ਪ੍ਰਭਜੋਤ ਕੌਰ ਢਿੱਲੋਂ:-
ਹਰ 31 ਦਸੰਬਰ ਨੂੰ ਸਾਲ ਖਤਮ ਹੁੰਦਾ ਹੈ ਅਤੇ ਪਹਿਲੀ ਜਨਵਰੀ ਨੂੰ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ। ਬੜੇ ਉਤਸ਼ਾਹ ਨਾਲ ਪਿਛਲੇ ਸਾਲ ਨੂੰ ਅਲਵਿਦਾ ਕਿਹਾ ਜਾਂਦਾ ਹੈ ਅਤੇ ਨਵੇਂ ਸਾਲ ਦਾ ਸਵਾਗਤ ਕੀਤਾ ਜਾਂਦਾ ਹੈ।
ਹਕੀਕਤ ਇਹ ਹੈ ਕਿ ਨਾ ਤਾਂ ਬੀਤੇ ਸਾਲ ਦੀਆਂ ਯਾਦਾਂ ਸਾਡਾ ਪਿੱਛਾ ਛੱਡਦੀਆਂ ਹਨ ਅਤੇ ਨਾ ਨਵੇਂ ਸਾਲ ਦੇ ਵਿੱਚ ਕੁੱਝ ਬਦਲਦਾ ਹੈ। ਹਾਂ, ਨਵੇਂ ਸਾਲ ਦੀਆਂ ਪਾਰਟੀਆਂ ਅਸੀਂ ਸਾਰੇ ਬੜੀ ਧੂਮ-ਧਾਮ ਨਾਲ ਮਨਾਉਂਦੇ ਹਾਂ। ਇੰਜ ਲੱਗਦਾ ਹੈ ਜਿਵੇਂ ਸਾਰੇ ਦੁੱਖ ਤਕਲੀਫ਼ਾਂ ਦਸੰਬਰ ਦੀ ਆਖਰੀ ਤਰੀਕ ਨੂੰ ਖਤਮ ਹੋ ਜਾਣਗੀਆਂ। ਪਰ ਇੰਜ ਤਾਂ ਕੁਝ ਵੀ ਨਹੀਂ ਹੁੰਦਾ। ਪਰ ਇਸ ਦੇ ਬਾਵਜੂਦ ਅਸੀਂ ਉਵੇਂ ਹੀ ਸਾਰਾ ਕੁਝ ਕਰਦੇ ਆ ਰਹੇ ਹਾਂ। ਇਸ ਵਾਰ ਪਤਾ ਨਹੀਂ ਕਿਉਂ ਮੇਰੇ ਜਹਿਨ ਵਿੱਚ ਆ ਰਿਹਾ ਸੀ ਕਿ ਸਿਸਟਮ ਦੇ ਵਿਗਾੜ ਨੇ ਬਹੁਤ ਕੁਝ ਤਹਿਸ-ਨਹਿਸ ਕਰ ਨਹਿਸ ਕਰ ਦਿੱਤਾ। ਉਹ ਇਵੇਂ ਦੀਆਂ ਘਟਨਾਵਾਂ ਅਤੇ ਹਾਲਾਤ ਹਨ ਜੋ ਕਦੀ ਵੀ ਨਹੀਂ ਬੁਲਾਏ ਜਾ ਸਕਦੇ।
ਜੇਕਰ ਅਸੀਂ ਵਿਗੜੇ ਸਿਸਟਮ ਦੀ ਗੱਲ ਕਰੀਏ ਤਾਂ ਲੋਕ ਹੁਣ ਹਰ ਸਿਆਸੀ ਪਾਰਟੀ ਤੋਂ ਨੱਕੋ-ਨੱਕ ਭਰੇ ਹੋਏ ਹਨ। ਸਿਆਸਤਦਾਨਾਂ ਦੀਆਂ ਗੱਲਾਂ ਸੁਣਕੇ ਕਦੇ ਹਾਸਾ ਆਉਂਦਾ ਹੈ, ਕਦੇ ਗੁੱਸਾ ਆਉਂਦਾ ਹੈ ਅਤੇ ਕਦੇ ਦੁੱਖ ਹੁੰਦਾ ਹੈ। ਅਸੀਂ ਕਿਵੇਂ ਦੇ ਲੋਕਾਂ ਨੂੰ ਵੋਟਾਂ ਪਾਉਂਦੇ ਹਾਂ ਜਾਂ ਇਹ ਲੋਕ ਸਾਡੀ ਮਜ਼ਬੂਰੀ ਬਣ ਗਏ ਹਨ। ਇਹ ਸਮਝੋਂ ਬਾਹਰ ਹੈ।
