ਏਜੰਸੀਆਂ
ਕਾਬੁਲ/12 ਜਨਵਰੀ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਵਿਦੇਸ਼ ਮੰਤਰਾਲੇ ਦੇ ਬਾਹਰ ਧਮਾਕਾ ਹੋਣ ਦੀ ਖ਼ਬਰ ਹੈ। ਧਮਾਕੇ ਸਮੇਂ ਤਾਲਿਬਾਨ ਅਤੇ ਚੀਨੀ ਅਧਿਕਾਰੀਆਂ ਵਿਚਾਲੇ ਮੀਟਿੰਗ ਚੱਲ ਰਹੀ ਸੀ। ਇੱਕ ਨਿਊਜ਼ ਏਜੰਸੀ ਮੁਤਾਬਕ ਇਹ ਬੰਬ ਧਮਾਕਾ ਸੀ। ਧਮਾਕੇ ਵਿੱਚ 20 ਲੋਕਾਂ ਦੀ ਮੌਤ ਹੋ ਗਈ।
ਕਾਬੁਲ ਸੁਰੱਖਿਆ ਬਲ ਦੇ ਬੁਲਾਰੇ ਖਾਲਿਦ ਜਾਦਰਾਨ ਨੇ ਧਮਾਕੇ ’ਚ ਕਈ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦਸਤੇ ਮੌਕੇ ’ਤੇ ਪਹੁੰਚ ਗਏ। ਦੱਸਣਾ ਬਣਦਾ ਹੈ ਕਿ 12 ਦਸੰਬਰ ਨੂੰ ਚੀਨੀ ਹੋਟਲ ਦੇ ਨਾਮ ਨਾਲ ਮਸ਼ਹੂਰ ਇੱਕ ਰੈਸਟੋਰੈਂਟ ਅਤੇ ਗੈਸਟ ਹਾਊਸ ’ਤੇ ਹਮਲਾ ਹੋਇਆ ਸੀ। ਕੁੱਲ ਤਿੰਨ ਹਮਲਾਵਰਾਂ ਨੇ ਹੋਟਲ ਨੂੰ ਨਿਸ਼ਾਨਾ ਬਣਾਇਆ ਸੀ। ਤਿੰਨੋਂ ਨੂੰ ਮਾਰ ਗਿਰਾਇਆ ਗਿਆ। ਘਟਨਾ ’ਚ ਦੋ ਵਿਦੇਸ਼ੀ ਨਾਗਰਿਕ ਜ਼ਖ਼ਮੀ ਹੋਏ ਸਨ। ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਹਮਲੇ ਦੇ ਸਮੇਂ ਹੋਟਲ ਵਿੱਚ ਕਈ ਚੀਨੀ ਨਾਗਰਿਕ ਮੌਜੂਦ ਸਨ। ਕੁਝ ਫੋਟੋਆਂ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਵਿੱਚ ਹੋਟਲ ਦੇ ਇੱਕ ਹਿੱਸੇ ਵਿੱਚ ਅੱਗ ਲੱਗਦੀ ਨਜ਼ਰ ਆ ਰਹੀ ਸੀ।
ਇਸ ਤੋਂ ਪਹਿਲਾਂ 1 ਜਨਵਰੀ ਨੂੰ ਵੀ ਕਾਬੁਲ ਦੇ ਇੱਕ ਮਿਲਟਰੀ ਏਅਰਪੋਰਟ ’ਤੇ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ 8 ਲੋਕ ਜ਼ਖ਼ਮੀ ਹੋਏ ਸਨ। 29 ਦਸੰਬਰ ਨੂੰ ਵੀ ਅਫ਼ਗਾਨਿਸਨ ਦੇ ਤਾਲੁਕਨ ਪ੍ਰੋਵਿੰਡ ’ਚ ਧਮਾਕਾ ਹੋਇਆ ਸੀ, ਜਿਸ ਵਿੱਚ 4 ਲੋਕ ਜ਼ਖ਼ਮੀ ਹੋਏ ਸਨ।