ਗੁਰਸੇਵਕ ਰੰਧਾਵਾ:-
ਹਰ ਇੱਕ ਵਿਅਕਤੀ ਅਜੋਕੇ ਸਮੇਂ ਵਿੱਚ ਵੱਧ ਤੋਂ ਵੱਧ ਪੈਸਾ ਅਤੇ ਸ਼ੋਹਰਤ ਕਮਾਉਣ ਦੀ ਦੌੜ ’ਚ ਲੱਗਾ ਹੋਇਆ ਹੈ। ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ ਪਰ ਚੰਗੇ ਵਿਚਾਰਾਂ ਦੀ ਅਣਹੋਂਦ ਕਾਰਨ, ਕਿਸੇ ਦੂਜੇ ਨੂੰ ਨੀਵਾਂ ਦਿਖਾ ਕੇ, ਮਾੜੇ ਬੰਦੇ ਨੂੰ ਦਬਾ ਕੇ ਅਤੇ ਗ਼ਲਤ ਤਰੀਕੇ ਨਾਲ ਕੀਤੀ ਕਮਾਈ ਨੇ ਉਸਦੇ ਸੁਭਾਅ ਵਿੱਚ ਪਰਿਵਰਤਨ ਲਿਆਂਦਾ ਹੈ।ਜਿਸਦੀ ਉਪਜ਼ਕਾਰਨ ਉਸ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਵਧ ਰਹੀਆਂਹਨਅਤੇ ਮਨੁੱਖ ਨੇ ਕਈ ਤਰ੍ਹਾਂ ਦੇ ਰੋਗ ਸਹੇੜ ਲਏ ਹਨ। ਪਰੰਤੂ ਆਪਣੇ ਸੁਭਾਅ ਨੂੰ ਚੰਗੇ ਵਿਚਾਰਾਂ, ਚੰਗੀ ਸਿੱਖਿਆ ਤੇ ਚੰਗੀ ਸੰਗਤ ਨਾਲ ਬਦਲਿਆ ਤੇ ਨਿਖ਼ਾਰਿਆ ਜਾ ਸਕਦਾ ਹੈ। ਨੈਤਿਕ ਸਿੱਖਿਆ ਨਾਲ ਅਸਹਿਣਸ਼ੀਲਤਾ ਨੂੰ ਘਟਾਇਆ ਜਾ ਸਕਦਾ ਹੈ। ਕੋਈ ਵੀ ਕਿੱਤਾ ਜਾਂ ਕਾਰਜ ਪੈਸੇ ਦੇ ਲਾਲਚ ਵਿੱਚ ਨਹੀਂ, ਬਲਕਿ ਮਾਨਸਿਕ ਸੰਤੁਸ਼ਟੀ ਦੇ ਆਧਾਰ ’ਤੇ ਚੁਣਿਆ ਜਾਣਾ ਚਾਹੀਦਾ ਹੈ, ਜੋ ਦਿਲ ਨੂੰ ਸਕੂਨ ਦਿੰਦਾ ਹੋਵੇ। ਜਿਸ ਨੂੰ ਕਰਕੇ ਚੰਗੀ ਨੀਂਦ ਆਉਂਦੀ ਹੋਵੇ ਨਾ ਕੇ ਨੀਂਦ ਵਾਲੀ ਗੋਲੀ ਦਾ ਸਹਾਰਾ ਲੈਣਾ ਪਵੇ। ਮਨੁੱਖ ਗ਼ਲਤੀਆਂ ਦਾ ਪੁਤਲਾ ਹੈ।