ਪੈਸੇ ਇਕੱਠੇ ਕਰਨ ਦੀ ਲਾਲਸਾ ਨੇ ਜ਼ਮੀਰਾਂ ਦੇ ਸੌਦੇ ਕਰਵਾ ਦਿੱਤੇ। ਕੁਝ ਇਕ ਨੂੰ ਛੱਡ ਕੇ ਵਧੇਰੇ ਗਿਣਤੀ ਇਕ ਦੂਸਰੇ ਤੋਂ ਵੱਧ ਪੈਸੇ ਇਕੱਠੇ ਕਰਨ ਵਿੱਚ ਲੱਗਾ ਹੋਇਆ ਹੈ। ਰਿਸ਼ਵਤ ਲੈਂਦੇ ਫੜੇ ਜਾਂਦੇ ਹਨ ਅਤੇ ਰਿਸ਼ਵਤ ਦੇ ਕੇ ਛੁੱਟ ਜਾਂਦੇ ਹਨ। ਜਿਹੜਾ ਰਿਸ਼ਵਤ ਨਹੀਂ ਲੈਂਦਾ, ਉਹ ਘਰ ਬਣਾਉਣ ਲਈ ਜਾਂ ਬੱਚਿਆਂ ਲਈ ਕੁਝ ਕਰਨ ਲਈ ਕਈ ਪਾਪੜ ਵੇਲਦਾ ਹੈ। ਪਰ ਇੰਨਾ ਦੇ ਹੱਥ ਵਿੱਚ ਰਿਸ਼ਵਤ ਰੂਪੀ ਗਿੱਦੜ ਸਿੰਘੋ ਹੱਥ ਆ ਜਾਂਦੀ ਹੈ। ਇਹ ਹਰ ਪਿਛਲੇ ਸਾਲ ਵੀ ਇੰਝ ਹੀ ਸੀ ਅਤੇ ਅਗਲੇ ਸਾਲ ਵੀ ਉਵੇਂ ਹੀ ਚੱਲਦਾ ਰਿਹਾ। ਨਵੇਂ ਸਾਲ ਦੇ ਮਹਿੰਗੇ ਤੋਹਫਿਆਂ ਤੋਂ ਰਿਸ਼ਵਤ ਤੇ ਭਿ੍ਰਸ਼ਟਾਚਾਰ ਦੀ ਸ਼ੁਰੂਆਤ ਹੋ ਜਾਂਦੀ ਹੈ।
ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਕਈ ਸਾਲਾਂ ਤੋਂ ਉਵੇਂ ਹੀ ਚੱਲੀ ਆ ਰਹੀ ਹੈ। ਜੇਕਰ ਇਸ ਨੂੰ ਕੋਈ ਬੰਦ ਕਰਨਾ ਵੀ ਚਾਹੇ ਤਾਂ ਹੁਣ ਡੂੰਮਣੇ ਨੂੰ ਛੇੜਨ ਜਾਂ ਭੂੰਡਾਂ ਦੀ ਖੱਖਰ ਨੂੰ ਛੇੜਨ ਵਾਲੀ ਗੱਲ ਹੈ। ਰਿਸ਼ਵਤ ਲੈਣਾ ਅਤੇ ਲੋਕਾਂ ਨੂੰ ਖੱਜਲ ਕਰਨਾ ਦਫਤਰਾਂ ਵਿੱਚ ਬੈਠਿਆਂ ਦਾ ਅਧਿਕਾਰ ਹੀ ਬਣ ਗਿਆ ਹੈ। ਨਾ ਉਨ੍ਹਾਂ ਨੂੰ ਰਿਸ਼ਵਤ ਲੈਣੀ ਗਲਤ ਲੱਗ ਰਿਹਾ ਹੈ ਅਤੇ ਨਾ ਲੋਕਾਂ ਨੂੰ ਖੱਜਲ ਕਰਨਾ ਗਲਤ ਲੱਗ ਰਿਹਾ ਹੈ। ਕੋਈ ਬੰਦਾ ਨਵੇਂ ਸਾਲ ਦੇ ਚੜ੍ਹਨ ਤੋਂ ਬਾਅਦ ਕੀ ਨਵਾਂ ਵੇਖਦਾ ਹੈ ਸਮਝ ਨਹੀਂ ਆਈ।
ਮੈਂ ਵੀ ਉਨ੍ਹਾਂ ਵਿੱਚ ਹੀ ਹਾਂ। ਅਸੀਂ ਭੋਲੇ ਹਾਂ ਜਾਂ ਮੂਰਖ ਇਹਦੀ ਵੀ ਮੈਨੂੰ ਸਮਝ ਨਹੀਂ ਆਈ। ਇਹ ਤਾਂ ਪੱਕਾ ਹੈ ਕਿ ਵਧੇਰੇ ਕਰਕੇ ਅਸੀਂ ਆਪਣੀਆਂ ਗਲਤੀਆਂ ਤੋਂ ਕਦੇ ਕੁਝ ਸਿੱਖਿਆ ਹੀ ਨਹੀਂ। ਨਵੇਂ ਸਾਲ ਦੀ ਪਾਰਟੀ ਕਰਨ ਵਿੱਚ ਕੋਈ ਸਮੱਸਿਆ ਨਹੀਂ। ਪਰ ਵੇਖਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਨਾਲੋਂ ਵੱਖ ਹੋਣ ਦੇ ਆਸਾਰ ਕੀ ਹਨ ਜਾਂ ਕਦੇ ਅਸੀਂ ਪਿਛਲੇ ਲੰਮੇ ਸਮੇਂ ’ਚ ਅਜਿਹਾ ਕੁਝ ਵੇਖਿਆ। ਅਸਲ ਵਿੱਚ ਸਾਲ ਬਦਲੇ ਸਰਕਾਰ ਬਦਲੇ ਆਮ ਬੰਦੇ ਦੀ ਹਾਲਤ ਵਿੱਚ ਕੋਈ ਫਰਕ ਨਹੀਂ ਪੈਂਦਾ। ਹਕੀਕਤ ਇਹ ਹੈ ਕਿ ਸਿਆਸਤਦਾਨਾਂ, ਬਾਬੂਸ਼ਾਹੀ ਅਤੇ ਵਧੇਰੇ ਸਰਕਾਰੀ ਮੁਲਾਜ਼ਮਾਂ ਲਈ ਤਾਂ ਜਿਵੇਂ ਚੱਲ ਰਿਹਾ ਹੈ ਫਾਇਦੇ ਦਾ ਸੌਦਾ ਹੈ। ਉਨ੍ਹਾਂ ਦਾ ਪਿਛਲਾ ਸਾਲ ਵੀ ਬਿਹਤਰ ਸੀ ਤੇ ਅਗਲੇ ਵਿੱਚ ਵੀ ਉਹ ਹੋਣਾ ਹੈ। ਉਨ੍ਹਾਂ ਦੀ ਪਾਰਟੀ ਅਤੇ ਜਸ਼ਨ ਬਣਦੇ ਹਨ।
ਸਾਡੇ ਵਰਗਿਆਂ ਦੀ ਸ਼ਿਕਾਇਤ ਦੀ ਅਰਜੀ ਜਿਵੇਂ ਦਫ਼ਤਰ ਵਿੱਚ ਧੂਲ ਚੱਟਦੀ ਸੀ, ਉਵੇਂ ਹੀ ਚੱਟਦੀ ਰਹੇਗੀ। ਆਮ ਬੰਦਾ ਕਦੇ ਦਫਤਰਾਂ ਦੇ ਗੇੜੇ ਮਾਰੇਗਾ ਤੇ ਕਦੇ ਰਿਸ਼ਵਤ ਲਈ ਪੈਸੇ ਇਕੱਠੇ ਕਰੇਗਾ। ਹਾਂ, ਇਹ ਜ਼ਰੂਰ ਹੈ ਇਕ ਰਾਤ ਖੁਸ਼ੀਆਂ ਮਨਾ ਲਵੋ ਤੇ ਫੇਰ ਖੱਜਲ ਹੋਣ, ਧੱਕੇ ਖਾਣ ਅਤੇ ਆਪਣੇ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਬਰਦਾਸ਼ਤ ਕਰਦੇ ਰਹੋ।”
-ਮੋਬਾ : 98150-30221