ਅੱਜ ਦੀ ਨੌਜਵਾਨ ਪੀੜ੍ਹੀ ਪੁਰਾਣੇ ਸਮਿਆਂ ਨਾਲੋਂ ਬਹੁਤ ਜਾਗਰੂਕ ਹੋ ਚੁੱਕੀ ਹੈ। ਅੱਜ ਹਰ ਵਿਦਿਆਰਥੀ ਨੇ ਆਪਣੀ ਮੰਜਿਲ ਤਾਂ ਮਿੱਥੀ ਹੋਈ ਹੁੰਦੀ ਹੈ, ਪ੍ਰੰਤੂ ਉਸ ਨੂੰ ਉਸ ਮੰਜਿਲ ਤੱਕ ਪਹੁੰਚਣ ਦਾ ਰਸਤਾ ਨਹੀ ਪਤਾ ਹੁੰਦਾ। ਕਈ ਵਾਰ ਰਸਤਿਆ ਦੀ ਭਟਕਣ ਵਿੱਚ ਹੀ ਉਹ ਗਵਾਚ ਜਾਂਦੇ ਹਨ।ਇਸ ਲਈ ਸਾਨੂੰ ਚਾਹੀਦਾ ਹੈ ਕਿ ਮੈਟ੍ਰਿਕ ਵਿੱਚ ਹੀ ਆਪਣੇ ਅਗਲੇ ਖੇਤਰ ਬਾਰੇ ਸੋਚ ਲਈਏ, ਤਾਂ ਹੀ ਅਸੀ ਆਪਣੀ ਮੰਜਿਲ ਤੱਕ ਪਹੁੰਚ ਸਕਦੇ ਹਾਂ। ਇਥੇ ਅਸੀ ਵਿਦਿਆਰਥੀਆਂ ਨੂੰ ਕੁੱਝ ਅਜਿਹੇ ਹੀ ਕੋਰਸਾਂ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਵਿਦਿਆਰਥੀ ਬਾਰ੍ਹਵੀ ਤੋਂ ਬਾਅਦ ਚੁਣ ਸਕਦੇ ਹਨ।
ਬੀ.ਕਾਮ. : ਬੀ.ਕਾਮ ਕਰਨ ਲਈ ਵੈਸੇ ਤਾਂ ਬਾਰ੍ਹਵੀ ਜਮਾਤ ਵਿੱਚ ਕਾਮਰਸ ਵਿਸ਼ਾ ਰੱਖਣਾ ਪੈਂਦਾ ਹੈ, ਪਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਦਿਆਰਥੀਆਂ ਨੂੰ ਛੋਟ ਦਿੱਤੀ ਹੈ, ਜਿਸ ਵਿੱਚ ਆਰਟਸ ਦਾ ਵਿਦਿਆਰਥੀ ਵੀ ਬੀ.ਕਾਮ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਪੰਜਾਬੀ ਤੇ ਅੰਗਰਜ਼ੀ ਦੋਵਾਂ ਮਾਧਿਅਮਾਂ ਵਿੱਚ ਹੋ ਸਕਦੀ ਹੈ। ਜਿਸ ਤੋਂ ਬਾਅਦ ਵਿਦਿਆਰਥੀ ਬੈਕਿੰਗ ਸੈਕਟਰ ਵਿੱਚ ਨੌਕਰੀ ਕਰ ਸਕਦੇ ਹਨ।ਇਸ ਦੇ ਨਾਲ ਹੀ ਕੰਪਨੀਆਂ ਵਿੱਚ ਅਕਾਉਟੈਂਟ, ਕਲਰਕ ਅਤੇ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਵੀ ਕਰ ਸਕਦੇ ਹਨ। ਬੀ.ਕਾਮ ਤੋਂ ਬਾਅਦ ਵਿਦਿਆਰਥੀ ਐਮ.ਕਾਮ. ਕਰ ਸਕਦੇ ਹਨ ਅਤੇ ਯੂ.ਜੀ.ਸੀ. ਨੈੱਟ ਦਾ ਟੈਸਟ ਪਾਸ ਕਰਕੇ ਕਾਲਜ ਵਿੱਚ ਅਧਿਆਪਨ ਵੀ ਕਰ ਸਕਦੇ ਹਨ।
