ਕੁਲਦੀਪ ਚੰਦ ਦੋਭੇਟਾ
ਸਾਡੇ ਦੇਸ਼ ਦੀ ਸਮਾਜਿਕ ਬਣਤਰ ਅਤੇ ਮੰਨੂਵਾਦੀ ਕੁਪ੍ਰਥਾ ਕਾਰਨ ਸਮਾਜ ਜਾਤਿ ਅਧਾਰਿਤ ਵੱਖ ਵੱਖ ਵਰਗਾਂ ਵਿੱਚ ਵੰਡਿਆਂ ਰਿਹਾ ਹੈ ਅਤੇ ਸਮਾਜ ਦੇ ਕੁੱਝ ਵਰਗਾਂ ਵਿਸ਼ੇਸ਼ ਤੋਰ ਤੇ ਚੋਥੇ ਵਰਣ ਸ਼ੂਦਰਾਂ ਨੂੰ ਵਿਦੇਸ਼ੀ ਸ਼ਾਸ਼ਕਾਂ ਤੋਂ ਇਲਾਵਾ ਅਪਣੇ ਦੇਸ਼ ਦੇ ਲੋਕਾਂ ਦੀ ਗੁਲਾਮੀ ਦਾ ਵੀ ਸ਼ਿਕਾਰ ਰਹਿਣਾ ਪਿਆ ਹੈ। ਜਾਤ ਪਾਤ ਦੀ ਕੁਪ੍ਰਥਾ ਨੂੰ ਖਤਮ ਕਰਨ ਅਤੇ ਦੇਸ਼ ਵਾਸੀਆਂ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਮੇਂ ਸਮੇਂ ਤੇ ਕਈ ਸਮਾਜ ਸੁਧਰਾਕਾਂ ਨੇ ਅੰਦੋਲਨ ਚਲਾਏ ਹਨ ਜਿਨ੍ਹਾਂ ਵਿੱਚ ਇੱਕ ਨਾਮ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਹੈ ਜਿਨ੍ਹਾਂ ਨੇ ਸੰਘਰਸ਼ ਕੀਤਾ ਅਤੇ ਸਦੀਆਂ ਤੋਂ ਲਿਤਾੜ੍ਹੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ। ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਅਛੂਤ ਪਰਿਵਾਰ ਵਿੱਚ ਮਾਤਾ ਅਤਰੀ ਅਤੇ ਪਿਤਾ ਹਰਨਾਮ ਦਾਸ ਦੇ ਘਰ ਹੋਇਆ। ਆਪ ਦੇ ਪਿਤਾ ਚਮੜੇ ਦੇ ਧੰਦੇ ਨਾਲ ਜੁੜ੍ਹੇ ਹੋਏ ਸਨ ਅਤੇ ਚਮੜੇ ਦੇ ਵਪਾਰ ਸਬੰਧੀ ਅੰਗਰੇਜੀ ਵਿੱਚ ਆਏ ਆਰਡਰਾਂ ਨੂੰ ਪੜ੍ਹਣ ਲਈ ਉੱਚ ਜਾਤੀ ਦੇ ਪੜ੍ਹੇ ਲਿਖੇ ਵਿਅਕਤੀਆਂ ਤੋਂ ਮੱਦਦ ਲੈਣੀ ਪੈਂਦੀ ਸੀ। ਆਪ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਆਤਮ ਨਿਰਭਰ ਬਣਨ ਲਈ ਜਰੂਰੀ ਵਿੱਦਿਆ ਪ੍ਰਾਪਤ ਕਰਨ। ਆਪ ਦੀ ਉਮਰ ਲੱਗਭੱਗ ਤਿੰਨ ਸਾਲ ਦੀ ਸੀ ਜਦੋਂ ਮਾਤਾ ਦੀ ਮੋਤ ਹੋ ਗਈ। ਆਪ ਨੇ ਜਾਤ ਅਧਾਰਿਤ ਵਿੱਤਕਰੇ ਨੂੰ ਅਪਣੇ ਅੱਖੀਂ ਵੇਖਿਆ ਅਤੇ ਪਿੰਡੇ ਤੇ ਹੰਢਾਇਆ। ਆਪ ਨੇ ਪੰਜਾਬੀ ਦੀ ਸਿੱਖਿਆ ਅਪਣੇ ਪਿੰਡ ਵਿੱਚ ਹੀ ਇੱਕ ਡੇਰੇ ਦੇ ਸਾਧੂ ਤੋਂ ਪ੍ਰਾਪਤ ਕੀਤੀ ਅਤੇ ਬਾਦ ਵਿੱਚ ਬਜਵਾੜਾ ਸਕੂਲ ਅਤੇ ਦੇਹਰਾਦੂਨ ਵਿੱਚ ਪੜੇ ਅਤੇ ਅੰਗਰੇਜੀ ਵਿੱਚ ਗਿਆਨ ਹਾਸਲ ਕੀਤਾ। ਬਾਬੂ ਜੀ ਬਹੁਤੇ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਪਹਿਲੇ ਅਛੂਤ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਕਲਾਸ ਦੇ ਕਮਰੇ ਤੋਂ ਬਾਹਰ ਬੈਠਕੇ ਹੀ ਪੜ੍ਹਣਾ ਪੈਂਦਾ ਸੀ। ਇੱਕ ਦਿਨ ਜਦੋਂ ਭਾਰੀ ਬਾਰਸ਼ ਅਤੇ ਤੁਫਾਨ ਕਾਰਨ ਕਲਾਸ ਅੰਦਰ ਚਲੇ ਗਏ ਤਾਂ ਸਕੂਲ ਵਿੱਚ ਹਾਜ਼ਰ ਮੰਨੂਵਾਦੀ ਮਾਨਸਿਕਤਾ ਵਾਲੇ ਅਧਿਆਪਕ ਨੇ ਆਪ ਦੀ ਬੇਰਹਿਮੀ ਨਾਲ ਕੁਟਾਈ ਕੀਤੀ ਅਤੇ ਕਲਾਸ ਦਾ ਸਾਰਾ ਫਰਨੀਚਰ ਬਾਹਰ ਸੁਟਵਾ ਦਿਤਾ।
1905 ਵਿੱਚ ਆਪ ਦਾ ਵਿਆਹ ਹੋ ਗਿਆ। ਬਾਬੂ ਜੀ 1909 ਵਿੱਚ ਯੂ ਐਸ ਏ ਚਲੇ ਗਏ। ਇੱਥੇ ਬਾਬੂ ਜੀ ਨੇ ਕੁੱਝ ਸਾਲ ਪਿੰਡ ਦੇ ਜਿਮੀਂਦਾਰਾਂ ਕੋਲ ਖੇਤਾਂ ਵਿੱਚ ਹੀ ਕੰਮ ਕੀਤਾ ਪਰ ਇੱਥੇ ਵੀ ਜਾਤ ਅਧਾਰਤ ਵਿਤਕਰੇ ਦਾ ਹੀ ਸਾਹਮਣਾ ਕਰਨਾ ਪਿਆ। ਇਸ ਦੌਰਾਨ ਆਪ ਅਜ਼ਾਦੀ ਦੀ ਲੜ੍ਹਾਈ ਲਈ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ ਦੇ ਸੰਪਰਕ ਵਿੱਚ ਆ ਗਏ ਅਤੇ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਗਦਰ ਲਹਿਰ ਵਲੋਂ ਇੱਕ ਬਹੁਤ ਹੀ ਖਤਰਨਾਕ ਮਿਸ਼ਨ ਉਲੀਕਿਆ ਗਿਆ ਜਿਸ ਵਿੱਚ ਅਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ ਜ਼ਹਾਜ ਸਮੁੰਦਰ ਰਸਤੇ ਭਾਰਤ ਲਿਜਾਉਣਾ ਸੀ ਜਿਸਦੀ ਮੁੱਖ ਜਿੰਮੇਵਾਰੀ ਬਾਬੂ ਜੀ ਨੂੰ ਦਿੱਤੀ ਗਈ ਪਰ ਇਸਦੀ ਖਬਰ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਅਤੇ ਇਸਦੀ ਜਾਸੂਸੀ ਸ਼ੁਰੂ ਕਰ ਦਿਤੀ। ਇਹ ਮਿਸ਼ਨ ਜੋਕਿ 1915 ਵਿੱਚ ਚੱਲਿਆ ਅਤੇ ਜਿਸਨੂੰ ਗਦਰ ਲਹਿਰ ਦੇ ਪੰਜ ਆਗੂ ਲੈਕੇ ਆ ਰਹੇ ਸਨ ਬਰਤਾਨੀਆਂ ਸਰਕਾਰ ਨੇ ਸਮੁੰਦਰ ਵਿੱਚ ਤੋਪਾਂ ਨਾਲ ਉਡਾ ਦਿਤਾ। ਬਾਬੂ ਜੀ ਕਿਸੇ ਤਰੀਕੇ ਨਾਲ ਬਚ ਗਏ ਅਤੇ ਇਸਤੋਂ ਬਾਦ ਫਿਲਪਾਈਨ (ਮਨੀਲਾ), ਸ਼੍ਰੀ ਲੰਕਾ ਹੁੰਦੇ ਹੋਏ ਆਖਰ ਸੋਲ੍ਹਾਂ ਸਾਲ ਬਾਅਦ 1925 ਵਿੱਚ ਭਾਰਤ ਆ ਪਹੁੰਚੇ। ਇਸ ਦੌਰਾਨ ਬਾਬੂ ਜੀ ਦੀ ਕੋਈ ਵੀ ਖਬਰ ਨਾਂ ਮਿਲਣ ਕਾਰਨ ਪਰਿਵਾਰ ਨੇ ਬਾਬੂ ਜੀ ਨੂੰ ਮਰਿਆ ਮੰਨਕੇ ਉਨ੍ਹਾ ਦੀ ਪਤਨੀ ਨੂੰ ਦੂਜੇ ਭਰਾ ਨਾਲ ਵਿਆਹ ਦਿਤਾ ਸੀ। ਬਾਬੂ ਜੀ ਨੇ ਪੰਜਾਬ ਵਿੱਚ ਆਕੇ ਵੇਖਿਆ ਕਿ ਦੇਸ਼ ਨੂੰ ਅੰਗਰੇਜਾਂ ਤੋਂ ਅਜ਼ਾਦ ਕਰਵਾਉਣ ਲਈ ਲੜਾਈ ਲੜੀ ਜਾ ਰਹੀ ਹੈ ਪਰੰਤੁ ਸਦੀਆਂ ਤੋਂ ਗੁਲਾਮ ਅਛੂਤਾਂ ਦੇ ਵਿਕਾਸ ਅਤੇ ਅਜ਼ਾਦੀ ਲਈ ਕੋਈ ਕੁੱਝ ਨਹੀਂ ਕਰ ਰਿਹਾ ਹੈ। ਉਸ ਸਮੇਂ ਦਲਿਤਾਂ ਦੀ ਕੋਈ ਵੀ ਆਪਣੀ ਪਹਿਚਾਣ ਨਹੀਂ ਸੀ। 1925 ਦੇ ਅੰਤ ਵਿੱਚ ਬਾਬੂ ਜੀ ਨੇ ਪਿੰਡ ਵਿੱਚ ਇਨ੍ਹਾਂ ਲਿਤਾੜ੍ਹੇ ਵਰਗ ਦੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਪਹਿਲਾ ਆਦਿ ਧਰਮ ਪ੍ਰਾਇਮਰੀ ਸਕੂਲ ਖੋਲਿਆ ਅਤੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿਤਾ। ਬਾਬੂ ਮੰਗੂ ਰਾਮ ਦੀ ਅਗਵਾਈ ਵਿੱਚ 11-12 ਜੂਨ 1926 ਨੂੰ ਪਿੰਡ ਮੂਗੋਵਾਲ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਪੰਜਾਬ, ਰਾਜਸਥਾਨ, ਉਤੱਰ ਪ੍ਰਦੇਸ, ਦਿੱਲੀ, ਕਲਕੱਤਾ ਆਦਿ ਤੋਂ 36 ਜਾਤਾਂ ਦੇ ਹਜਾਰਾਂ ਲੋਕਾਂ ਜਿਨ੍ਹਾਂ ਨੂੰ ਅਛੂਤ ਮੰਨਿਆਂ ਜਾਂਦਾ ਸੀ ਦਾ ਭਾਰੀ ਇਕੱਠ ਹੋਇਆ ਅਤੇ ਘੋਸ਼ਣਾ ਕੀਤੀ ਗਈ ਕਿ ਇਨ੍ਹਾਂ ਜਾਤਾਂ ਨਾਲ ਸਬੰਧਿਤ ਲੋਕ ਆਦਿ ਧਰਮ ਅਪਣਾਉਣਗੇ। ਇਸ ਕਾਨਫਰੰਸ ਨੂੰ ਰੋਕਣ ਲਈ ਕੁੱਝ ਆਰਿਆ ਸਮਾਜੀ ਆਗੂਆਂ ਅਤੇ ਇਲਾਕੇ ਦੇ ਜਾਤ ਦੇ ਹੰਕਾਰੀ ਲੋਕਾਂ ਨੇ ਲੜਾਈ ਝਗੜਾ ਕੀਤਾ ਪਰ ਬਾਬੂ ਮੰਗੂ ਰਾਮ ਦੀ ਦੂਰ ਅੰਦੇਸ਼ੀ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਇਸ ਕਾਨਫਰੰਸ ਨੂੰ ਨਿਰਵਿਘਨ ਚਲਾਉਣ ਲਈ 03 ਠਾਣੇਦਾਰ ਅਤੇ 12 ਸਿਪਾਹੀ ਸੁਰੱਖਿਆ ਲਈ ਲਗਾ ਦਿੱਤੇ। ਕਾਨਫਰੰਸ ਵਿੱਚ ਗੜਬੜ ਕਰਨ ਵਾਲੇ ਆਰਿਆ ਸਮਾਜੀ ਆਗੂ ਸਵਾਮੀ ਅਛੁਤਾ ਨੰਦ ਅਤੇ ਇਲਾਕੇ ਦੇ ਜੈਲਦਾਰ ਪੁੰਨੂ ਰਾਮ ਨੂੰ ਮੁਆਫੀ ਮੰਗਣੀ ਪਈ। ਇਸ ਦਾ ਪਹਿਲਾ ਪ੍ਰਧਾਨ ਸਰਬ ਸੰਮਤੀ ਨਾਲ ਬਾਬੂ ਮੰਗੂ ਰਾਮ ਨੂੰ ਬਣਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਹਜ਼ਾਰਾ ਰਾਮ ਪਿਪਲਾਂਵਾਲਾ, ਪੰਡਤ ਹਰੀਰਾਮ, ਸੰਤ ਰਾਮ, ਰਾਮ ਚੰਦ, ਹਰਦਿੱਤ ਮੱਲ, ਰੇਸ਼ਮ ਲਾਲ ਬਾਲਮੀਕਿ, ਬਿਹਾਰੀ ਲਾਲ, ਰਾਮ ਸਿੰਘ, ਚਮਨ ਰਾਮ ਆਦਿ ਦੀ ਚੋਣ ਕੀਤੀ ਗਈ। 1927 ਵਿੱਚ ਆਦਿ ਡੰਕਾ ਨਾਂ ਦਾ ਸਪਤਾਹਿਕ ਅਖਬਾਰ ਸ਼ੁਰੂ ਕੀਤਾ ਗਿਆ ਅਤੇ 1928 ਵਿੱਚ ਇਹ ਉਰਦੂ ਵਿੱਚ ਵੀ ਚਲਾਇਆ ਗਿਆ ਅਤੇ ਆਦਿ ਧਰਮ ਜਾਗਰੁਕਤਾ ਮੁਹਿੰਮ ਸ਼ੁਰੂ ਕੀਤੀ ਗਈ। ਨਵੰਬਰ 1926 ਵਿੱਚ ਜਲੰਧਰ ਵਿੱਚ ਆਦਿ ਧਰਮ ਦਾ ਪਹਿਲਾ ਦਫਤਰ ਖੋਲਿਆ ਗਿਆ ਅਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ ਜਿੱਥੇ ਉਹ 1940 ਤੱਕ ਰਹੇ ਅਤੇ ਆਦਿ ਧਰਮ ਅਤੇ ਅਛੂਤਾਂ ਦੀ ਭਲਾਈ ਲਈ ਕੰਮ ਕੀਤਾ।