ਜੇ ਕਿਸੇ ਮਨੁੱਖ ’ਚ ਕਮੀਆਂ ਹਨ, ਤਾਂ ਉਸ ਵਿੱਚ ਚੰਗਿਆਈਆਂ ਵੀ ਜ਼ਰੂਰ ਹੁੰਦੀਆਂ ਹਨ। ਜੇ ਕਿਸੇ ਵਿਅਕਤੀ ਬਾਰੇ ਕੋਈ ਗੱਲ ਕਰਨੀ ਹੈ ਤਾਂ ਉਸ ਦੀਆਂ ਕਮੀਆਂ ਨਾ ਕੱਢੋ,ਸਗੋਂ ਉਸ ਦੀ ਚੰਗਿਆਈ ਦੀ ਗੱਲ ਕਰੋ ਚੰਗਾ ਬੋਲੋ, ਚੰਗਾ ਸੋਚੋ। ਜਿਸ ਨਾਲ ਦੂਸਰੇ ਵਿਅਕਤੀ ਵਿੱਚ ਚੰਗਿਆਈ ਦੇ ਅਸਾਰ ਵੱਧਦੇ ਹਨ। ਅਕਸਰ ਅਸੀਂ ਆਪਣਾ ਵਧੇਰੇ ਸਮਾਂ ਝੁੰਡਾਂ ਵਿਚ ਬੈਠ ਕੇ ਬਰਬਾਦ ਕਰਦੇ ਹਾਂ। ਉੱਥੇ ਸਾਰਾ ਦਿਨ ਇੱਕ ਦੂਜੇ ਤੇ ਤੀਜੇ ਬੰਦੇ ਦੀ ਚੁਗਲੀ-ਨਿੰਦਿਆ ਹੀ ਕਰਦੇ ਹਾਂ, ਕਿਸੇ ਦੀ ਖੁਸ਼ੀ ਜਾਂ ਤਰੱਕੀ ਦੇ ਸ਼ਰੀਕ ਨਹੀਂ ਬਣਦੇ ਸਗੋਂ ਉਸਨੂੰ ਭੰਡਦੇ ਹੀ ਰਹਿੰਦੇ ਹਾਂ। ਸੋ ਸਾਨੂੰ ਅਜਿਹੇ ਦੋਗ਼ਲੇ ਵਿਚਾਰਾਂ ਨੂੰ ਛੱਡ ਕੇ ਚੰਗੇ ਵਿਚਾਰਾਂ ਨੂੰ ਧਾਰਨਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਚੰਗੇ ਬਣਨ ਦੇ ਉਪਰਾਲੇ ਕਰਨੇ ਚਾਹੀਦੇ ਹਨ।ਅੱਜ ਕੱਲ ਤਾਂ ਚੰਗੀਆਂ ਕਿਤਾਬਾਂ ਦੀ ਥਾਂ ਮਲਟੀਮੀਡੀਆ ਨੇ ਲੈ ਲਈ ਹੈ, ਸੋ ਹਰੇਕ ਵਿਅਕਤੀ ਦਾ ਫ਼ਰਜ ਬਣਦਾ ਹੈ ਕਿ ਉਹ ਚੰਗੇ ਵਿਚਾਰ ਸੁਣੇ, ਅਖ਼ਬਾਰ ਇੱਕ ਵੱਡਮੁੱਲਾ ਸਰੋਤ ਹੈ ਜਿਸ ਵਿੱਚ ਚੰਗੇ ਵਿਚਾਰਵਾਨਾਂ ਦੇ ਵਿਚਾਰ ਆਉਂਦੇ ਰਹਿੰਦੇ ਹਨ, ਅਖ਼ਬਾਰ ਨੂੰ ਤਾਂ ਆਪਣੇ ਜੀਵਨ ਦਾ ਹਿੱਸਾ ਜ਼ਰੂਰ ਬਣਾਓ ਅਤੇ ਦੂਜਿਆਂ ਨੂੰ ਵੀ ਇਸ ਵੱਲ ਪ੍ਰੇਰਿਤ ਕਰੋ।
ਆਪਣੇ ਰੋਜ਼ਾਨਾ ਜੀਵਨ ਵਿੱਚੋਂ ਕੁਝ ਸਮਾਂ ਈਸ਼ਵਰ ਜਾਂਸਤਿਗੁਰ ਦੀ ਉਸਤਤ ਲਈ ਜ਼ਰੂਰ ਕੱਢੋ ਨਾ ਕਿ ਕਿਸੇ ਇਨਸਾਨ ਦੇ ਔਗੁਣ ਫਰੋਲੋ ਸਗੋਂ ਆਪਣੇ ਤੋਂ ਨੀਵੇਂ ਦੀ ਜ਼ਰੂਰ ਮਦਦ ਕਰੋ।