ਮਨੁੱਖ ਇੱਕ ਸਮਾਜਿਕ ਜੀਵ ਹੈ ਸਮਾਜ ਵਿੱਚ ਵਿਚਰਦਿਆਂ ਆਪਣੀ ਲੋੜਾਂ ਦੀ ਪ੍ਰਾਪਤੀ ਲਈ ਸਾਨੂੰ ਬਹੁਤ ਸਾਰੇ ਲੋਕਾਂ ਨਾਲ ਤਾਲਮੇਲ ਬਣਾਉਣਾ ਪੈਂਦਾ। ਲੋੜਾਂ ਦੀ ਪੂਰਤੀ ਦੀ ਪ੍ਰਾਪਤੀ ਕਰਦੇ ਜੋ ਲੋਕ ਸਾਡੇ ਸੰਪਰਕ ਵਿੱਚ ਆਉਂਦੇ ਹਨ ਤੇ ਜਿਨ੍ਹਾਂ ਨਾਲ ਸਾਡਾ ਤਾਲਮੇਲ ਤੇ ਬਹੁਤ ਵਧੀਆ ਸਹਿਚਾਰ ਬਣ ਜਾਂਦਾ ਉਸਨੂੰ ਹੀ ਦੋਸਤੀ ਦਾ ਨਾਮ ਦਿੱਤਾ ਜਾਂਦਾ।
ਦੋਸਤੀ ਕਿਸੇ ਨਾਲ ਵੀ ਹੋ ਸਕਦੀ ਹੈ ਭਾਵ ਇਸਦੇ ਲਈ ਕੋਈ ਉਮਰ, ਲਿੰਗ ,ਧਰਮ ਨਹੀ ਦੇਖਿਆ ਜਾਂਦਾ। ਮੁੰਡਾ ਹੀ ਮੁੰਡੇ ਦਾ ਦੋਸਤ ਹੋਵੇ ਜਾਂ ਕੁੜੀ ਹੀ ਕੁੜੀ ਦੀ ਦੋਸਤ ਹੋਵੇ ਇਹ ਜੂਰਰੀ ਨਹੀ। ਸਾਡੇ ਸਮਾਜ ਵਿੱਚ ਬੱਚੇ ਬਜ਼ੁਰਗ ਦੀ ਦੋਸਤੀ, ਕੁੜੀ ਮੁੰਡੇ ਦੀ ਦੋਸਤੀ,ਅਮੀਰ ਗਰੀਬ ਦੀ ਦੋਸਤੀ, ਅਧਿਆਪਕ ਵਿਦਿਆਰਥੀ ਦੀ ਦੋਸਤੀ, ਇੱਕਠੇ ਕੰਮ ਕਰਦੇ ਔਰਤ ਮਰਦ ਦੀ ਦੋਸਤੀ, ਖੇਤ ਵਿੱਚ ਕੰਮ ਕਰਦੇ ਖੇਤ ਮਜ਼ਦੂਰ ਤੇ ਜਿੰਮੀਂਦਾਰ ਵੀ ਇੱਕ ਚੰਗੇ ਦੋਸਤ ਹੋ ਸਕਦੇ ਹਨ।
ਬਿਨਾਂ ਦੋਸਤ ਤੋ ਇੱਕਲਾਪਣ ਤੁਹਾਡੀ ਰੂਹ ਨੂੰ ਘੁਣ ਵਾਂਗ ਖੋਖਲਾ ਕਰ ਦੇਵਾਂਗਾ। ਇੱਕਲਾਪਣ ਸਾਡੇ ਵਿੱਚ ਨਕਾਰਾਤਮਕ ਵਿਚਾਰਾ ਤੇ ਭਾਵਨਾਵਾਂ ਨੂੰ ਲਿਆਂਦਾ ਹੈ। ਇੱਕਲੇ ਰਹਿਣ ਵਾਲਿਆਂ ਤੇ ਸ਼ਿਕਾਗੋ ਯੂਨੀਵਰਸਿਟੀ ਆਫ਼ ਅਮਰੀਕਾ ਦੇ ਖੋਜ ਕਰਤਾ ਡਾਕਟਰ ਜੋਹਨ ਕੋਸੀਉਪੋ ਨੇ ਦੱਸਿਆ ਹੈ ਕਿ ਕੁਝ ਮਨੁੱਖ ਇੱਕਲਾਪਣ ਨੂੰ ਖਤਮ ਕਰਨ ਲਈ ਸ਼ਰਾਬ ਦੀ ਵਰਤੋਂ ਹੋਰਾਂ ਨਾਲੋਂ ਜਿਆਦਾ ਕਰਦੇ ਹਨ ਕਸਰਤ ਘੱਟ ਕਰਦੇ ਹਨ ਉਹਨਾਂ ਦੀ ਖੁਰਾਕ ਵਿੱਚ ਚਰਬੀ ਦੀ ਮਾਤਰਾ ਹੋਰਾ ਨਾਲੋਂ ਜਿਆਦਾ ਹੁੰਦੀ ਹੈ ਤੇ ਨੀਂਦ ਵੀ ਘੱਟ ਆਉਂਦੀ ਹੈ। ਇਸਦਾ ਮਾੜਾ ਪ੍ਰਭਾਵ ਉਹਨਾਂ ਦੀ ਜਿੰਦਗੀ ਤੇ ਪੈਂਦਾ ਹੈ। ਮਾੜੇ ਵਿਚਾਰਾਂ ਦਾ ਮਨ ਵਿੱਚ ਆਉਣਾ, ਨਕਾਰਾਤਮਕ ਰਵੱਈਆ , ਯਾਦਦਾਸ਼ਤ ਦਾ ਕਮਜ਼ੋਰ ਹੋਣਾ, ਸਹੀ ਸਮੇਂ ਤੇ ਫੈਸਲੇ ਦਾ ਨਾ ਲੈਣਾ ਆਦਿ ਪ੍ਰਭਾਵ ਉਹਨਾਂ ਦੀ ਜਿੰਦਗੀ ਵਿੱਚ ਦੇਖਣ ਨੂੰ ਮਿਲਦੇ ਹਨ।
ਇਹਨਾਂ ਸਾਰੇ ਮਾੜੇ ਪ੍ਰਭਾਵਾਂ ਤੋ ਬਚਣ ਲਈ ਇੱਕ ਚੰਗੇ ਦੋਸਤ ਦਾ ਜਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਅਮਰੀਕਾ ਦੀ ਟੈਕਸਾਸ ਟੇਕ ਯੂਨੀਵਰਸਿਟੀ ਵਿੱਚ ਜੈਨੀ ਕੇਡਿਵ ਨੇ ਇੱਕ ਖੋਜ ਕਰਦੇ ਹੋਏ ਕਿਹਾ ਕਿ ਚੰਗਾ ਦੋਸਤ ਬਣਾਉਣ ਨਾਲ ਚੰਗੀ ਅਤੇ ਵਧੀਆ ਜਿੰਦਗੀ ਮਿਲਦੀ ਹੈ। ਇੱਕ ਹੋਰ ਖੋਜ ਵਿੱਚ ਅਮਰੀਕਾ ਦੀ ਕਸਾਂਸ ਯੂਨੀਵਰਸਿਟੀ ਨੇ ਕਿਹਾ ਗਹਿਰੀ ਦੋਸਤੀ ਕੇਵਲ ਮਨ ਦਾ ਮਿਲਣਾ ਨਹੀ, ਸਗੋ ਗਹਿਰੀ ਦੋਸਤੀ ਲਈ ਇੱਕਠੇ ਸਮਾਂ ਬਿਤਾਉਣਾ,ਉਹ ਵੀ ਥੋੜ੍ਹਾ ਨਹੀ ਘੱਟੋ ਘੱਟ 200 ਘੰਟੇ ਹੋਣਾ ਚਾਹੀਦਾ। ਖੋਜਕਰਤਾ ਦੇ ਅਨੁਸਾਰ ਦੋਸਤੀ ਕਈ ਪੜਾਵਾਂ ਵਿੱਚੋਂ ਹੁੰਦੀ ਹੋਈ ਅੱਗੇ ਵੱਧਦੀ ਹੈ। ਸ਼ੂਰੂ ਵਿਚ ਹਲਕੀ ਫੁਲਕਾ ਹੱਸੀਂ ਮਜਾਕ ,ਹਲਕੀ ਫੁੱਲਕੀ ਗੱਲਾਂ ਤੋ ਹੁੰਦੀ ਹੋਈ ਗਹਿਰੀ ਹੋ ਜਾਂਦੀ ਹੈ।
ਦੋਸਤੀ ਕਿਸੇ ਨਾਲ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ ਸਕੂਲ, ਕਾਲਜ ਵਿੱਚ ਪੜਦਿਆਂ,ਕੰਮਕਾਰ ਕਰਦਿਆਂ ਸਾਡੇ ਕਈ ਸਾਰੇ ਦੋਸਤ ਬਣ ਜਾਂਦੇ ਹਨ। ਇਹਨਾਂ ਵਿਚੋਂ ਕੁਝ ਦੋਸਤ ਸਾਡੀ ਜਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਸਾਡੇ ਦਿਲ ਦੇ ਕਰੀਬ ਹੋ ਜਾਂਦੇ ਹਨ। ਅਸੀਂ ਉਹਨਾਂ ਨਾਲ ਡੂੰਘੀਆਂ ਸਾਝਾਂ ਪਾ ਲੈਂਦੇ ਹਾਂ। ਅਸੀ ਉਹਨਾਂ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੋਣ ਲੱਗਦੇ ਹਾਂ। ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਨ ਲੱਗ ਜਾਂਦੇ ਹਾਂ। ਆਪਣੇ ਸਾਰੇ ਭੇਤ, ਘਰ, ਕੰਮਕਾਰਾਂ ਦੀ ਗੱਲਾਂ ਇੱਕ ਦੂਜੇ ਅੱਗੇ ਕਰ ਦਿੰਦੇ ਹਾਂ। ਬਸ ਇਹ ਦੋਸਤੀ ਇਮਨਾਦਾਰੀ, ਸੂਝ ਬੂਝ, ਵਿਸ਼ਵਾਸ ਦੀ ਨੀਂਹ ਤੇ ਟਿਕੀ ਹੋਣੀ ਚਾਹੀਦੀ ਹੈ। ਦੋਸਤੀ ਵਿੱਚ ਸਹਿਣਸ਼ੀਲਤਾ ਤੇ ਨਿਮਰਤਾ ਵੀ ਹੋਣੀ ਚਾਹੀਦੀ ਹੈ।
ਜਿੰਦਗੀ ਵਿੱਚ ਚੰਗੇ ਦੋਸਤ ਦੀ ਭੂਮਿਕਾ ਬਹੁਤ ਅਹਿਮ ਹੈ। ਇੱਕ ਚੰਗਾ ਦੋਸਤ ਤਹਾਡਾ ਇੱਕਲੇਪਣ ਨੂੰ ਦੂਰ ਕਰ ਸਕਦਾ। ਉਹ ਤੁਹਾਡੇ ਮਾੜੇ ਚੰਗੇ ਵਿੱਚ ਸਮੇਂ ਵਿੱਚ ਖੜ ਸਕਦਾ। ਤੁਹਾਡੇ ਵਲੋਂ ਲਏ ਜਾ ਰਹੇ ਫੈਸਲਿਆਂ ਦਾ ਵੀ ਭਾਗੀਦਾਰ ਹੋ ਸਕਦਾ। ਚੰਗੇ ਦੋਸਤਾਂ ਦੀ ਬਦੌਲਤ ਤੁਸੀ ਜਿੰਦਗੀ ਵਿੱਚ ਬਹੁਤ ਚੰਗੇ ਅਹੁਦਿਆਂ ਤੇ ਪਹੁੰਚ ਸਕਦੇ ਹੋ। ਚੰਗਾ ਦੋਸਤ ਬਿਜਨਸ ਸ਼ੁਰੂ ਕਰਨ ਵਿਚ ਵੀ ਸਹਾਈ ਹੁੰਦਾ ਹੈ।
ਅੱਜ ਕੱਲ ਲੋਕ ਦੋਸਤ ਬਣਾਉਣ ਦੇ ਚੱਕਰ ਵਿੱਚ ਮਤਲਬ ਵੀ ਰੱਖਦੇ ਹਨ।ਅੱਜ ਕੱਲ ਦੇ ਇਨਸਾਨਾਂ ਦੀ ਸੋਚ ਇਹ ਹੈ ਕਿ ਮੈਂ ਇਸ ਨਾਲ ਮਤਲਬ ਦੀ ਦੋਸਤੀ ਰੱਖਾ। ਮੇਰੇ ਕੰਮ ਹੁੰਦੇ ਰਹਿਣ ,ਇਹ ਮੇਰਾ ਦੋਸਤ ਬਣਿਆ ਰਹੇ । ਜਿਆਦਾਤਰ ਲੋਕ ਆਪਣਾ ਫਾਇਦਾ ਦੇਖਦੇ ਹੋਏ ਹੀ ਦੂਜੇ ਵੱਲ ਆਪਣਾ ਹੱਥ ਵਧਾਉਂਦੇ ਹਨ। ਅਜਿਹੇ ਲੋਕ ਕੰਮ ਹੋਣ ਉਪਰੰਤ ਵਰਤ ਕੇ ਛੱਡ ਜਾਂਦੇ ਹਨ। ਤੁਹਾਨੂੰ ਮੁਸੀਬਤ ਵਿੱਚ ਦੇਖ ਆਪਣੇ ਆਪ ਨੂੰ ਵੱਖ ਕਰ ਲੈਣਗੇ।