1930 ਵਿੱਚ ਗਵਰਨਰ ਪੰਜਾਬ ਨੇ ਆਰਡਰ ਜਾਰੀ ਕੀਤੇ ਕਿ ਆਦਿ ਧਰਮੀ ਲੜਕੇ ਲੜਕੀਆਂ ਜੋ ਦਸਵੀਂ ਪਾਸ ਹਨ ਨੂੰ ਅਧਿਆਪਕ ਦੀ ਸਿਖਲਾਈ ਦੇਣ ਲਈ ਸਪੈਸ਼ਲ ਕਲਾਸਾਂ ਸ਼ੁਰੂ ਕੀਤੀਆਂ ਜਾਣ। ਚੌਧਰੀ ਸਦਰੂਦੀਨ ਖਾਨ ਨੇ ਆਦਿ ਧਰਮ ਮੰਡਲ ਦੀ ਇਮਾਰਤ ਵਿੱਚ ਇਹ ਕਲਾਸਾਂ ਲਗਾਈਆਂ ਅਤੇ 80 ਵਿਅਕਤੀਆਂ ਨੂੰ ਜੇ ਬੀ ਟੀ ਦਾ ਕੌਰਸ ਕਰਵਾਕੇ ਮਾਸਟਰ ਬਣਾਇਆ ਗਿਆ। 26 ਫਰਵਰੀ 1930 ਨੂੰ ਆਦਿ ਧਰਮ ਰਜਿਸਟਰਡ ਹੋਇਆ ਅਤੇ 1931 ਵਿੱਚ ਹੋਈ ਭਾਰਤ ਵਿੱਚ ਜਨਗਣਨਾ ਵਿੱਚ ਪੰਜਾਬ ਦੀ ਕੁੱਲ ਅਬਾਦੀ ਲੱਗਭੱਗ 28491000 ਸੀ ਅਤੇ ਪਹਿਲੀ ਵਾਰ ਆਦਿ ਧਰਮ ਨੂੰ ਜੋੜਿ੍ਹਆ ਗਿਆ ਅਤੇ ਉਸ ਵੇਲੇ ਪੰਜਾਬ ਵਿੱਚ ਲੱਗਭੱਗ 418789 ਲੋਕਾਂ ਨੇ ਜੋਕਿ ਕੁੱਲ ਅਬਾਦੀ ਦਾ ਲੱਗਭੱਗ 1.5 ਫਿਸਦੀ ਸੀ ਨੇ ਅਪਣਾ ਧਰਮ ਆਦਿ ਧਰਮ ਲਿਖਾਇਆ ਸੀ।
ਲਾਰਡ ਲੋਥੀਅਨ ਦੀ ਰਿਪੋਰਟ ਤੋਂ ਬਾਦ ਇੰਗਲੈਂਡ ਦੀ ਸਰਕਾਰ ਨੇ ਅਛੂਤਾਂ ਲਈ ਅਲੱਗ ਚੌਣ ਵਿਵਸਥਾ ਦੀ ਮੰਨਜੂਰੀ ਦੇ ਦਿਤੀ ਜਿਸਨੂੰ ਕਮਿਊਨਲ ਐਵਾਰਡ ਦਾ ਨਾਮ ਦਿਤਾ ਗਿਆ ਜੋਕਿ 17 ਅਗੱਸਤ 1932 ਨੂੰ ਛਾਪਿਆ ਗਿਆ। ਇਸ ਫੈਸਲੇ ਅਨੁਸਾਰ ਪਹਿਲੀ ਵਾਰ ਅਛੂਤਾਂ ਨੂੰ ਹਿੰਦੂਆਂ ਤੋਂ ਵੱਖਰੇ ਮੰਨਕੇ ਅਲੱਗ ਹੱਕ ਦਿੱਤੇ ਗਏ, ਅਛੂਤਾਂ ਨੂੰ ਰਾਖਵਾਂਕਰਣ ਦਿਤਾ ਗਿਆ, ਦੋਹਰੀ ਵੋਟ ਦਾ ਹੱਕ ਦਿਤਾ ਗਿਆ, ਭਾਰਤ ਦੀ ਕੌਂਸਲ ਵਿੱਚ 73 ਸੀਟਾਂ ਹਿੰਦੁਆਂ ਤੋਂ ਅਲੱਗ ਅਛੂਤਾਂ ਨੂੰ ਦਿਤੀਆਂ ਗਈਆਂ। ਪੂਨਾ ਪੈਕਟ ਅਨੁਸਾਰ ਐਮ ਐਲ ਏ ਦੀਆਂ ਕੁੱਲ 148 ਸੀਟਾਂ ਅਛੂਤਾਂ ਲਈ ਰਾਖਵੀਆਂ ਰੱਖੀਆਂ ਗਈਆਂ। ਉਸ ਵੇਲੇ ਦੇ ਪੰਜਾਬ ਵਿੱਚ 08 ਸੀਟਾਂ ਰਾਖਵੀਆਂ ਰੱਖੀਆਂ ਗਈਆਂ। 1937 ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਆਗੂਆਂ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿੱਚ ਰਾਖਵੀਆਂ 8 ਸੀਟਾਂ ਵਿਚੋਂ 7 ਤੇ ਜਿੱਤ ਹਾਸਲ ਕੀਤੀ ਅਤੇ 8ਵੀਂ ਸੀਟ ਜੋਕਿ ਸਿਰਫ 07 ਵੋਟਾਂ ਨਾਲ ਹਾਰੀ ਸੀ ਜਿੱਤਣ ਵਾਲਾ ਮੂਲਾ ਸਿੰਘ ਬਲਾਚੌਰ ਵੀ ਬਾਦ ਵਿੱਚ ਆਦਿ ਧਰਮ ਮੰਡਲ ਵਿੱਚ ਸ਼ਾਮਿਲ ਹੋ ਗਿਆ ਸੀ। 