ਪਾਰਲੀਮੈਂਟ ਦੀ ਜ਼ਿਮਨੀ ਚੋਣ ਵਿੱਚ ‘ਆਪ’ ਦੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ, ਜੋ ਕਿ ਬਹੁਤ ਹੀ ਮੰਦਭਾਗਾ ਸੀ, ਕਿਉਂਕਿ ਸੱਤਾਧਾਰੀ ਧਿਰ ਵਿੱਚ ਹੁੰਦੇ ਹੋਏ ਜਿਹੜੀ ਵੀ ਪਾਰਟੀ ਚੋਣ ਹਾਰਦੀ ਹੈ ਤਾਂ ਫੇਰ ਇਹ ਪਾਰਟੀ ਦੀਆਂ ਨਲਾਇਕੀਆਂ ਦੀ ਹੀ ਹਾਰ ਹੁੰਦੀ ਹੈ। ਜਿੰਨਾਂ ਗੱਲਾਂ ਕਰਕੇ ਮਾਨ ਸਾਹਿਬ ਪਹਿਲਾਂ ਵਾਲੀਆਂ ਦੋਵੇਂ ਪਾਰਟੀਆਂ ਸੱਤਾ ਤੋਂ ਬਾਹਰ ਹੋਈਆਂ ਹਨ, ਉਹ ਹੀ ਗੱਲਾਂ ‘ਆਪ’ ਦੀ ਪਾਰਟੀ ਵੱਲੋਂ ਦੁਹਰਾਈਆਂ ਜਾ ਰਹੀਆਂ ਹਨ। ਜਿਸ ਕਰਕੇ ਲੰਬੇ ਸਮੇਂ ਲਈ ‘ਆਪ’ ਦੀ ਪਾਰਟੀ ਦਾ ਵੀ ਸੱਤਾ ਵਿੱਚ ਰਹਿਣਾ ਮੁਸ਼ਕਲ ਹੋਵੇਗਾ।
ਪੰਜਾਬ ਦੇ ਸਿਰ ਪਹਿਲਾਂ ਵਾਲੀਆਂ ਸਰਕਾਰਾਂ 2,75,000 ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਈਆਂ ਸਨ। ਚਾਹੀਦਾ ਤਾਂ ਇਹ ਸੀ, ਕਿ ਵਾਅਦਿਆਂ ਮੁਤਾਬਿਕ ‘ਆਪ’ ਇਸ ਕਰਜ਼ੇ ਨੂੰ ਘਟਾਉਣ ਲਈ ਕੋਈ ਯਤਨ ਕਰਦੇ ਪ੍ਰੰਤੂ ਅਫ਼ਸੋਸ ਕਿ ‘ਆਪ’ ਦੀ ਸਰਕਾਰ ਇਸ ਕਰਜ਼ੇ ਨੂੰ ਵਧਾਉਣ ਵਿੱਚ ਉਨ੍ਹਾਂ ਦੋਹਾਂ ਪਾਰਟੀਆਂ ਨੂੰ ਵੀ ਪਿੱਛੇ ਛੱਡ ਗਈ ਹੈ। ਆਮ ਤੌਰ ’ਤੇ ਦੇਖਣ ਵਿਚ ਆਇਆ ਹੈ, ਕਿ ਕੋਈ ਵੀ ਸਰਕਾਰ ਪੰਜਵੇਂ ਅਤੇ ਆਖਰੀ ਸਾਲ ਵਿੱਚ ਆਪਣੀਆਂ ਪ੍ਰਾਪਤੀਆਂ ਦੇ ਇਸ਼ਤਿਹਾਰ ਅਖ਼ਬਾਰਾਂ ਵਿੱਚ ਜਾਂ ਦੂਸਰੇ ਮੀਡੀਆ ਵਿੱਚ ਦਿੰਦੀਆਂ ਹਨ। ਜਦੋਂ ਕਿ ‘ਆਪ’ ਨੇ ਪਹਿਲੇ 9 ਮਹੀਨਿਆਂ ਵਿੱਚ ਹੀ ਇਸ਼ਤਿਹਾਰਾਂ ਵਾਲੀ ਝੜੀ ਲਾ ਦਿੱਤੀ ਹੈ, ਜੋ ਕਿ ਅੱਜ ਵੀ ਲਗਾਤਾਰ ਜਾਰੀ ਹੈ। ਹੋ ਸਕਦਾ ਕਿ ਇੰਨਾਂ ਇਸ਼ਤਿਹਾਰਾਂ ਦੀ ਰਾਸ਼ੀ ਪਹਿਲਾਂ ਵਾਲੀਆਂ ਸਰਕਾਰਾਂ ਦੇ ਪੰਜ ਸਾਲਾਂ ਦੇ ਖਰਚੇ ਤੋਂ ਵੀ ਵਧ ਗਈ ਹੋਵੇ। ਇੰਨਾਂ ਇਸ਼ਤਿਹਾਰਾਂ ਨਾਲ ਮਾਨ ਸਾਹਿਬ, ਪੰਜਾਬ ਸਰਕਾਰ ਦੇ ਖਜ਼ਾਨੇ ’ਤੇ ਅਰਬਾਂ ਰੁਪਏ ਦਾ ਬੋਝ ਪਿਆ ਹੈ। ਲੋੜ ਤਾਂ ਇਹ ਸੀ, ਕਿ ਆਪਣੀ ਹਾਉਮੈ ਨੂੰ ਪੱਠੇ ਪਾਉਣ ਦੀ ਥਾਂ ਇਹ ਰਕਮ ਵਿਕਾਸ ਕਾਰਜਾਂ ’ਤੇ ਲਾਈ ਜਾਂਦੀ।