ਸੀ.ਏ.: ਚਾਰਟਰਡ ਅਕਾਊਟੈਂਟ, ਅਕਾਊਂਟਸ ਦੇ ਖੇਤਰ ਵਿੱਚ ਮਾਹਿਰ ਹੁੰਦੇ ਹਨ। ਇਹ ਵਿੱਤੀ ਰਿਪੋਰਟਾਂ, ਨਿਵੇਸ਼ ਰਿਕਾਰਡ ਬਣਾਉਣਾ, ਵਿੱਤੀ ਜੋਖਿਮ ਉਠਾਉਣ ਦੀ ਯੋਜਨਾ ਬਣਾਉਣਾ, ਟੈਕਸ ਦੀ ਰਿਟਰਨ ਭਰਨ ਆਦਿ ਵਰਗੇ ਮਹੱਤਵਪੂਰਨ ਕੰਮ ਕਰਦੇ ਹਨ।ਇਸ ਦੇ ਦਾਖਲੇ ਲਈ ਵਿਦਿਆਰਥੀ ਨੂੰ ਬਾਰ੍ਹਵੀ ਦੇ ਨਾਲ ਸੀ.ਪੀ.ਟੀ ਪਾਸ ਕਰਨਾ ਹੁੰਦੀ ਹੈ ਅਤੇ ਆਈ.ਸੀ.ਏ.ਆਈ. (ICAI) ਦੇ ਆਈ.ਪੀ.ਸੀ ਵਿੱਚ ਦਾਖਲਾ ਲੈਣਾ ਹੁੰਦਾ ਹੈ।
ਸੀ.ਐੱਸ.(ਕੰਪਨੀ ਸੈਕਰੇਟਰੀ): ਇਹ ਆਈ.ਸੀ.ਐੱਸ.ਆਈ (ICSI) ਦੁਆਰਾ ਸ਼ੁਰੂ ਕੀਤਾ ਗਿਆ, ਇੱਕ ਪ੍ਰੋਫੈਸ਼ਨਲ ਕੋਰਸ ਹੈ। ਇਸ ਨਾਲ ਵਿਵਸਾਇਕ ਵਿੱਤੀ ਅਤੇ ਕਾਨੂੰਨੀ ਕੰਮਾਂ ਬਾਰੇ ਗਿਆਨ ਅਤੇ ਸਮਝ ਆਉਂਦੀ ਹੈ। ਸੀ.ਐੱਸ. ਦਾ ਸਰਟੀਫਿਕੇਟ ਲੈਣ ਵਾਸਤੇ ਵਿਦਿਆਰਥੀ ਨੂੰ ਫਾਊਂਡੇਸ਼ਨ, ਐਗਜ਼ੀਕਿਉਟਿਵ ਅਤੇ ਪ੍ਰੋਫੈਸ਼ਨਲ ਪ੍ਰੋਗਰਾਮ ਦੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ। ਕੰਪਨੀ ਸੈਕਰੇਟਰੀ ਲੱਗਣ ਲਈ ਵਿਦਿਆਰਥੀ ਫਾਊਂਡੇਸ਼ਨ ਪ੍ਰੋਗਰਾਮ ਦੀ ਪ੍ਰੀਖਿਆ ਵਿੱਚ ਅਪੀਅਰ ਹੋ ਸਕਦੇ ਹਨ। ਇਸ ਦੇ ਲਈ ਬਾਰ੍ਹਵੀ (ਕਿਸੇ ਵੀ ਵਿਸ਼ੇ ਵਿੱਚ) ਪਾਸ ਹੋਣੀ ਜਰੂਰੀ ਹੈ।
ਬੀ.ਬੀ.ਏ: ਬੀ.ਬੀ.ਏ ਵਿੱਚ ਬਿਜ਼ਨਸ ਨਾਲ ਸੰਬੰਧਿਤ ਪੜ੍ਹਾਈ ਹੁੰਦੀ ਹੈ। ਇਸ ਤੋਂ ਬਾਅਦ ਵਿਦਿਆਰਥੀ ਐਮ.ਬੀ.ਏ ਕਰ ਸਕਦੇ ਹਨ, ਜਿਹੜੇ ਵਿਦਿਆਰਥੀ ਬਿਜ਼ਨਸ ਅਤੇ ਵਪਾਰਕ ਕੰਮਾਂ ਵਿੱਚ ਰੁਚੀ ਰੱਖਦੇ ਹਨ, ਉਹ ਬੀ.ਬੀ.ਏ ਦੀ ਡਿਗਰੀ ਕਰ ਸਕਦੇ ਹਨ।