1942 ਵਿੱਚ ਦੂਜੀ ਸੰਸਾਰਿਕ ਜੰਗ ਹੋਣ ਕਾਰਨ ਚੌਣਾਂ ਨਹੀਂ ਹੋਈਆਂ। 1946 ਵਿੱਚ ਬਾਬੂ ਮੰਗੂ ਰਾਮ ਆਪਣੇ 04 ਹੋਰ ਸਾਥੀਆਂ ਨਾਲ ਵਿਧਾਇਕ ਬਣੇੇ। 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਮਿਸਟਰ ਮੁਹੰਮਦ ਅਲੀ ਜਿਨਾਹ ਦਾ ਸਕੱਤਰ ਅਪਣੇ ਨਾਲ ਚੌਧੀਰ ਸੁੰਦਰ ਦਾਸ, ਮਾਸਟਰ ਗੁਰਬੰਤਾ ਸਿੰਘ ਅਤੇ ਕਈ ਅਫਸਰਾਂ ਨੂੰ ਨਾਲ ਲੈਕੇ ਪਿੰਡ ਮੂਗੋਵਾਲ ਪਹੁੰਚਿਆ ਅਤੇ ਮੰਗ ਰੱਖੀ ਕਿ ਜੇਕਰ ਉਹ ਮੁਸਲਿਮ ਲੀਗ ਦੀ ਗੱਲ ਮੰਨਕੇ ਪਾਕਿਸਤਾਨ ਨਾਲ ਮਿਲ ਜਾਣ ਤਾਂ 50 ਮੁਰੱਬੇ ਜਮੀਨ ਅਤੇ 50 ਹਜਾਰ ਰੁਪਏ ਦੇਣਗੇ ਜਿਸਨੂੰ ਬਾਬੂ ਮੰਗੂ ਰਾਮ ਅਤੇ ਸਾਥੀਆਂ ਨੇ ਠੁਕਰਾ ਦਿਤਾ। ਦੇਸ਼ ਅਜਾਦ ਹੋਣ ਬਾਦ ਭਾਰਤ ਦਾ ਅਪਣਾ ਸੰਵਿਧਾਨ ਬਣਾਕੇ ਲਾਗੂ ਕੀਤਾ ਗਿਆ।
22 ਅਪੈ੍ਰਲ 1980 ਨੂੰ ਗਦਰ ਲਹਿਰ ਅਤੇ ਆਦਿ ਧਰਮ ਅੰਦੋਲਨ ਦਾ ਇਹ ਆਗੂ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਕਾਂਗਰਸੀ ਆਗੂ ਸਾਬਕਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਵਲੋਂ ਇਸ ਪਿੰਡ ਵਿੱਚ ਬਾਬੂ ਜੀ ਦਾ ਬੁੱਤ ਬਣਵਾਇਆ ਗਿਆ ਹੈ। ਅੱਜ ਵੱਖ ਵੱਖ ਸੰਸਥਾਵਾਂ ਵਲੋਂ ਦੇਸ਼ ਵਿਦੇਸ਼ ਵਿੱਚ ਇਸ ਮਹਾਨ ਆਗੂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਸਦੀਆਂ ਤੋਂ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਕਾਰਨ ਬਾਬੂ ਮੰਗੂ ਰਾਮ ਮੂਗੋਵਾਲੀਆ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
-ਮੋਬਾ: 9417563054