Tuesday, March 21, 2023
Tuesday, March 21, 2023 ePaper Magazine
BREAKING NEWS
ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਬੰਦ ਰਹੇਗਾ ਇੰਟਰਨੈਟਬਜੁਰਗ ਦਾ ਬੇਰਹਿਮੀ ਨਾਲ ਕਤਲਮੋਬਾਈਲ ਇੰਟਰਨੈੱਟ ਸੇਵਾ ਬੰਦ ਹੋ ਜਾਣ ਕਾਰਨ ਕਾਰੋਬਾਰੀ ਅਤੇ ਵਿਦਿਆਰਥੀ ਹੋਣ ਲੱਗੇ ਪ੍ਰਭਾਵਿਤਪੰਜਾਬ ਦਾ ਭਾਈਚਾਰਾ ਤੇ ਸਾਂਝ ਸਾਡੀ ਪਹਿਲ, ਜੋ ਵੀ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਭਗਵੰਤ ਮਾਨ ਸਰਕਾਰ ਉਸ ਨਾਲ ਸਖ਼ਤੀ ਨਾਲ ਨਜਿੱਠੇਗੀ : ਕੁਲਦੀਪ ਧਾਲੀਵਾਲਗੜ੍ਹੇਮਾਰੀ ਕਾਰਨ ਕਣਕ ਅਤੇ ਸਰੋਂ ਦੀ ਫਸਲ ਦਾ ਨੁਕਸਾਨਰੇਲਵੇ ਨੇ ਪੰਜਾਬ ਅਤੇ ਪੰਜਾਬ ਨਾਲ ਜੁੜੇ ਕਈ ਰੇਲਮਾਰਗਾਂ 'ਤੇ ਰੇਲਗੱਡੀਆਂ ਦੀ ਸਪੀਡ 'ਚ ਕੀਤਾ ਵਾਧਾਅਮਨ ਅਰੋੜਾ ਵੱਲੋਂ ਬੈਂਗਲੁਰੂ ਸਥਿਤ "ਸਸਟੇਨਏਬਲ ਇੰਪੈਕਟਸ" ਪਲਾਂਟ ਦਾ ਦੌਰਾਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇਪੰਜਾਬ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਪੰਜਾਬ ‘ਚ ਬੱਚਿਆ, ਲੜਕੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਕਰਨ ਲਈ 5ਵਾਂ ਪੋਸ਼ਣ ਪੱਖਵਾੜਾ ਸ਼ੁਰੂ

ਲੇਖ

40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮਾਘੀ ਦਾ ਜੋੜ ਮੇਲ

January 14, 2023 01:47 PM

ਪ੍ਰੋ. ਨਵਦੀਪ ਕੌਰ ਸਰਪੰਚ
ਮਾਘੀ ਦਾ ਮੇਲਾ ਹਰ ਸਾਲ ਮਾਘ ਮਹੀਨੇ ਦੀ ਸੰਗਰਾਂਦ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਹੈ। ਇਸ ਮੇਲੇ ’ਤੇ ਦੂਰ-ਦੁਰਾਡੇ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੀਆਂ ਹਨ। ਮਾਘੀ ਜੋੜ ਮੇਲੇ ਦੇ ਇਤਿਹਾਸ ਦੀ ਗੱਲ ਕਰੀਏ, ਸਿੱਖ ਕੌਮ ਦੇ ਮਹਾਨ ਸ਼ਹੀਦ ਸਿੰਘਾਂ (ਚਾਲੀ ਮੁਕਤਿਆਂ) ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਇਤਿਹਾਸਕ ਜੋੜ ਮੇਲਾ ਹੈ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਨਿੱਜੀ ਹਿੱਤਾਂ ਨੂੰ ਛੱਡ ਕੇ ਦੇਸ਼ ਅਤੇ ਕੌਮ ਲਈ ਹੱਕ, ਸੱਚ ਅਤੇ ਨਿਆਂ ਦੀ ਖਾਤਰ ਕਈ ਜੰਗਾਂ ਲੜੀਆਂ। ਹਰ ਵਾਰ ਇਨ੍ਹਾਂ ਜੰਗਾਂ ਵਿੱਚ ਬੜੀ ਬਹਾਦਰੀ ਤੇ ਸੂਰਬੀਰਤਾ ਨਾਲ ਦੁਸ਼ਮਣ ਦਾ ਸਾਮਹਣਾ ਕੀਤਾ ਤੇ ਕੌਮ ਨੂੰ ਚੜ੍ਹਦੀ ਕਲਾ, ਭਾਣੇ ਵਿਚ ਰਹਿਣਾ ਸਖਾਇਆ। ਸੰਨ 1705 (ਸੰਮਤ1762) ਵਿੱਚ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਯੁੱਧ ਕਰਨ ਲਈ ਮੁਗ਼ਲ ਬਾਦਸ਼ਾਹ ਤੋਂ ਮਦਦ ਲਈ ਅਪੀਲ ਕੀਤੀ।
ਉਸ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜੇਬ ਨੇ ਸਰਹਿੰਦ ਦੇ ਵਜ਼ੀਰ, ਲਾਹੌਰ ਦੇ ਸੂਬੇਦਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰਨ ਲਈ ਫ਼ਰਮਾਨ ਜਾਰੀ ਕਰ ਦਿੱਤੇ। ਜਿਸ ਤੇ ਲਾਹੌਰ ਦੇ ਨਵਾਬ ਅਤੇ ਸਰਹੰਦ ਦੇ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਸ ਦੇ ਪਰਿਵਾਰ ਨੂੰ ਸ਼ੁਰੂ ਕਰ ਦਿੱਤਾ। ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਸਰਹੰਦ ਦੇ ਨਵਾਬ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਇਹ ਘੇਰਾ ਬੰਦੀ ਲੰਬੇ ਸਮੇਂ ਤਕ ਜਾਰੀ ਰਹੀ। ਸਿੱਖ ਫੌਜਾਂ ਨੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਦਾ ਕਈ ਮਹੀਨਿਆਂ ਤਕ ਡੱਟ ਕੇ ਮੁਕਾਬਲਾ ਕੀਤਾ। ਲੰਬੇ ਸਮੇਂ ਤੱਕ ਇਹ ਘੇਰਾ ਬੰਦੀ ਵਿਚ ਰਹਿਣਾ ਸਿਖ ਫੋਜ਼ਾਂ ਲਈ ਮੁਸ਼ਕਲ ਹੋ ਗਿਆ ਸੀ ਕਿਉਂਕਿ ਰਾਸ਼ਨ ਪਾਣੀ ਖ਼ਤਮ ਹੋਣ ਲੱਗਾ ਤੇ ਸਿੱਖ ਫੌਜ ਦੀ ਗਿਣਤੀ ਵੀ ਘਟਦੀ ਜਾ ਰਹੀ ਸੀ। ਅਖੀਰ ਪੰਜ ਪਿਆਰਿਆਂ ਦੇ ਹੁਕਮਾਂ ਅਨੁਸਾਰ ਗੁਰੂ ਜੀ ਨੇ ਕਿਲ੍ਹੇ ਨੂੰ ਛੱਡਣ ਦਾ ਮਨ ਬਣਾ ਲਿਆ। 6ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਗੁਰੂ ਜੀ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ 7 ਪੋਹ ਦੀ ਸਵੇਰ ਸਰਸਾ ਨਦੀ ਦੇ ਕਿਨਾਰੇ ਪਹੁੰਚੇ। ਜਿਥੇ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਰਿਵਾਰ ਅਤੇ ਪਿਆਰੇ ਸਿੰਘਾਂ ਨਾਲ਼ ਵਿਛੋੜਾ ਪਿਆ।
