ਮੁਹੰਮਦ ਅੱਬਾਸ ਧਾਲੀਵਾਲ
2022 ਆਪਣੀਆਂ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡ ਦਾ ਹੋਇਆ ਲੰਘ ਗਿਆ ਹੈ, ਪਰ ਪਿਛਲੇ ਸਾਲਾਂ ਵਾਂਗ ਇਸ ਵਰ੍ਹੇ ਵੀ ਅਜਿਹਾ ਬਹੁਤ ਕੁੱਝ ਵਾਪਰਿਆ ਜਿਸ ਨੂੰ ਕਦਾਚਿਤ ਵਿਸਾਰਿਆ ਨਹੀਂ ਜਾ ਸਕਦਾ ਅਤੇ ਇਹ ਸਭ ਕੁਝ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋ ਗਿਆ। ਜੇਕਰ ਗੱਲ ਮੰਦਭਾਗੀ ਘਟਨਾਵਾਂ ਦੀ ਕਰੀਏ ਜਿਨ੍ਹਾਂ ਦੇ ਚਲਦਿਆਂ ਇਹ ਸਾਲ ਯਾਦ ਰੱਖਿਆ ਜਾਵੇਗਾ ਤਾਂ ਇਸ ਸਾਲ ਦੇ ਫਰਵਰੀ ਮਹੀਨੇ ਵਿਚ ਜਿੱਥੇ ਯੂਕਰੇਨ ਤੇ ਰੂਸ ਵਿਚਾਲੇ ਜੰਗ ਸ਼ੁਰੂ ਹੋਈ ਜੋ ਹਾਲੇ ਤਕ ਕਿਸੇ ਕੰਢੇ ਵੱਟੇ ਲੱਗੀ ਨਜਰ ਨਹੀਂ ਆ ਰਹੀ। ਇਸ ਦੌਰਾਨ ਕਿੰਨੇ ਸ਼ਹਿਰ ਤਬਾਹ ਹੋਏ ਤੇ ਕਿੰਨੇ ਹੀ ਸ਼ਹਿਰੀ ਤੇ ਫੌਜੀ ਹਮਲਿਆਂ ਵਿੱਚ ਆਪਣੀ ਜਾਨ ਗੁਆ ਬੈਠੇ। ਇਸ ਦੌਰਾਨ ਦੁਨੀਆ ਭਰ ਵਿਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਤੇ ਕਈ ਦੇਸ਼ਾਂ ਅਨਾਜ ਦੀ ਕਿੱਲਤ ਨਾਲ ਜੂਝਣਾ ਪਿਆ। ਇਸ ਵਿਚਕਾਰ ਤੁਰਕੀ ਦੇ ਰਾਸ਼ਟਰਪਤੀ ਤਯਦ ਉਦਰਗਾਨ ਦੀ ਰੂਸੀ ਰਾਸ਼ਟਰਪਤੀ ਪੂਤਿਨ ਨਾਲ ਹੋਈ ਮੁਲਾਕਾਤ ਵੀ ਮੀਡੀਆ ’ਚ ਸੁਰਖੀਆਂ ਦਾ ਵਿਸ਼ਾ ਬਣੀ। ਤਯਬ ਉਦਰਗਾਨ ਦੀਆਂ ਕੋਸ਼ਿਸ਼ਾਂ ਸਦਕਾ ਜੋ ਅਨਾਜ ਦੇ ਭਰੇ ਜਹਾਜ ਯੂਕਰੇਨ ਨੇੜੇ ਖੜ੍ਹੇ ਸਨ ਉਨ੍ਹਾਂ ਨੂੰ ਰੂਸ ਨਾਲ ਗੱਲ ਬਾਤ ਕਰ ਉਨ੍ਹਾਂ ਦੀ ਮੰਜÇ?ਲ ਤੱਕ ਪਹੁੰਚਾਉਣ ਚ ਸਫਲ ਰਿਹਾ। ਇਸ ਜੰਗ ਦੇ ਕਾਰਨ ਯੂਰਪੀ ਦੇਸ਼ਾਂ ਵਿਚ ਗੈਸ ਅਤੇ ਖਾਦ ਖੁਰਾਕ ਦੀ ਵੀ ਕਮੀ ਵੇਖਣ ਨੂੰ ਮਿਲੀ। ਉਥੇ ਹੀ ਰੂਸ ਤੇ ਅਮਰੀਕਾ ਵਿਚਕਾਰ ਵੀ ਇੱਕ ਜੁਬਾਨੀ ਜੰਗ ਹੁੰਦੀ ਰਹੀ ਤੇ