ਬੀ.ਸੀ.ਏ: ਅੱਜ ਕੰਪਿਊਟਰ ਦਾ ਯੁੱਗ ਹੈ। ਹਰ ਇੱਕ ਕੰਮ ਲਈ ਕੰਪਿਊਟਰ ਦਾ ਗਿਆਨ ਲਾਜ਼ਮੀ ਹੈ, ਜਿਸ ਨਾਲ ਬੀ.ਸੀ.ਏ ਵਰਗੀ ਡਿਗਰੀ ਦੀ ਕੀਮਤ ਹੋਰ ਵੀ ਵੱਧ ਜਾਂਦੀ ਹੈ। ਬੀ.ਸੀ.ਏ ਕਰਨ ਲਈ ਵਿਦਿਆਰਥੀ ਨੂੰ ਕੋਈ ਖਾਸ ਵਿਸ਼ਾ ਨਹੀ ਲੈਣਾ ਪੈਂਦਾ, ਬਸ ਅੰਗਰੇਜੀ ਦੇ ਵਿਸ਼ੇ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ, ਕਿਉਕਿ ਇਸ ਦਾ ਮਾਧਿਅਮ ਅੰਗਰੇਜੀ ਹੁੰਦਾ ਹੈ। ਬੀ.ਸੀ.ਏ ਤੋਂ ਬਾਅਦ ਵਿਦਿਆਰਥੀ ਪੀ.ਜ਼ੀ.ਡੀ.ਸੀ.ਏ. ਅਤੇ ਐੱਮ.ਸੀ.ਏ ਵੀ ਕਰ ਸਕਦੇ ਹਨ। ਐਮ.ਸੀ.ਏ ਤੋਂ ਬਾਅਦ ਵਿਦਿਆਰਥੀ ਸਾਫਟਵੇਅਰ ਕੰਪਨੀਆਂ (ਆਈ.ਟੀ.) ਵਿੱਚ ਨੌਕਰੀ ਕਰ ਸਕਦੇ ਹਨ ਅਤੇ ਸਕੂਲਾਂ ਵਿੱਚ ਕੰਪਿਊਟਰ ਦੇ ਅਧਿਆਪਕ ਲਗ ਸਕਦੇ ਹਨ। ਐਮ.ਸੀ.ਏ. ਤੋਂ ਬਾਅਦ ਵਿਦਿਆਰਥੀ ਯੂ.ਜੀ.ਸੀ. ਨੈੱਟ ਦਾ ਟੈਸਟ ਪਾਸ ਕਰਕੇ ਕਾਲਜ ਵਿੱਚ ਅਧਿਆਪਨ ਕਰ ਸਕਦੇ ਹਨ।
ਬੀ.ਐਸ.ਸੀ.ਆਈ.ਟੀ: ਬਾਰ੍ਹਵੀ ਤੋਂ ਬਾਅਦ ਵਿਦਿਆਰਥੀ ਡੀ.ਸੀ.ਏ ਦਾ ਕੋਰਸ ਕਰ ਸਕਦੇ ਹਨ ਅਤੇ ਕਿਸੇ ਵੀ ਪ੍ਰਾਈਵੇਟ ਫਰਮ ਵਿੱਚ ਨੌਕਰੀ ਕਰ ਸਕਦੇ ਹਨ। ਡੀ.ਸੀ.ਏ ਦਾ ਕੋਰਸ ਬੀ.ਐੱਸ.ਸੀ.ਆਈ.ਟੀ ਦੀ ਡਿਗਰੀ ਦੇ ਪਹਿਲੇ ਸਾਲ ਦੇ ਬਰਾਬਰ ਹੁੰਦਾ ਹੈ। ਜੇ ਵਿਦਿਅਰਥੀ ਨੇ ਇੱਕ ਸਾਲ ਡੀ.ਸੀ.ਏ ਵਿੱਚ ਲਗਾਇਆ ਹੈ ਤਾਂ ਬੀ.ਐੱਸ.ਸੀ ਦੇ ਦੂਜੇ ਸਾਲ ਵਿੱਚ ਦਾਖਲਾ ਮਿਲ ਜਾਂਦਾ ਹੈ।
ਈ.ਟੀ.ਟੀ: ਬਾਰ੍ਹਵੀ ਤੋਂ ਬਾਅਦ ਵਿਦਿਆਰਥੀ ਈ.ਟੀ.ਟੀ, ਦੋ ਸਾਲ ਦਾ ਪ੍ਰੌਫੈਸ਼ਨਲ ਕੋਰਸ ਕਰ ਸਕਦੇ ਹਨ, ਜਿਸ ਨਾਲ ਵਿਦਿਆਰਥੀ ਐਲੀਮੈਂਟਰੀ ਸਕੂਲਾਂ ਵਿੱਚ ਪੰਜਵੀ ਤੱਕ ਦੇ ਬੱਚਿਆਂ ਨੂੰ ਪੜ੍ਹਾ ਸਕਦੇ ਹਨ ਅਤੇ ਪੀ.ਐਸ.ਟੀ.ਈਟੀ. 1 ਪਾਸ ਕਰਕੇ ਸਰਕਾਰੀ ਨੋਕਰੀ ਲਈ ਅਪਲਾਈ ਕਰ ਸਕਦੇ ਹਨ।