ਮਾਨ ਸਾਹਿਬ ਮੰਨੋ ਭਾਵੇਂ ਨਾ ਮੰਨੋ, ਕੇਜਰੀਵਾਲ ਬਹੁਤ ਚੁਸਤ ਚਲਾਕ ਵਿਅਕਤੀ ਹਨ। ਇਹ ਤੁਹਾਨੂੰ ਚੰਗੀ ਤਰ੍ਹਾਂ ਵਰਤ ਰਹੇ ਹਨ। ਅਖੀਰ ਤੁਹਾਡੀ ਬਦਨਾਮੀ ਕਰਵਾ ਕੇ ਇਹ ਆਪਣੇ ਕਿਸੇ ਬੰਦੇ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਉਣਗੇ। ਹੁਣ ਇਹ ‘ਆਪ’ ਨੇ ਵੇਖਣਾ ਹੈ, ਕਿ ਕਿੰਨਾ ਕੁ ਚਿਰ ‘ਆਪ’ ਨੇ ਇੰਨਾਂ ਦੀ ਹਾਂ ਵਿੱਚ ਹਾਂ ਮਿਲਾਉਣੀ ਹੈ। ਜੇਕਰ ‘ਆਪ’ ਸੱਚੇ ਦਿਲੋਂ ਪੰਜਾਬ ਦਾ ਭਲਾ ਚਾਹੁੰਦੇ ਹੋ, ਤਾਂ ਇੱਕ ਦਿਨ ਤੁਹਾਨੂੰ ਪੰਜਾਬ ਦੇ ਹੱਕ ਵਿੱਚ ਖੜ੍ਹਨਾ ਹੀ ਪਵੇਗਾ ਕਿਉਂਕਿ ਜੋ ਮੰਤਰੀ ਮੰਡਲ ਦੀ ਚੋਣ ਕੀਤੀ ਗਈ ਹੈ, ਉਸ ਵਿੱਚ ਦਿੱਲੀ ਦੀ ਟੀਮ ਨੇ ਆਪਣੀ ਮਰਜੀ ਹੀ ਕੀਤੀ ਹੈ, ਕਿ ਕਿਵੇਂ ਬੇ-ਤਜ਼ਰਬੇਕਾਰ ਵਿਅਕਤੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਗਿਆ ਹੈ। ਪਰ ਯੋਗ ਤੇ ਤਜ਼ਰਬੇਕਾਰ ਵਿਅਕਤੀਆਂ ਨੂੰ ਮੰਤਰੀ ਮੰਡਲ ਤੋਂ ਸਾਜ਼ਿਸ਼ ਤਹਿਤ ਬਾਹਰ ਹੀ ਰੱਖਿਆ ਗਿਆ ਹੈ। ਜਿਸ ਕਰਕੇ ‘ਆਪ’ ਨੂੰ ਨਿੱਜੀ ਤੌਰ ’ਤੇ ਤੇ ਪੰਜਾਬ ਨੂੰ ਇਸ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਮਾਨ ਸਾਹਿਬ ਅੱਜ ਲੋੜ ਹੈ ਜਿੰਨਾਂ ਮੁੱਦਿਆਂ ਨੂੰ ਲੈ ਕੇ ‘ਆਪ’ ਦੀ ਸਰਕਾਰ ਸੱਤਾ ਵਿੱਚ ਆਈ ਸੀ, ਉਨ੍ਹਾਂ ਨੂੰ ਹੱਲ ਕੀਤਾ ਜਾਵੇ। ਜਿਵੇਂ ‘ਆਪ’ ਦੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੇ ਕਿਹਾ ਸੀ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਮੁੱਦਾ 24 ਘੰਟਿਆਂ ਵਿੱਚ ਹੱਲ ਕਰ ਦਿੱਤਾ ਜਾਵੇਗਾ ਪਰੰਤੂ ਅਫ਼ਸੋਸ ਅੱਜ 9 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ, ਮਾਮਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ। ਪਹਿਲਾਂ ਵਾਲੀਆਂ ਸਰਕਾਰਾਂ ਦੇ ਸੱਤਾ ਤੋਂ ਬਾਹਰ ਹੋਣ ਵਿੱਚ ਵੀ ਇਸ ਮੁੱਦੇ ਦਾ ਬਹੁਤ ਵੱਡਾ ਹੱਥ ਸੀ। ਸਿੱਖਾਂ ਦੇ ਧਾਰਮਿਕ ਮਾਮਲਿਆਂ ਸ਼੍ਰੋਮਣੀ ਕਮੇਟੀ ਦੀਆਂ ਲੰਬੇ ਸਮੇਂ ਤੋਂ ਲੰਬਿਤ ਪਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣਾ ਵੀ ਆਪ ਜੀ ਦੇ ਹਿੱਤ ਵਿੱਚ ਹੋਵੇਗਾ।
ਸਰਕਾਰੀ ਦਫ਼ਤਰਾਂ ਵਿੱਚ ਭਿ੍ਰਸ਼ਟਾਚਾਰ ਘਟਿਆ ਜ਼ਰੂਰ ਹੈ, ਕੁਝ ਹੱਦ ਤੱਕ ਪ੍ਰੰਤੂ ਲੋੜ ਹੈ ਇਸ ’ਤੇ ਮੁਕੰਮਲ ਕਾਰਵਾਈ ਕਰਨ ਦੀ ਸਭ ਤੋਂ ਵੱਡੀ ਲੋੜ ਹੈ। ਪਿਛਲੀਆਂ ਸਰਕਾਰਾਂ ਵੇਲੇ ਹੋਏ ਘਪਲਿਆਂ ਨੂੰ ਹੋਰ ਤੇਜ਼ੀ ਨਾਲ ਹੱਲ ਕਰਨ ਦੀ। ਸੋ, ਅਖੀਰ ਵਿੱਚ ਮਾਨ ਸਾਹਿਬ ਲੋੜ ਹੈ, ਪੰਜਾਬ ਦੇ ਮਸਲਿਆਂ ਨੂੰ ਆਪਣੇ ਹੱਥ ਲੈਣ ਦੀ। ਜੇਕਰ ਇਸੇ ਤਰ੍ਹਾਂ ਹੀ ਸਾਰਾ ਕੁਝ ਦਿੱਲੀ ਦੀਆਂ ਟੀਮਾਂ ਨੇ ਹੀ ਕਰਨਾ ਹੈ, ਫੇਰ ਤਾਂ ਤੁਸੀਂ ਇੱਕ ਨਾਮ ਦੇ ਹੀ ਮੁੱਖ ਮੰਤਰੀ ਰਹਿ ਜਾਵੋਗੇ, ਜੋ ਕਿ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਵਿੱਚ ਨਹੀਂ ਹੋਵੇਗਾ। ਉਸ ਸਮੇਂ ਤੱਕ ਦਿੱਲੀ ਵਾਲੇ ਵਪਾਰੀ ਪੰਜਾਬ ਦਾ ਸਾਰਾ ਕੁੱਝ ਲੁੱਟ ਕੇ ਤੁਰਦੇ ਹੋਣਗੇ। ਫੇਰ ਅਬ ਪਛਤਾਏ ਕਿਆ ਹੋਤ, ‘ਜਬ ਚਿੜੀਆਂ, ਚੁਗ ਗਈ ਖੇਤ’ ਫੇਰ ਪੱਲੇ ਇਕੱਲਾ ਪਛਤਾਵਾ ਹੀ ਰਹਿ ਜਾਵੇਗਾ ਮਾਨ ਸਾਹਿਬ ।
-ਮੋਬਾ : 98786-91567

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