ਇਸ ਦੇ ਨਾਲ ਨਾਲ ਤਾਈਵਾਨ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਵੀ ਕਈ ਵਾਰ ਤਨਾਤਨੀ ਵੇਖਣ ਨੂੰ ਮਿਲੀ। ਉਧਰ ਇਸ ਵਰ੍ਹੇ ਤਾਲਿਬਾਨ ਨੇ ਵੀ ਅਗਸਤ ਮਹੀਨੇ ਵਿਚ ਅਪਣੀ ਹਕੂਮਤ ਦਾ ਇੱਕ ਸਾਲ ਪੂਰਾ ਕੀਤਾ ਤੇ ਇਸ ਦੌਰਾਨ ਉੱਥੇ ਚੀਨ ਨੇ ਅਪਣੇ ਨਵੇਂ ਪ੍ਰਾਜੈਕਟ ਲਾਉਣ ਦੀ ਤਜਵੀਜ਼ਾਂ ਰੱਖੀਆਂ ਪਰ ਦੁਨੀਆ ਨੂੰ ਉਨ੍ਹਾਂ ਤੇ ਹਾਲੇ ਤੱਕ ਬੂਰ ਪਿਆ ਨਜਰ ਨਹੀਂ ਆਉਂਦਾ।
ਉਧਰ ਸਾਲ ਦੇ ਅਖੀਰਲੇ ਮਹੀਨਿਆਂ ’ਚ ਕਤਰ ਦੀ ਮੇਜਬਾਨੀ ਫੁੱਟਬਾਲ ਦੇ ਫੀਫਾ ਵਰਲਡ ਕੱਪ ਦਾ ਇੱਕ ਸ਼ਾਨਦਾਰ ਆਯੋਜਨ ਕੀਤਾ ਗਿਆ ਫੁਟਬਾਲ ਦੇ ਇਸ ਮਹਾਕੁੰਭ ਵਿਚ ਇਸ ਵਾਰ ਬਹੁਤ ਸਾਰੇ ਉਲਟਫੇਰ ਵੇਖਣ ਨੂੰ ਮਿਲੇ। ਇਸ ਵਿਚ ਮੋਰੱਕੋ ਦੀ ਫੁਟਬਾਲ ਟੀਮ ਨੇ ਆਪਣੀ ਹੋਂਦ ਨੂੰ ਦਰਜ ਕਰਵਾਉਂਦਿਆਂ ਪਹਿਲੀ ਵਾਰ ਵੱਡੀਆਂ ਵੱਡੀਆਂ ਟੀਮਾਂ ਨੂੰ ਬਾਹਰ ਕਰ ਸੈਮੀਫਾਈਨਲ ਚ ਆਪਣੀ ਥਾਂ ਬਣਾਉਣ ਚ ਸਫਲਤਾ ਹਾਸਲ ਕੀਤੀ ਤੇ ਜਿਸ ਦੇ ਚੱਲਦਿਆਂ ਮੁਸਲਿਮ ਦੁਨੀਆ ਵਿੱਚ ਕਾਫੀ ਖੁਸ਼ੀ ਵੇਖਣ ਨੂੰ ਮਿਲਿਆ। ਇਸ ਦੌਰਾਨ ਕਤਰ ਨੇ ਭਾਵੇਂ ਆਪਣੇ ਮੈਚ ਹਾਰੇ ਪਰ ਵਧੀਆ ਪ੍ਰਬੰਧਾਂ ਤੇ ਉੱਚ ਕੋਟੀ ਦੇ ਮਿਸਾਲੀ ਪ੍ਰਬੰਧਾਂ ਕਰਕੇ ਯਕੀਨਨ ਦੁਨੀਆਂ ਦੇ ਲੋਕਾਂ ਦੇ ਦਿਲ ਜਿੱਤੇ।
ਜੇਕਰ ਗੁਆਂਢੀ ਦੇਸ਼ਾਂ ਦੀ ਗੱਲ ਕਰੀਏ ਤਾਂ ਚੀਨ ਇੱਕ ਵਾਰ ਫਿਰ ਭਾਰਤ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਮੀਡੀਆ ਤੇ ਸਿਆਸੀ ਪਾਰਟੀਆਂ ਚ ਚਰਚਾਵਾਂ ਵਿਚ ਰਿਹਾ ਜਦੋਂ ਕਿ ਪਾਕਿਸਤਾਨ ਵਿਚ ਇਮਰਾਨ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਸ਼ਹਿਬਾਜ ਸ਼ਰੀਫ ਨੇ ਹਥਿਆਈ ਤੇ ਉਧਰ ਸ਼੍ਰੀ ਲੰਕਾ ਵਿਚ ਪਹਿਲੀ ਵਾਰ ਵੱਡੇ ਪੱਧਰ ਤੇ ਖਾਨਾ-ਜੰਗੀ ਦੀਆਂ ਭਿਆਨਕ ਤਸਵੀਰਾਂ ਨੇ ਦੁਨੀਆ ਦਾ ਧਿਆਨ ਖਿੱਚਿਆ। ਇਸ ਦੇ ਨਾਲ ਹੀ ਗੁਆਂਢੀ ਦੇਸ਼ ਨੇਪਾਲ ’ਚ ਇੱਕ ਵਾਰ ਫਿਰ ਪ੍ਰਚੰਡ ਨੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕ ਸੱਤਾ ਦੀ ਵਾਗਡੋਰ ਸੰਭਾਲੀ। ਤੇ ਬੰਗਲਾਦੇਸ਼ ਜੀ ਡੀ ਪੀ ਪੱਖੋਂ ਕਾਫੀ ਮਜਬੂਤੀ ਨਾਲ ਅੱਗੇ ਵਧਿਆ।
ਇਸ ਦੌਰਾਨ ਜੇਕਰ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ਵੀ ਕਾਫੀ ਕੁੱਝ ਨਵਾਂ ਵਾਪਰਿਆ ਜਿੱਥੇ ਸਾਲ ਦੇ ਪਹਿਲੇ ਮਹੀਨਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ’ਚ ਸੱਤਾਧਾਰੀ ਕਾਂਗਰਸ ਦੇ ਹੱਥੋਂ ਪੰਜਾਬ ਦੀ ਬਾਗਡੋਰ ਖੋਹ ਆਮ ਆਦਮੀ ਪਾਰਟੀ ਦੀ ਹਕੂਮਤ ਕਾਇਮ ਕੀਤੀ ਉੱਥੇ ਹੀ ਉਤਰ ਪ੍ਰਦੇਸ਼ ’ਚ ਇੱਕ ਵਾਰ ਫਿਰ ਯੋਗੀ ਸੱਤਾ ਦੀ ਕੁਰਸੀ ਹਥਿਆਉਣ ਸਫਲ ਰਹੇ। ਜਦੋਂ ਕਿ ਸਾਲ ਦੇ ਅਖੀਰਲੇ ਮਹੀਨੇ ’ਚ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਬੀ.ਜੇ.ਪੀ ਜਿੱਥੇ ਗੁਜਰਾਤ ’ਚ ਪ੍ਰਚੰਡ ਬਹੁਮਤ ਨਾਲ ਆਪਣੀ ਹਕੂਮਤ ਵਿਚ ਇੱਕ ਵਾਰ ਫਿਰ ਸਫਲ ਰਹੀ। ਉੱਥੇ ਹੀ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਨੇ ਪੂਰਨ ਬਹੁਮਤ ਹਾਸਲ ਕਰ ਆਪਣੀ ਸਰਕਾਰ ਬਨਾਉੰਦਿਆਂ ਹੋਇਆਂ ਇਨ੍ਹਾਂ ਵਿਧਾਨ ਸਭਾ ਨਤੀਜਿਆਂ ਦਾ ਮੈਚ ਇੱਕ ਇੱਕ ਸੂਬਾ ਜਿੱਤ ਕੇ ਬਰਾਬਰੀ ਨਾਲ ਡਰਾਅ ਕੀਤਾ ।