ਨੇਕ ਅਤੇ ਚੰਗੇ ਵਿਚਾਰਾਂ ਦੀ ਅਹਿਮੀਅਤ ਤੋਂ ਸਾਰੇ ਲੋਕ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ ਪਰ ਕੀ ਚੰਗੇ ਤੇ ਉੱਚ ਵਿਚਾਰਾਂ ਦੀ ਅਹਿਮੀਅਤ ਸਿਰਫ਼ ਸੁੰਦਰ ਸ਼ਬਦਾਂ ਤਕ ਹੀ ਸਿਮਟ ਜਾਣੀ ਚਾਹੀਦੀ ਹੈ? ਕੀ ਇਨ੍ਹਾਂ ਚੰਗੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਨਹੀਂ ਬਣਾਇਆ ਜਾ ਸਕਦਾ? ਸਾਡੇ ਸਮਾਜ ’ਚ ਸਾਡੇ ਆਲੇ-ਦੁਆਲੇ ਅੱਜ ਜ਼ਿਆਦਾਤਰ ਮਹਾਨ ਚਿੰਤਕ, ਸਾਧੂ-ਸੰਤ, ਮਹਾਤਮਾ ਤੇ ਗੁਣੀ-ਗਿਆਨੀ ਆਪਣੇ ਵਿਚਾਰਾਂ ਨਾਲ ਤਾਂ ਲੋਕਾਂ ਨੂੰ ਮੰਤਰ-ਮੁਗਧ ਕਰਦੇ ਹਨ ਪਰ ਲੋਕ ਅਜਿਹੇ ਵਿਚਾਰਕਾਂ ਤੇ ਉਨ੍ਹਾਂ ਦੇ ਅਨਮੋਲ ਵਿਚਾਰਾਂ ਨੂੰ ਸਥਾਈ ਤੌਰ ’ਤੇ ਆਪਣੇ ਜੀਵਨ ਵਿਚ ਢਾਲਣ ਦੀ ਬਜਾਏ ਬਾਹਰੀ ਦਿਖਾਵਾ ਜ਼ਰੂਰ ਕਰਦੇ ਹਨ। ਇੰਝ ਜ਼ਿਆਦਾਤਰ ਲੋਕ ਉਪਯੋਗੀ ਵਿਚਾਰਾਂ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ।
ਸਾਨੂੰ ਚੰਗੇ ਅਤੇ ਨੇਕ ਵਿਚਾਰਾਂ ਨਾਲ ਜ਼ਰੂਰ ਜੁੜਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਮਾੜੇ ਵਿਚਾਰਾਂ ਦੇ ਪੈਦਾ ਹੁੰਦੇ ਹੀ ਵਿਅਕਤੀ ਦੇ ਦਿਲ ਵਿਚ ਇਕ ਡਰ ਵੀ ਪੈਦਾ ਹੁੰਦਾ ਹੈ ਕਿ ਉਹ ਗਲਤ ਸੋਚ ਰਿਹਾ ਹੈ, ਉਹ ਗ਼ਲਤ ਕਰ ਰਿਹਾ ਹੈ। ਪਰੰਤੂ ਜੇਕਰ ਉਹ ਆਪਣੇ ਡਰ ਤੋਂ ਬਚ ਕੇ ਮਾੜੇ ਵਿਚਾਰਾਂ ਨੂੰ ਤਿਆਗ ਕੇ ਚੰਗੇ ਵਿਚਾਰਾਂ ਵੱਲ ਮੁੜ ਜਾਵੇ ਤਾਂ ਉਹ ਚੰਗੇ ਵਿਚਾਰਾਂ ਦਾ ਧਾਰਨੀ ਬਣ ਸਕਦਾ ਹੈ। ਇਹ ਉਸਦੀ ਅਸਲ ਮਾਅਨੇ ਵਿੱਚ ਜਿੱਤ ਹੋਵੇਗੀ।
-ਮੋਬਾ. 94636-80877