ਸਾਖ਼ਰਤਾ ਮੁਹਿੰਮ ਕਾਰਨ ਤ੍ਰਿਪੁਰਾ ’ਚ ਲੋਕ ਸੰਘੀ ਚਾਲਾਂ ਬੁਝਣ ਲੱਗੇ
ਪਿੱਛਲੇ ਦਿਨੀਂ ਪੂਰੇ ਤ੍ਰਿਪੁਰਾ ’ਚ ਬੜੇ ਉਤਸ਼ਾਹ ਨਾਲ 78ਵਾਂ ਲੋਕ-ਸਿੱਖਿਆ ਦਿਵਸ ਮਨਾਇਆ ਗਿਆ। ਸੂਬੇ ਭਰ ’ਚੋਂ ਵੱਖ ਵੱਖ ਥਾਵਾਂ ਤੋਂ ਵੱਡੀ ਗਿਣਤੀ ’ਚ ਆਦਿਵਾਸੀ ਅਤੇ ਗ਼ੈਰ-ਆਦਿਵਾਸੀ ਇਸ ਸਮਾਗਮ ’ਚ ਸ਼ਾਮਿਲ ਹੋਏ ਸਨ। ਸਮਾਗਮ ਦੌਰਾਨ 40 ਤੇ 50 ਦੇ ਦਹਾਕਿਆਂ ’ਚ ਇਸ ਰਾਜ ’ਚ ‘ਲੋਕ ਸਾਖ਼ਰਤਾ ਅੰਦੋਲਨ’ ਦੀ ਅਗਵਾਈ ਕਰਨ ਵਾਲੇ ਮਹਾਨ ਆਗੂਆਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ। ਇਹ ਸਮਾਗਮ ਰਾਜਧਾਨੀ ਅਗਰਤਲਾ ’ਚ ਕੀਤਾ ਗਿਆ।
ਤ੍ਰਿਪੁਰਾ ਦੇ ਇਤਹਾਸ ’ਚ ਇਸ ਦਿਨ ਦਾ ਖ਼ਾਸ ਮਹੱਤਵ ਹੈ। 27 ਦਸੰਬਰ 1945 (1355 ਤ੍ਰਿਪੁਰਾ ਯੁੱਗ ਦੀ 11 ਪੋਹ) ਨੂੰ ਸੂਬੇ ਦੇ ਗਿਆਰਾਂ ਪ੍ਰਤਿਭਾਸ਼ਾਲੀ ਅਤੇ ਉਤਸ਼ਾਹੀ ਵਿਦਿਆਰਥੀਆਂ ਨੇ ਮਿਲਕੇ ਲੋਕ-ਸਿੱਖਿਆ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਦਾ ਉਦੇਸ਼ ਸਾਖਰਤਾ ਤੋਂ ਵਾਂਝੇ ਲੋਕਾਂ ਅਤੇ ਪੇਂਡੂ ਮਹਾਜਨਾਂ ਦੇ ਸ਼ੋਸ਼ਣ ਤੋਂ ਪੀੜਤ ਆਦਿਵਾਸੀ ਪੇਂਡੂਆਂ ਦਰਮਿਆਨ ‘ਲੋਕ ਸਾਖ਼ਰਤਾ ਅੰਦੋਲਨ’ ਦੇ ਜ਼ਰੀਏ ਸਾਖ਼ਰਤਾ ਦਾ ਪ੍ਰਸਾਰ ਕਰਨਾ ਸੀ। ਉਸ ਸਮੇਂ ਮੂਲ-ਨਿਵਾਸੀਆਂ ਦਰਮਿਆਨ ਸਾਖ਼ਰਤਾ ਦਰ ਬਹੁਤ ਘੱਟ ਸੀ, ਜੋ 10 ਫੀਸਦੀ ਤੋਂ ਜ਼ਿਆਦਾ ਨਹੀਂ ਸੀ। ਸ਼ਾਹੀ ਖ਼ਾਨਦਾਨ ਦੀ ਹਕੂਮਤ ਦੌਰਾਨ, ਸਿਰਫ਼ ਪੰਜ ਕਸਬਿਆਂ ’ਚ ਹਾਈ ਸਕੂਲ ਸਨ ਜਿਸ ਕਾਰਨ ਤ੍ਰਿਪੁਰਾ ਦਾ ਵੱਡਾ ਹਿੱਸਾ ਸਿੱਖਿਆ ਤੋਂ ਵਾਂਝਾ ਰਹਿ ਗਿਆ ਸੀ।
ਇਨ੍ਹਾਂ ਗਿਆਰਾਂ ਉਤਸ਼ਾਹੀ ਵਿਦਿਆਰਥੀਆਂ ਵਿੱਚ ਦਸ਼ਰਥ ਦੇਬ, ਸੁਧਨਵਾ ਦੇਬ ਬਰਮਾ, ਹੇਮੰਤ ਦੇਬ ਬਰਮਾ, ਦਿਨੇਸ਼ ਦੇਬ ਬਰਮਾ, ਵਿਦਿਆ ਦੇਬ ਬਰਮਾ ਅਤੇ ਅਜਿਹੇ ਹੀ ਹੋਰ ਆਗੂ ਸ਼ਾਮਿਲ ਸਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਇੱਕ ਸਾਲ ਦੇ ਅੰਦਰ ਹੀ ਪੂਰੇ ਸੂਬੇ ’ਚ 488 ਸਕੂਲਾਂ ਦੀ ਸਥਾਪਨਾ ਕੀਤੀ। ਇਸ ਤੋਂ ਪੈਦਾ ਹੋਏ ਰਾਜਾਸ਼ਾਹੀ ਲਈ ਖ਼ਤਰਿਆਂ ਦੇ ਖਦਸ਼ੇ ਨੂੰ ਵੇਖਦਿਆਂ, ਰਾਜੇ ਨੇ ਲੋਕਾਂ ਦੇ ਸੰਗਠਨਾਂ ਦਾ ਗਲਾ ਘੁੱਟਣ ਅਤੇ ਇਨ੍ਹਾਂ ਨੂੰ ਜੜ੍ਹ ਤੋਂ ਉਖਾੜਨ ਦੇ ਪੂਰੇ ਯਤਨ ਕੀਤੇ। ਪਰ ਸਿਰੜ ਦੇ ਧਾਰਨੀ ਲੋਕ-ਸਿੱਖਿਆ ਕਮੇਟੀ ਦੇ ਆਗੂਆਂ ਨੇ ਰਾਜੇ ਦੇ ਗੁੱਸੇ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਹੌਲੀ-ਹੌਲੀ ਕਮੇਟੀ ਨੇ ਜਮਹੂਰੀ ਤੌਰ ’ਤੇ ਚੁਣੀ ਹੋਈ ਸਰਕਾਰ ਦੀ ਮੰਗ ਚੁੱਕਣੀ ਸ਼ੁਰੂ ਕਰ ਦਿੱਤੀ। ਲੋਕਾਂ ਦੀ ਇਸ ਮੰਗ ਤੋਂ ਗੁੱਸੇ ’ਚ ਆਈ ਰਾਜਾਸ਼ਾਹੀ ਨੇ ਅੰਦੋਲਨ ਨੂੰ ਕੁਚਲਣ ਲਈ ਦਮਨਕਾਰੀ ਨੀਤੀਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ।
ਰਾਜੇ ਦੀ ਹਕੂਮਤ ਨੇ ਆਦਿਵਾਸੀ ਖੇਤਰਾਂ ’ਚ ਹਜ਼ਾਰਾਂ ਦੀ ਗਿਣਤੀ ’ਚ ਪੁਲਿਸ ਅਤੇ ਫੌਜ ਤੈਨਾਤ ਕੀਤੀ। ਲੋਕ-ਸਿੱਖਿਆ ਕਮੇਟੀ ਦੇ ਆਗੂਆਂ ਦੀ ਭਾਲ ’ਚ ਪਿੰਡਾਂ ਦੇ ਪਿੰਡ ਅੱਗ ਦੇ ਹਵਾਲੇ ਕਰ ਦਿੱਤੇ ਗਏ ਅਤੇ ਉਨ੍ਹਾਂ ਦੇ ਭੋਜਨ ਭੰਡਾਰਾਂ ਨੂੰ ਅੱਗ ਨਾਲ ਸਾੜ ਕੇ ਸੁਆਹ ਕਰ ਦਿੱਤਾ ਗਿਆ। ਅਜਿਹੇ ਭਿਆਨਕ ਹਾਲਾਤ ’ਚ ਹੀ, 1948 ’ਚ, ਲੋਕ ਮੁਕਤੀ ਕੌਂਸਲ ਦਾ ਗਠਨ ਕੀਤਾ ਗਿਆ, ਤਾਂ ਕਿ ਪੇਂਡੂਆਂ ਨੂੰ ਰਾਜਾਸ਼ਾਹੀ ਦੇ ਹਮਲੇ ਤੋਂ ਬਚਾਉਣ ਲਈ ਇੱਕ ਵਿਰੋਧੀ ਤਾਕਤ ਨੂੰ ਤਿਆਰ ਕੀਤਾ ਜਾ ਸਕੇ। ਇਸ ਨੇ ਰਾਜ ਵਿੱਚ ਚੋਣਾਂ ਰਾਹੀਂ ਜਮਹੂਰੀ ਸਰਕਾਰ ਦੀ ਮੰਗ ਅਤੇ ਸ਼ਾਹੀ ਹਕੂਮਤ ਅਤੇ ਮਹਾਜਨਾਂ ਦੇ ਉਤਪੀੜਨ ਤੇ ਸ਼ੋਸ਼ਣ ਦੀ ਸਮਾਪਤੀ ਅਤੇ ਆਮ ਲੋਕਾਂ ਦਰਮਿਆਨ ਸਿੱਖਿਆ ਦੇ ਪ੍ਰਸਾਰ ਆਦਿ ਦੇ ਮੁੱਦੇ ਚੁੱਕਦਿਆਂ, ਇੱਕ ਲੋਕ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ। ਜ਼ਾਹਰ ਹੈ, ਲੋਕ-ਸਿੱਖਿਆ ਕਮੇਟੀ ਦੇ ਗਠਨ ਨਾਲ ਰਾਜ ’ਚ ਲੋਕ-ਸੰਘਰਸ਼ ਚਲਾਉਣ ਦੀ ਲੋੜ ਉਭਰ ਕੇ ਸਾਹਮਣੇ ਆ ਗਈ।
ਜੀਐਮਪੀ, ਟੀਵਾਈਐਫ਼ (ਟ੍ਰਾਇਬਲ ਯੂਥ ਫੈਡਰੇਸ਼ਨ) ਅਤੇ ਟੀਐਸਯੂ (ਟ੍ਰਾਇਬਲ ਸਟੂਡੈਂਟਸ ਯੂਨੀਅਨ) ਦੀਆਂ ਕੇਂਦਰੀ ਕਮੇਟੀਆਂ ਨੇ ਇਸੇ ਲਈ ਇਸ ਮਹੱਤਵਪੂੁਰਨ ਦਿਨ ਨੂੰ ਮਨਾਉਣ ਲਈ ਅਗਰਤਲਾ ਦੇ ਰਵਿੰਦਰ ਸ਼ਤਾਬਦੀ ਭਵਨ ਦੇ ਵਿਹੜੇ ’ਚ ਕੇਂਦਰੀ ਸਮਾਗਮ ਦਾ ਆਯੋਜਨ ਕੀਤਾ। ਅਗਰਤਲਾ ਸ਼ਹਿਰ ਅਤੇ ਉਸ ਦੇ ਨੇੜੇ-ਤੇੜੇ ਦੇ ਖੇਤਰਾਂ ਵਿਚਲੇ ਵੱਖ-ਵੱਖ ਹਿੱਸਿਆਂ ਤੋਂ ਆਏ ਕਾਰਕੁਨਾਂ ਨਾਲ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਕਈ ਲੋਕਾਂ ਨੂੰ ਤਾਂ ਹਾਲ ’ਚ ਸੀਟ ਨਾ ਮਿਲਣ ਕਾਰਨ ਬੁਲਾਰਿਆਂ ਨੂੰ ਸੁਣਨ ਲਈ ਬਾਹਰ ਹੀ ਖੜ੍ਹੇ ਹੋਣਾ ਪਿਆ।
ਇਸ ਸਾਖ਼ਰਤਾ ਮੁਹਿੰਮ ਦਾ ਇੱਕ ਵੱਡਾ ਲਾਭ ਇਹ ਹੋਇਆ ਕਿ ਅੱਜ ਲੋਕ ਸਿਆਸੀ ਤੌਰ ’ਤੇ ਚੇਤਨ ਹੋਏ ਹਨ ਅਤੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਚਾਲਾਂ ਦੀ ਟੋਹ ਲਾਉਣਾ ਆ ਗਿਆ ਹੈ । ਸਾਖ਼ਰਤਾ ਪ੍ਰਾਪਤ ਕਰਨ ਵਾਲਿਆਂ ਅਤੇ ਸਾਖ਼ਰਤਾ ਮੁਹਿੰਮ ਦੇ ਪੱਖੀਆਂ ਨੇ ਵਿਨਾਸ਼ਕਾਰੀ ਤਾਕਤਾਂ ਦੀਆਂ ਸਾਜ਼ਿਸ਼ਾਂ ਨੂੰ ਨੰਗਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸੰਦਰਭ ’ਚ ਹੋਏ ਸਮਾਗਮ ਨੇ ਆਮ ਲੋਕਾਂ, ਖਾਸ ਕਰਕੇ ਆਦਿਵਾਸੀਆਂ, ਦਰਮਿਆਨ ਮੌਜੂਦਾ ਦਮਨਕਾਰੀ ਅਤੇ ਲੋਕ-ਵਿਰੋਧੀ ਹਕੂਮਤ ਨਾਲ ਲੜਨ ਲਈ ਵੱਡਾ ਉਤਸ਼ਾਹ ਪੈਦਾ ਕੀਤਾ ਹੈ।