ਸਤਨਾਮ ਸਿੰਘ
ਨੰਗਲ/14 ਜਨਵਰੀ: ਨਯਾ ਨੰਗਲ, ਸ਼ਿਵਾਲਿਕ ਐਵਨਿਊ ਦੇ 4 ਸਾਲਾਂ ਬੱਚੇ ਦੇ ਵਾਇਰਸ ਦੀ ਚਪੇਟ ‘ਚ ਆਉਣ ਕਰਕੇ ਉਸਦੀਆਂ ਲੱਤਾ ਦੇ ਬੁਰਾ ਅਸਰ ਪਿਆ ਹੈ। ਬੱਚੇ ਦੀ ਸਿਹਤ ਜ਼ਿਆਦਾ ਨਾਜ਼ੁਕ ਹੋਣ ਦੇ ਚਲਦਿਆਂ ਬੱਚੇ ਨੂੰ ਲੁਧਿਆਣਾ ਦੇ ਡੀਐੱਮਸੀ ਵਿੱਚ ਦਾਖਿਲ ਕਰਵਾਇਆ ਗਿਆ ਹੈ। ਉਕਤ ਬੱਚੇ ਦੇ ਪਰਿਵਾਰਕ ਮੈਂਬਰਾਂ ਦੀ ਮਾਲੀ ਹਾਲਤ ਠੀਕ ਨਹੀਂ, ਜਿਸ ਮਗਰੋਂ ਇਲਾਕੇ ਦੇ ਬਹੁਚਰਚਿਤ ਨੌਜਵਾਨ ਕਮਲਪ੍ਰੀਤ ਸੈਣੀ ਵੱਲੋਂ ਸ਼ੋਸ਼ਲ ਮੀਡੀਆ ਤੇ ਹਸਪਤਾਲ ‘ਚ ਦਾਖ਼ਲ ਬੱਚੇ ਦੀ ਇੱਕ ਵਿਡੀਓ ਪਾ ਕੇ ਲੋਕਾਂ ਕੋਲੋ ਮਾਲੀ ਮਦਦ ਦੀ ਗੁਹਾਰ ਲਗਾਈ ਗਈ ਹੈ। ਜਿਕਰਯੋਗ ਹੈ ਕਿ ਕਮਲਪ੍ਰੀਤ ਸੈਣੀ ਨੰਗਲ ਦਾ ਉਹ ਨਗੀਨਾ ਹੈ, ਜੋ ਹੁਣ ਤੱਕ ਸੈਂਕੜੇ ਜਹੀਰੀਲੇ ਸੱਪਾਂ ਨੂੰ ਲੋਕਾਂ ਦੇ ਘਰਾਂ ‘ਚੋਂ ਫੜ੍ਹ ਕੇ ਜੰਗਲ ਵਿੱਚ ਸੁਰੱਖਿਅਤ ਛੱਡ ਚੁੱਕਿਆ ਹੈ। ਕਮਲਪ੍ਰੀਤ ਉਹ ਨੌਜਵਾਨ ਹੈ, ਜੋ ਹੁਣ ਤੱਕ ਡੂੰਘੀਆਂ ਨਹਿਰਾਂ ਅਤੇ ਦਰਿਆਵਾਂ ‘ਚੋਂ ਸੈਂਕੜੇ ਮਿ੍ਰਤਕ ਦੇਹਾਂ ਕੱਢ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਪੁਰਦ ਕਰ ਚੁੱਕਿਆ ਹੈ। ਉਕਤ ਨੌਜਵਾਨ ਵੱਲੋਂ ਬੱਚੇ ਦੇ ਹੱਕ ‘ਚ ਸ਼ੋਸ਼ਲ ਮੀਡੀਆ ਤੇ ਪਾਈ ਪੋਸਟ ਨੂੰ ਹੁਣ ਤੱਕ 3 ਲੱਖ ਤੋਂ ਉੱਤਰ ਲੋਕ ਦੇਖ਼ ਚੁੱਕੇ ਹਨ ਤੇ ਕਾਫੀ ਮਾਤਰਾ ਵਿੱਚ ਬੱਚੇ ਦੀ ਮਾਲੀ ਮਦਦ ਲਈ ਰਾਸ਼ੀ ਵੀ ਇੱਕਠੀ ਹੋ ਚੁੱਕੀ ਹੈ ਪਰ ਰਾਸ਼ੀ ਇੰਨੀ ਵੀ ਇੱਕਠੀ ਨਹੀਂ ਹੋਈ ਕਿ ਡਾਕਟਰਾਂ ਵੱਲੋਂ ਦੱਸਿਆ ਖ਼ਰਚਾ ਪੂਰਾ ਹੋ ਜਾਵੇ। ਇਸਦੇ ਨਾਲ ਹੀ ਵਾਰਡ ਕੌਂਸਲਰ ਦੀਪਕ ਨੰਦਾ ਨੇ ਵੀ ਉਕਤ ਬੱਚੇ ਦੇ ਪਿਤਾ ਨਾਲ ਖੜ੍ਹੇ ਹੋ ਕੇ ਮਦਦ ਦੀ ਗੁਹਾਰ ਲਗਾਈ ਹੈ। ਜ਼ਿਕਰਯੋਗ ਹੈ ਕਿ ਉਕਤ ਬੱਚੇ ਦਾ ਨਾਮ ਰੇਹਾਸ਼ ਕੁਮਾਰ ਅਤੇ ਪਿਤਾ ਦਾ ਨਾਮ ਸ਼ਸ਼ੀ ਕੁਮਾਰ ਹੈ। ਰੇਹਾਸ਼ 25 ਦਸੰਬਰ ਤੋਂ ਹੀ ਲੁਧਿਆਣਾ ਦੇ ਹਸਪਤਾਲ ‘ਚ ਜ਼ੇਰੇ ਇਲਾਜ਼ ਦੌਰਾਨ ਹੈ। ਵਾਰਡ ਕੌਂਸਲਰ ਨੇ ਕਿਹਾ ਕਿ ਉਕਤ ਬੱਚੇ ਦੇ ਖ਼ਰਚ ਹੋਣ ਵਾਲੀ ਰਾਸ਼ੀ 6 ਤੋਂ 8 ਲੱਖ ਰੁਪਏ ਦੱਸੀ ਜਾ ਰਹੀ ਹੈ।