ਉਧਰ ਕਾਂਗਰਸ ਦੀ ਪ੍ਰਧਾਨਗੀ ਦੀ ਬਾਗਡੋਰ ਪਹਿਲੀ ਵਾਰ ਖੜਗੇ ਨੇ ਸੰਭਾਲੀ ਤੇ ਉਧਰ ਰਾਹੁਲ ਗਾਂਧੀ ਨੇ ਆਪਣੀ ਕਰੀਬ 8000 ਕਿਲੋਮੀਟਰ ਲੰਮੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਦੀ ਪੈਦਲ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ। ਜੋ ਹੁਣ ਆਪਣੇ ਆਖਰੀ ਪੜਾਅ ਵੱਲ ਵਧ ਰਹੀ ਹੈ ਇਸ ਯਾਤਰਾ ਦੌਰਾਨ ਉਨ੍ਹਾਂ ਦੀ ਨਵੀਂ ਲੁੱਕ ਅਤੇ ਨਵੀਂ ਸ਼ੈਲੀ ਨੇ ਲੋਕਾਂ ਤੇ ਸੱਤਾਧਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਰਾਹੁਲ ਗਾਂਧੀ ਸਿਆਸੀ ਪੱਖੋਂ ਕਾਫੀ ਗੰਭੀਰ ਤੇ ਦਿ੍ਰੜ ਨਜਰ ਆਉਂਦੇ ਹਨ ਤੇ ਹੋ ਸਕਦਾ ਹੈ ਇਸ ਵਾਰ ਆਗਾਮੀ ਲੋਕ ਸਭਾ 2024 ਦੀਆਂ ਚੋਣਾਂ ਵਿੱਚ ਉਹ ਸੱਤਾਧਾਰੀ ਪਾਰਟੀ ਨੂੰ ਇੱਕ ਕਹਿੰਦੀ ਕਹਾਉਂਦੀ ਟੱਕਰ ਦੇਣ ਦੇ ਸਮਰੱਥ ਹੋ ਹੋਣ ।
ਜੇਕਰ ਵਧੇਰੇ ਰਾਸ਼ਟਰੀ ਮੀਡੀਆ ਚੈਨਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਵਧੇਰੇ ਚੈਨਲਾਂ ਤੇ ਉਹੋ ਪਹਿਲਾਂ ਵਾਲਾ ਹਿੰਦੂ ਮੁਸਲਿਮ ਵਿਵਾਦ ਦਾ ਰਾਗ ਜਾਰੀ ਰਿਹਾ ਹਾਂ ਕੁਝ ਯੂ ਟਿਊਬ ਚੈਨਲਾਂ ਦੇ ਐਂਕਰਾਂ ਜਿਵੇਂ ਕਿ ਅਜੀਤ ਅੰਜੁਮ ਅਭਿਸ਼ਾਰ ਸ਼ਰਮਾ ਆਦਿ ਨੇ ਕਾਫੀ ਨਾਮ ਖੱਟਿਆ ਤੇ ਗੱਲ ਜੇਕਰ ਰਾਸ਼ਟਰੀ ਮੀਡੀਆ ਦੇ ਇੱਕ ਮਸ਼ਹੂਰ ਚੈਨਲ ਐਨ ਡੀ ਟੀ ਵੀ ਦੀ ਕਰੀਏ ਤਾਂ ਇਹ ਵੀ ਇਸ ਸਾਲ ਅਡਾਨੀ ਦੇ ਹੱਥਾਂ ਵਿੱਚ ਚਲਿਆ ਗਿਆ ਤੇ ਅਜਿਹਾ ਹੁੰਦਿਆਂ ਹੀ ਇਸ ਟੀ ਵੀ ਚੈਨਲ ਦੇ ਵਿਸ਼ਵ ਪ੍ਰਸਿੱਧ ਰਵੀਸ਼ ਕੁਮਾਰ ਦੁਆਰਾ ਆਪਣਾ ਅਸਤੀਫਾ ਦੇ ਦਿੱਤਾ ਗਿਆ ਤੇ ਉਨ੍ਹਾਂ ਦਾ ਇਹ ਅਸਤੀਫਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਸਤਾਈ ਸਾਲਾਂ ਤੋਂ ਇੱਕ ਪੱਤਰਕਾਰ ਦਾ ਇਸ ਪ੍ਰਕਾਰ ਚੈਨਲ ਨੂੰ ਛੱਡ ਕੇ ਚਲਿਆ ਜਾਣਾ ਉਸ ਚੈਨਲ ਦੇ ਪ੍ਰਬੰਧਨ ਨੂੰ ਯਕੀਨਨ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦਾ ਹੈ ਤੇ ਉਸ ਦੀ ਵਿਸ਼ਵਸਨੀਯਤਾ ਨੂੰ ਵੀ ਸਵਾਲਾਂ ਦੇ ਘੇਰੇ ’ਚ ਲਿਆਉਂਦਾ ਹੈ। ਜਦੋਂ ਕਿ ਉਧਰ ਐੱਨਡੀਟੀਵੀ ਦੇ ਸਾਬਕਾ ਐਂਕਰ ਰਵੀਸ਼ ਕੁਮਾਰ ਨੇ ਇੱਕ ਪ੍ਰਸ਼ਨ ਦੇ ਉੱਤਰ ’ਚ ਇਹੋ ਕਿਹਾ ਕਿ “ਐੱਨਡੀਟੀਵੀ ਤੋਂ ਅਸਤੀਫੀ ਦੇਣਾ ਸਹੀਂ ਸਮੇਂ ਉੱਤੇ ਲਿਆ ਗਿਆ ਸਹੀ ਫੈਸਲਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ।’’
ਇਧਰ ਜੇਕਰ ਗੱਲ ਸੂਬੇ ਪੰਜਾਬ ਦੀ ਕਰੀਏ ਤਾਂ ਭਗਵੰਤ ਸਿੰਘ ਮਾਨ ਨੇ ਪਹਿਲੀ ਵਾਰ ਸੂਬੇ ਦੀ ਬਤੌਰ ਮੁੱਖ ਮੰਤਰੀ ਵਾਗਡੋਰ ਸੰਭਾਲੀ। ਇਸ ਤੋਂ ਇਲਾਵਾ ਪੰਜਾਬ ’ਚ ਕਬੱਡੀ ਦੇ ਨਾਮੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਦਿਨ ਦਿਹਾੜੇ ਕਤਲ ਤੇ ਉਸ ਉਪਰੰਤ 29 ਮਈ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨੇ ਜਿਵੇਂ ਪੰਜਾਬ ਦੇ ਅਮਨ ਚੈਨ ਨੂੰ ਇੱਕ ਵਾਰ ਤਾਂ ਗ੍ਰਹਿਣ ਲਾ ਦਿੱਤਾ ਸੀ। ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਫਤ ਦੇਣ ਦੇ ਵਾਅਦੇ ਤੇ ਅਮਲ ਕਰਦਿਆਂ ਕਾਫੀ ਸੁਰਖੀਆਂ ਬਟੋਰੀਆਂ ਉਥੇ ਹੀ ਉਨ੍ਹਾਂ ਦੀ ਸਰਕਾਰ ਦੁਆਰਾ ਜਾਰੀ ਪੁਰਾਣੀ ਪੈਨਸ਼ਨ ਸਕੀਮ ਦੇ ਹਵਾਲੇ ਨਾਲ ਨੋਟੀਫਿਕੇਸ਼ਨ ਨੇ ਵੀ ਪੁਰਾਣੀ ਪੈਨਸ਼ਨ ਤੋਂ ਵਾਂਝੇ ਮੁਲਾਜ਼ਮ ਵਰਗ ਨੂੰ ਜਿਵੇਂ ਇੱਕ ਖੁਸ਼ੀ ਪ੍ਰਦਾਨ ਕੀਤੀ ।
-ਮੋਬਾ: 98552 59650