ਉਸ ਸਮੇਂ ਕੁਝ ਸਿੰਘ ਸਮੇਂ ਅਤੇ ਹਲਾਤਾਂ ਦੀ ਮਾਰ ਨੂੰ ਨਾ ਝੱਲਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁੱਖ ਫੇਰ ਕੇ ਘਰ ਵਾਪਸ ਪਰਤ ਆਏ। ਪਿੰਡ ਆਉਣ ਤੇ ਸਿੱਖਾਂ ਨੂੰ ਮਾਈ ਭਾਗੋ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੁੱਛਿਆ, ਤਾਂ ਸਿੱਖਾਂ ਨੇ ਘੇਰਾਬੰਦੀ ਤੋਂ ਪਰਿਵਾਰ ਦੇ ਵਿਛੋੜੇ ਦੀ ਸਾਰੀ ਵਿਥਿਆ ਸੁਣਾਈ। ਜਿਸ ਨੂੰ ਸੁਣ ਕੇ ਮਾਈ ਭਾਗੋ ਜੀ ਨੇ ਸਿੱਖਾਂ ਨੂੰ ਗੁਰੂ ਨੂੰ ਮੁਸੀਬਤ ਵਿੱਚ ਛੱਡ ਕੇ ਆਉਣ ਤੇ ਲਾਹਨਤਾਂ ਪਾਈਆਂ, ਅਤੇ ਮੁੜ ਗੁਰੂ ਦੇ ਚਰਨਾਂ ਨਾਲ ਜੁੜਨ ਦੇ ਲਈ ਅਤੇ ਗੁਰੂ ਜੀ ਦਾ ਮੁਸੀਬਤ ਵੇਲੇ ਸਾਥ ਦੇਣ ਲਈ ਲਲਕਾਰਿਆ। ਸਿੱਖਾਂ ਮਨ ਵਿਚ ਪਛਤਾਵੇ ਦੇ ਨਾਲ ਮੁੜ ਗੁਰੂ ਦੀ ਭਾਲ ਲਈ ਚੱਲ ਪਏ। ਉਨ੍ਹਾਂ ਦੇ ਨਾਲ ਮਾਈ ਭਾਗੋ ਜੀ ਵੀ ਮਰਦਾਂ ਦੇ ਭੇਸ ਵਿੱਚ ਘੋੜੇ ਤੇ ਸਵਾਰ ਹੋ ਗੁਰੂ ਜੀ ਤੋਂ ਮਾਫੀ ਮੰਗਣ ਲਈ ਤੁਰ ਪਏ।
ਓਧਰ ਗੁਰੂ ਜੀ ਨੇ ਸਰਸਾ ਨਦੀ ਤੋ ਪਰਿਵਾਰ ਨਾਲੋ ਵਿਛੜ ਚਮਕੌਰ ਦੀ ਕੱਚੀ ਗੜ੍ਹੀ ਵਿਚ ਡੇਰੇ ਲਾਏ। ਇਸ ਸਥਾਨ ਤੇ ਮੁਗ਼ਲ ਫੌਜਾਂ ਦੀ ਸਿੱਖ ਫੌਜ ਨਾਲ ਭਿਆਨਕ ਲੜਾਈ ਹੋਈ, ਜਿਸ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ, ਤਿੰਨ ਪਿਆਰੇ ਅਤੇ 30 ਦੇ ਲੱਗਭਗ ਸਿੰਘ ਸ਼ਹੀਦ ਹੋ ਗਏ। ਇਸ ਲੜਾਈ ਵਿਚ ਸਿੱਖਾਂ ਦੀ ਫੌਜ ਮੁਗਲਾਂ ਦੀ ਫੌਜ ਤੇ ਭਾਰੀ ਪੈ ਗਈ ਅਤੇ ਮੁਗਲਾਂ ਨੂੰ ਛੱਡ ਕੇ ਭੱਜਣਾ ਪਿਆ। ਓਧਰ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਵਜ਼ੀਰ ਨੇ ਕੈਦ ਕਰ ਲਿਆ ਸੀ। 13 ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦੀ ਖਬਰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਪਏ। ਮਾਛੀਵਾੜੇ ਦੇ ਜੰਗਲਾਂ ਵਿੱਚ ਰਾਤ ਕੱਟਣ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਪਹੁੰਚੇ। ਮੁਗ਼ਲ ਫੌਜ ਵੀ ਗੁਰੂ ਜੀ ਦੀ ਤਲਾਸ਼ ਵਿਚ ਉਨ੍ਹਾਂ ਦਾ ਪਿੱਛਾ ਕਰਦੀ ਰਹੀ। ਗੁਰੂ ਜੀ ਨੂੰ ਜਦੋਂ ਮੁਗਲ ਫੌਜਾਂ ਦੀ ਚੜ੍ਹਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤਲਵੰਡੀ ਸਾਬੋ ਤੋਂ ਖਿਦਰਾਣੇ ਦੀ ਢਾਬ (ਸ੍ਰੀਮੁਕਤਸਰ ਸਾਹਿਬ) ਪਹੁੰਚ ਕੇ ਮੁਗ਼ਲ ਫੌਜ ਨਾਲ ਮੁਕਾਬਲਾ ਕਰਨ ਦੀ ਰਣਨੀਤੀ ਬਣਾਈ। ਇਧਰ ਮਾਝੇ ਦੇ ਸਿੰਘਾਂ ਨੂੰ ਰਸਤੇ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਿਲਣ ਕਾਰਨ ਮਨ ਉਦਾਸ ਹੋ ਗਿਆ ਅਤੇ ਜਦੋਂ ਗੁਰੂ ਜੀ ਦੇ ਪਿਛੇ ਲਗੀਆਂ ਮੁਗਲ ਫੌਜਾਂ ਦੇ ਬਾਰੇ ਪਤਾ ਲੱਗਾ ਤਾਂ ਸਿੱਖਾਂ ਦਾ ਖੂਨ ਖੌਲ ਉੱਠਿਆ। ਸਿੱਖਾਂ ਨੇ ਆਪਣੀ ਫੌਜ ਖਿਦਰਾਣੇ ਦੀ ਢਾਬ ਵੱਲ ਕਰ ਲਈ। ਉਸ ਸਮੇਂ ਖਿਦਰਾਣੇ ਦੀ ਢਾਬ ਪਾਣੀ ਦੀ ਭਰੀ ਹੋਈ ਸੀ, ਇਸ ਜਗ੍ਹਾ ਸਿੱਖਾਂ ਨੇ ਪੜਾਅ ਲਾ ਮੁਗਲ ਫੌਜਾਂ ਦਾ ਬੜੀ ਬਹਾਦਰੀ ਤੇ ਸੂਝਬੂਝ ਨਾਲ ਮੁਕਾਬਲਾ ਕੀਤਾ। ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਤੱਕਿਆ ਅਤੇ ਆਪਣੇ ਤੀਰਾਂ ਨਾਲ ਮੁਗਲ ਫੌਜ ਤੇ ਝੜੀ ਲਾ ਦਿੱਤੀ। ਭਾਰੀ ਜੰਗ ਹੋਣ ਤੋਂ ਬਾਅਦ ਮੁਗਲ ਫੌਜ ਪਿੱਛੇ ਮੁੜ ਗਈ।
ਇਸ ਜੰਗ ਵਿਚ ਸਾਰੇ ਸਿੰਘ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜੰਗ ਦੇ ਮੈਦਾਨ ਵਿਚ ਆਏ ਸਿੰਘਾਂ ਨੂੰ ਤੱਕਿਆ ਉਨ੍ਹਾਂ ਵਿਚੋਂ ਭਾਈ ਦਇਆ ਸਿੰਘ ਜੀ ਅਜੇ ਸਹਿਕ ਰਹੇ ਸਨ। ਗੁਰੂ ਜੀ ਨੇ ਛੇਤੀ ਨਾਲ ਸਿਰ ਚੁੱਕ ਕੇ ਗੋਦੀ ਵਿਚ ਰੱਖ ਲਿਆ ਅਤੇ ਉਸ ਦੇ ਚਿਹਰੇ ਨੂੰ ਆਪਣੇ ਹੱਥ ਨਾਲ ਸਾਫ਼ ਕਰਨ ਲੱਗੇ। ਭਾਈ ਦਇਆ ਸਿੰਘ ਜੀ ਨੇ ਅੱਖਾਂ ਖੋਲ੍ਹੀਆਂ ਤੇ ਨਮਸਕਾਰ ਕਰਕੇ ਗੁਰੂ ਜੀ ਤੋਂ ਮਾਫੀ ਮੰਗੀ। ਭਾਈ ਦਇਆ ਸਿੰਘ ਦਾ ਸਮਾਂ ਨੇੜੇ ਆਉਂਦਾ ਤੱਕ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਤੋਂ ਆਖਰੀ ਇੱਛਾ ਪੁੱਛੀ, ਤਾਂ ਭਾਈ ਦਇਆ ਸਿੰਘ ਜੀ ਨੇ ਮੁਆਫ਼ੀ ਮੰਗਦੇ ਹੋਏ, ‘ਟੁੱਟੀ ਗੰਢਣ’ ਦੀ ਗੱਲ ਕਹੀ ਕਿ ਮੁੜ ਚਰਨਾ ਨਾਲ ਲਾ ਲਵੋ। ਗੁਰੂ ਜੀ ਨੇ ਆਪਣੇ ਸਿੱਖ ਦੇ ਦਿਲ ਦੀ ਆਵਾਜ਼ ਸੁਣ ਮੁੜ ਸੀਨੇ ਨਾਲ ਲਾ ਲਿਆ ਅਤੇ ਉਸ ਜਗ੍ਹਾ ਨੂੰ ‘ਮੁਕਤੀ ਦਾ ਸਰ’ ਬਣਾ ਦਿੱਤਾ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਹਾਲਾਤ ਦੀ ਮਾਰ ਨਾ ਝੱਲਦੇ ਹੋਏ ਸਿੰਘਾਂ ਵੱਲੋਂ ਗੁਰੂ ਦੇ ਸਾਥ ਛੱਡ ਦਿੱਤਾ ਗਿਆ ਸੀ, ਪਰ ਆਪਣੀ ਗਲਤੀ ਦਾ ਪਛਤਾਵਾ ਕਰਦੇ ਸਿੰਘਾਂ ਨੇ ਗੁਰੂ ਜੀ ਦੇ ਅੱਗੇ ਆਪਣੀ ਜਾਨ ਹਾਜ਼ਰ ਕਰ ਦਿੱਤੀ। ਜਿਸ ਤੇ ਗੁਰੂ ਨੇ ਆਪਣੀ ਗੋਦ ਦਾ ਨਿੱਘ ਦੇ ਕੇ ਉਨ੍ਹਾਂ ਪਿਆਰੇ ਸਿੱਖਾਂ ਨੂੰ ਮੁਕਤ ਕੀਤਾ । ਖਿਦਰਾਣੇ ਦੀ ਢਾਬ ਨੂੰ ‘ਮੁਕਤੀ ਦਾ ਸਰ’ ਬਣਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ 30 ਪੋਹ 1705 ਈ. ਦੀ ਜੰਗ ਵਿਚ ਸ਼ਹੀਦ ਹੋਏ 40 ਸਿੰਘਾਂ ਦਾ ਸੰਸਕਾਰ ਪਹਿਲੀ ਮਾਘ ਨੂੰ ਆਪਣੇ ਹੱਥੀਂ ਕੀਤਾ। ਇਸ ਤਰ੍ਹਾਂ ਚਾਲੀ ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਸਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਇਸ ਜੋੜ ਮੇਲੇ ਦਾ ਇਤਿਹਾਸਿਕ ਮਹੱਤਵ ਗੁਰੂ ਨਾਲੋਂ ਵਿਛੜੇ ਸਿੰਘਾਂ ਨੂੰ ਮੁੜ ਗੁਰੂ ਦੇ ਚਰਨਾਂ ਦੀ ਪ੍ਰੀਤ ਬਖ਼ਸ਼ਿਸ਼ ਹੋਣ, ਭਾਵ ਟੁੱਟੀ ਗੰਢਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਅਤੇ ਭਾਣੇ ਵਿਚ ਰਹਿਣਾ ਸਿਖਾਉਣਾ ਹੈ । ਪਰ ਵਰਤਮਾਨ ਸਮੇਂ ਵਿਚ ਇਹ ਸ਼ਹੀਦੀ ਜੋੜ ਮੇਲਿਆਂ ਦੇ ਇਤਿਹਾਸਿਕ ਮਹੱਤਵ ਨੂੰ ਪਛਾਣਨ ਦੀ ਜਗ੍ਹਾ ਹੈ ਭੀੜ ਭੜੱਕੇ ਅਤੇ ਰੌਣਕ ਵਧਾ ਰਹੇ ਹਾਂ। ਮਾਘੀ ਦਾ ਜੋੜ ਮੇਲਾ ਗੁਰੂ ਨਾਲੋਂ ਟੁੱਟੀ ਪ੍ਰੀਤ ਨੂੰ ਮੁੜ ਜੋੜਨ ਵਾਲਾ ਮੇਲਾ ਹੈ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਹੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਤੁਸੀਂ ਉਨ੍ਹਾਂ ਸਿੱਖਾਂ ਨੂੰ ਮੁੜ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਕੇ ਆਪਣੀ ਗੋਦ ਦਾ ਨਿੱਘ ਦਿੱਤਾ ਹੈ। ਸਾਡੇ ਵੀ ਗੁਨਾਹ ਬਖ਼ਸ਼ ਕੇ ਸਾਨੂੰ ਵੀ ਆਪਣੇ ਚਰਨਾਂ ਨਾਲ ਜੁੜੀਏ। ਇਨ੍ਹਾਂ ਸ਼ਹੀਦੀ ਜੋੜ ਮੇਲਿਆਂ ਵਿੱਚ ਸ਼ਾਮਲ ਹੋਣ ਦੇ ਨਾਲ ਨਾਲ ਇਸ ਦੇ ਇਤਿਹਾਸਕ ਮਹੱਤਵ ਸਮਝੀਏ ਅਤੇ ਗੁਰੂ ਅਤੇ ਗੁਰੂ ਦੀ ਬਾਣੀ ਨਾਲ ਜੁੜੀਏ।
-ਮੋਬਾ: 9610874664

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