ਬੇਰੁਜ਼ਗਾਰੀ ਦੀ ਪੂਰੀ ਚੜ੍ਹਾਈ, ਰੁਜ਼ਗਾਰ ਦੀ ਆਸ ਵੀ ਨਹੀਂ
ਦੁਖ ਦੀ ਗੱਲ ਹੈ ਕਿ ਦੇਸ਼ ’ਚ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨੌਜਵਾਨ ਨੌਕਰੀਆਂ ਲੱਭਣ ਲਈ ਬਹੁਤ ਸਮਾਂ ਯਤਨ ਕਰਨ ਤੋਂ ਬਾਅਦ ਅਜਿਹੀ ਨਿਰਾਸ਼ਾ ਵਿੱਚ ਜਕੜੇ ਜਾ ਚੁੱਕੇ ਹਨ ਕਿ ਉਨ੍ਹਾਂ ਵਿੱਚ’ੋਂ ਬਹੁਤ ਸਾਰੇ ਨੌਕਰੀ ਲੱਭਣ ਦਾ ਯਤਨ ਹੀ ਤਿਆਗ ਚੁੁੱਕੇ ਹਨ। ਇਹ ਨਿਰਾਸ਼ਾਜਨਕ ਰੁਝਾਨ ਕਈ ਰਿਪੋਰਟਾਂ ਰਾਹੀਂ ਸਾਹਮਣੇ ਆ ਚੁੱਕਾ ਹੈ। ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੌਜਵਾਨਾਂ ਨਾਲ ਹਰ ਸਾਲ 2 ਕਰੋੜ ਨਵੀਂਆਂ ਨੌਕਰੀਆਂ ਪੈਦਾ ਕਰਨ ਦੇ ਵਾਅਦੇ ਨਾਲ ਹੋਂਦ ਵਿੱਚ ਆਈ ਸੀ ਪਰ ਅੱਜ ਲਗਦਾ ਹੈ ਕਿ ਮੋਦੀ ਸਰਕਾਰ ਨੂੰ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਵੱਲ ਵੇਖਣਾ ਵੀ ਸਹੀ ਨਹੀਂ ਲੱਗਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੇਂ ਹੁਣ ਇਸ ਤੱਥ ਦਾ ਜ਼ਿਕਰ ਕਰਨਾ ਘਟਾ ਚੁੱਕੇ ਹਨ ਪਰ ਉਹ ਪਿਛਲੇ ਸਮੇਂ ਵਿੱਚ ਬਾਰ-ਬਾਰ ਭਾਰਤ ਦੀ ਆਬਾਦੀ ਵਿੱਚ ਨੌਜਵਾਨਾਂ ਦੀ ਭਾਰੀ ਮੌਜੂਦਗੀ ਦਾ ਉਤਸ਼ਾਹ ਨਾਲ ਜ਼ਿਕਰ ਕਰਦੇ ਰਹੇ ਹਨ। ਉਹ ਇਥੋਂ ਤੱਕ ਕਹਿ ਚੁੱਕੇ ਹਨ ਕਿ ਜਿਸ ਮੁਲਕ ਵਿੱਚ ਐਡੀ ਵੱਡੀ ਤਾਦਾਦ ਵਿੱਚ ਨੌਜਵਾਨ ਹੋਣ, ਉਸ ਮੁਲਕ ਨੂੰ ਹੋਰ ਕੀ ਚਾਹੀਦਾ ਹੈ। ਅੱਜ ਵੀ ਭਾਰਤ ਵਿੱਚ ਅੱਧੀ ਤੋਂ ਵੱਧ ਆਬਾਦੀ 25 ਸਾਲ ਤੋਂ ਹੇਠਾਂ ਦੇ ਨੌਜਵਾਨਾਂ ਦੀ ਹੈ। ਭਾਰਤ ਦੀ ਵਰਤਮਾਨ ਆਬਾਦੀ ’ਚ 65 ਪ੍ਰਤੀਸ਼ਤ ਹਿੱਸਾ 35 ਸਾਲ ਉਮਰ ਤੋਂ ਹੇਠਾਂ ਦੇ ਜਵਾਨਾਂ ਦਾ ਹੈ।
ਪਰ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕੰਮ ਆਉਣ ਵਾਲਾ ਆਬਾਦੀ ਦਾ ਲਾਭ ਗਿਣਵਾਉਂਦੇ ਰਹੇ, ਉਹ ਲਾਭ ਪ੍ਰਧਾਨ ਮੰਤਰੀ ਆਪਣੇ ਰਾਜ ਦੇ ਪਿਛਲੇ 8 ਸਾਲਾਂ ਦੌਰਾਨ ਹੱਥੋਂ ਗੁਆ ਚੁੱਕੇ ਹਨ। ਹਾਲਾਂਕਿ ਕੌਮਾਂਤਰੀ ਪੱਧਰ ’ਤੇ ਅਜਿਹੀ ਸਰਬ ਪ੍ਰਵਾਨਿਤ ਉਮਰ ਸੀਮਾ ਮਿਥੀ ਨਹੀਂ ਗਈ ਹੈ ਜੋ ਤੈਅ ਕਰ ਚੁੱਕੀ ਹੋਵੇ ਕਿ ਨੌਜਵਾਨੀ ਦੀ ਕੀ ਉਮਰ ਹੁੰਦੀ ਹੈ ਪਰ ਫਿਰ ਵੀ ਸੰਯੁਕਤ ਰਾਸ਼ਟਰ ਦੁਆਰਾ ‘‘ਨੌਜਵਾਨੀ ਦੀ ਪਰਿਭਾਸ਼ਾ’’ ਨੂੰ ਮੰਨਿਆ ਜਾਂਦਾ ਹੈ ਇਸ ਪਰਿਭਾਸ਼ਾ ਅਨੁਸਾਰ 15 ਸਾਲ ਦੀ ਉਮਰ ਤੋਂ 24 ਸਾਲ ਦੀ ਉਮਰ ਦਰਮਿਆਨ ਦੇ ਅਰਸੇ ਨੂੰ ਨੌਜਵਾਨੀ ਦਾ ਸਮਾਂ ਮੰਨਿਆ ਗਿਆ ਹੈ। 2021 ਵਿੱਚ ਭਾਰਤ ਦੀ ਆਬਾਦੀ ਵਿੱਚ 15 ਸਾਲ ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਪ੍ਰਤੀਸ਼ਤਤਾ 27.2 ਸੀ। ਇਨ੍ਹਾਂ ਨੌਜਵਾਨਾਂ ਦੀ ਕਿਰਤ, ਲਿਆਕਤ, ਬੁੱਧੀ ਅਤੇ ਜਿਸਮਾਨੀ ਤਾਕਤ ਨੂੰ ਵਰਤ ਕੇ ਦੇਸ਼ ਨੇ ਛਲਾਂਗਾਂ ਮਾਰਦੇ ਅਗਾਂਹ ਵੱਧਣਾ ਸੀ ਪਰ ਅਫਸੋਸ ਕਿ ਸਰਕਾਰ ਆਬਾਦੀ ਵਿੱਚ ਨੌਜਵਾਨਾਂ ਦੀ ਗਿਣਤੀ ਹੀ ਗਿਣਵਾਉਂਦੀ ਰਹਿ ਗਈ ਅਤੇ ਮੌਕਾ ਹੱਥੋਂ ਨਿਕਲ ਗਿਆ। ਦੱਸਿਆ ਗਿਆ ਹੈ ਕਿ ਅਗਲੇ ਦੱਸ-ਬਾਰਾਂ ਸਾਲਾਂ ਵਿੱਚ ਨੌਜਵਾਨਾਂ ਦੀ ਇਹ ਆਬਾਦੀ ਘੱਟ ਕੇ 22.7 ਪ੍ਰਤੀਸ਼ਤ ਰਹਿ ਜਾਵੇਗੀ। ਇਸ ਦੇ ਘਟਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ।
