ਸੁਰਿੰਦਰ ਗੋਇਲ
ਬਰਨਾਲਾ/14 ਜਨਵਰੀ: ਸੀਬੀਆਈ ਵੱਲੋਂ ਲੰਘੇ ਦਿਨ ਲੱਖਾਂ ਰੁਪਏ ਸਣੇ ਗਿ੍ਰਫਤਾਰ ਕੀਤੇ ਐੱਫਸੀਆਈ ਦੇ ਡੀਜੀਐੱਮ ਰਾਜੀਵ ਮਿਸ਼ਰਾ ਦੇ ਕੇਸ ਦੀਆਂ ਤਾਰਾਂ ਬਰਨਾਲਾ ਵਾਸੀ ਅਤੇ ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸ਼ੈਲੀ ਨਾਲ ਵੀ ਜੁੜ ਗਈਆਂ ਹਨ। ਇਸ ਦੀ ਘੋਖ ਲਈ ਵੀਰਵਾਰ ਬਾਅਦ ਦੁਪਹਿਰ ਸੀਬੀਆਈ ਦੇ ਅਧਿਕਾਰੀਆਂ ਨੇ ਬਰਨਾਲਾ ਪੁਲਿਸ ਨੂੰ ਲੈ ਕੇ ਸੰਜੀਵ ਕੁਮਾਰ ਸ਼ੈਲੀ ਦੇ ਘਰ ਰੇਡ ਕਰਕੇ ਕਰੀਬ 7 ਘੰਟੇ ਤੱਕ ਬੰਦ ਕਮਰਾ ਪੁੱਛਗਿੱਛ ਕੀਤੀ ਗਈ। ਸੀਬੀਆਈ ਦੀ ਟੀਮ ਦੇ ਅਧਿਕਾਰੀਆਂ ਨੇ ਸ਼ੈਲੀ ਦੇ ਘਰ ਪਏ ਦਸਤਾਵੇਜ਼ਾਂ ਨੂੰ ਵੀ ਖੰਘਾਲਿਆ ਗਿਆ ਹੈ। ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਸ਼ੈਲਰ ਚਲਾਉਣ ਵਾਲੇ ਕਈ ਵੱਡੇ ਵਪਾਰੀ ਸ਼ਹਿਰ ’ਚੋਂ ਰੂਪੋਸ਼ ਹੋ ਗਏ ਅਤੇ ਆਪਣੇ ਮੋਬਾਈਲ ਵੀ ਬੰਦ ਕਰਕੇ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਫੋਨਾਂ ਤੋਂ ਰੇਡ ਦੀ ਜਾਣਕਾਰੀ ਲੈਣ ਲੱਗੇ। ਸੂਤਰਾਂ ਅਨੁਸਾਰ ਮਿਸ਼ਰਾ ਦੇ ਵਹੀ ਖਾਤੇ ’ਚ ਜ਼ਿਲ੍ਹਾ ਪ੍ਰਧਾਨ ਸ਼ੈਲੀ ਦਾ ਨਾਂ ਵੀ ਬੋਲਦਾ ਹੈ। ਰੇਡ ਦਾ ਪਤਾ ਲੱਗਦਿਆਂ ਹੀ ਸ਼ੈਲਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਵੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪੁੱਜੇ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਇਕ ਵੱਡੀ ਫਰਮ ਦੇ ਮਾਲਕ ਰਵਿੰਦਰ ਸਿੰਘ ਖਹਿਰਾ ਨੂੰ ਸੀਬੀਆਈ ਵੱਲੋਂ ਗਿ੍ਰਫਤਾਰ ਕੀਤਾ ਗਿਆ ਸੀ। ਉਸ ਦੀ ਪੁੱਛਗਿੱਛ ਤੋਂ ਬਾਅਦ ਬੁੱਧਵਾਰ ਨੂੰ ਐੱਫਸੀਆਈ ਦੇ ਡਿਪਟੀ ਜਨਰਲ ਮੈਨੇਜਰ ਰਾਜੀਵ ਮਿਸ਼ਰਾ ਨੂੰ ਕਾਬੂ ਕਰਕੇ ਉਸ ਦੇ ਘਰੋਂ 80 ਲੱਖ ਰੁਪਏ ਦੇ ਕਰੀਬ ਦੀ ਰਾਸ਼ੀ ਵੀ ਬਰਾਮਦ ਕੀਤੀ ਗਈ ਸੀ। ਮਿਸ਼ਰਾ ’ਤੇ ਦੋਸ਼ ਹੈ ਕਿ ਉਹ ਘਟੀਆ ਗੁਣਵੱਤਾ ਵਾਲੇ ਅਨਾਜ ਦੀ ਸਪਲਾਈ ’ਚ ਸ਼ਾਮਿਲ ਐੱਫਸੀਆਈ ਅਧਿਕਾਰੀਆਂ, ਅਨਾਜ ਵਪਾਰੀਆਂ, ਮਿੱਲਰਾਂ ਸਣੇ ਅਨਾਜ ਵੰਡ ਦੇ ਨਾਪਾਕ ਗੱਠਜੋੜ ’ਚ ਸ਼ਾਮਿਲ ਹੈ। ਇਸ ਸਬੰਧੀ ਸੀਬੀਆਈ ਵੱਲੋਂ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਬਰਨਾਲਾ ਵਿਖੇ ਰੇਡ ਕਰਨ ਤੋਂ ਪਹਿਲਾਂ ਸੀਬੀਆਈ ਵੱਲੋਂ ਬਾਕਾਇਦਾ ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮਹਿਲਾ ਪੁਲਿਸ ਵੀ ਰੇਡ ’ਚ ਸ਼ਾਮਿਲ ਕੀਤੀ ਗਈ। ਜ਼ਿਲ੍ਹੇ ਭਰ ਦੇ ਕਈ ਵਪਾਰੀ ਆਗੂ ਛਾਪੇਮਾਰੀ ਦੀ ਸੂਹ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਰੇਡ ਰਾਤ ਕਰੀਬ 9 ਵਜੇ ਖਤਮ ਹੋਣ ਉਪਰੰਤ ਸੀਬੀਆਈ ਟੀਮ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।