ਸੈਂਟਰ ਆਫ਼ ਮੋਨੀਟਰਿੰਗ ਇੰਡੀਅਨ ਇਕਾਨਾਮੀ (ਸੀਐਮਆਈਈ) ਦੀ ਤਾਜ਼ਾ ਰਿਪੋਰਟ ਭਾਰਤ ਵਿੱਚ ਬੇਰੁਜ਼ਗਾਰੀ ਪ੍ਰਤੀ ਸਰਕਾਰ ਦੀ ਬੇਪਰਵਾਹੀ ਨੂੰ ਦਰਸਾਉਂਦੇ ਹੋਏ ਪਰੇਸ਼ਾਨ ਕਰਨ ਵਾਲੀ ਹਾਲਤ ਸਾਹਮਣੇ ਲਿਆਉਂਦੀ ਹੈ। ਦਿੱਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਸਾਲ ਆਖਰੀ ਮਹੀਨੇ, ਹੁਣੇ ਲੰਘੇ ਦਸੰਬਰ ਮਹੀਨੇ, ਵਿੱਚ ਭਾਰਤ ’ਚ ਬੇਰੁਜ਼ਗਾਰੀ 8.3 ਪ੍ਰਤੀਸ਼ਤ ’ਤੇ ਪਹੁੰਚ ਚੁੱਕੀ ਸੀ। ਸਤੰਬਰ ਮਹੀਨੇ ਵਿੱਚ ਇਹ 6.43 ਪ੍ਰਤੀਸ਼ਤ ਸੀ ਅਤੇ ਨਵੰਬਰ ’ਚ ਵੱਧ ਕੇ 8 ਪ੍ਰਤੀਸ਼ਤ ਹੋ ਗਈ ਸੀ। ਸ਼ਹਿਰਾਂ ’ਚ ਬੇਰੁਜ਼ਗਾਰੀ 10 ਪ੍ਰਤੀਸ਼ਤ ਅਤੇ ਪਿੰਡਾਂ ’ਚ ਬੇਰੁਜ਼ਗਾਰੀ 8.28 ਪ੍ਰਤੀਸ਼ਤ ਹੋ ਚੁੱਕੀ ਹੈ। ਭਾਰਤ ਵਿੱਚ ਕਿਰਤ ਸ਼ਮੂਲੀਅਤ, ਜੋ ਕਿ ਪਹਿਲਾਂ ਹੀ ਸੰਸਾਰ ’ਚ ਸਭ ਤੋਂ ਹੇਠਲੇ ਪੱਧਰ ’ਤੇ ਹੈ, ਹੋਰ ਵੀ ਹੇਠਾਂ ਜਾਣ ਵਾਲੀ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਮੋਦੀ ਸਰਕਾਰ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਕੋਈ ਚਿੰਤਾ ਨਹੀਂ ਹੈ। ਪਿਛਲਾ ਸਾਲ, ਸਮੁੱਚੇ ਸਾਲ ਦੀ ਸਭ ਤੋਂ ਵੱਧ ਬੇਰੁਜ਼ਗਾਰੀ ਵਾਲੇ ਦਸੰਬਰ ਦੇ ਮਹੀਨੇ ਨਾਲ ਖ਼ਤਮ ਹੋਇਆ ਹੈ, ਅਗਾਂਹ ਨੂੰ ਵੀ ਨੌਜਵਾਨਾਂ ਨੂੰ ਰੁਜ਼ਗਾਰ ਦੀ ਆਸ ਨਹੀਂ। ਦੇਸ਼ ਦੀ ਜਵਾਨੀ ਲਈ ਇਸ ਤੋਂ ਭੈੜਾ ਕੁਛ ਨਹੀਂ ਹੋ ਸਕਦਾ।