ਬੀ.ਐੱਡ: ਬੀ.ਏ ਤੋਂ ਬਾਅਦ ਵਿਦਿਆਰਥੀ ਬੀ.ਐੱਡ ਕਰ ਸਕਦੇ ਹਨ, ਇਸ ਦੇ ਦੋ ਮੁੱਖ ਵਿਸ਼ੇ ਹੁੰਦੇ ਹਨ ਜੋ ਬੀ.ਏ ਦੀ ਡਿਗਰੀ ਨਾਲ ਸੰਬੰਧਿਤ ਹੁੰਦੇ ਹਨ, ਦੋ ਵਿਸ਼ਿਆ ਦਾ ਕੰਬੀਨੇਸ਼ਨ ਬੀ.ਏ ਦੇ ਵਿਸ਼ਿਆ ਤੇ ਆਧਾਰਿਤ ਹੁੰਦਾ ਹੈ। ਜੇਕਰ ਵਿਦਿਆਰਥੀ ਨੇ ਬੀ.ਐੱਡ ਕਰਨੀ ਹੈ, ਤਾਂ ਬੀ.ਏ ਦੇ ਵਿਸੇ ਚੁਣਦੇ ਹੋਏ ਇਹ ਧਿਆਨ ਰੱਖਣਾ ਪਵੇਗਾ ਕਿ ਇਹਨਾਂ ਦਾ ਕੰਬੀਨੇਸ਼ਨ ਬਣਦਾ ਹੋਵੇ। ਬੀ.ਐੱਡ ਕਰਨ ਤੋਂ ਬਾਅਦ ਵਿਦਿਆਰਥੀ ਟੀ.ਜੀ.ਟੀ ਅਧਿਆਪਕ ਦੀ ਕੈਰਾਗਿਰੀ ਵਿੱਚ ਆ ਸਕਦੇ ਹਨ ਤੇ ਛੇਵੀ ਤੋਂ ਅੱਠਵੀ ਤੱਕ ਦੇ ਬੱਚਿਆ ਨੂੰ ਪੜ੍ਹਾ ਸਕਦੇ ਹਨ। ਸਰਕਾਰੀ ਸਕੂਲਾਂ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਵਿਦਿਆਰਥੀ ਨੂੰ ਸਟੇਟ ਲੈਵਲ ਦੇ ਟੈਸਟ ਲਈ ਪੀ.ਐੱਸ.ਈ.ਟੀ-2 ਅਤੇ ਸੈਂਟਰਲ ਲੈਬਲ ਦੇ ਟੈਸਟ ਲਈ ਸੀ.ਟੀ.ਈ.ਟੀ. ਪਾਸ ਕਰਨਾ ਹੁੰਦੀ ਹੈ। ਬੀ.ਐਡ ਤੋ ਬਾਅਦ ਵਿਦਿਆਰਥੀ ਐੱਮ.ਐੱਡ ਵੀ ਕਰ ਸਕਦੇ ਹਨ। ਜੋ ਪ੍ਰਿੰਸੀਪਲ ਦੀ ਨੌਕਰੀ ਲਈ ਲਾਜ਼ਮੀ ਹੈ।
ਬੀ.ਏ.ਐਲ.ਐਲ.ਬੀ: ਐੱਲ.ਐੱਲ.ਬੀ. ਦਾ ਕੋਰਸ ਬੀ.ਏ. ਤੋਂ ਬਾਅਦ ਹੁੰਦਾ ਹੈ, ਜਿਸ ਵਿੱਚ ਵਕਾਲਤ ਦੀ ਜਾਣਕਾਰੀ ਮਿਲਦੀ ਹੈ, ਇਸ ਤੋਂ ਇਲਾਵਾ ਬੀ.ਏ.ਐੱਲ.ਐੱਲ.ਬੀ. ਦਾ ਕੋਰਸ ਹੁੰਦਾ ਹ, ਜੋ ਵਿਦਿਆਰਥੀ ਬਾਰ੍ਹਵੀ ਤੋਂ ਬਾਅਦ ਕਰ ਸਕਦੇ ਹਨ। ਇਸ ਤੋਂ ਬਾਅਦ ਐੱਲ.ਐੱਲ.ਐਮ. ਦਾ ਕੋਰਸ ਕੀਤਾ ਜਾ ਸਕਦਾ ਹੈ।
ਕੋਪਾ(COPA): ਕੰਪਿਉਟਰ ਆਪਰੇਟਰ ਪ੍ਰੋਗਰਾਮਿੰਗ ਅਸਿਸਟੈਂਟ ਦਾ ਕੋਰਸ ਸਰਕਾਰੀ ਆਈ.ਟੀ.ਆਈ ਵਿੱਚ ਕਰਵਾਇਆ ਜਾਂਦਾ ਹੈ, ਜੋ ਕਿ ਇੱਕ ਸਾਲ ਦਾ ਹੁੰਦਾ ਹੈ, ਇਸ ਨੂੰ ਕਰ ਕੇ ਵਿਦਿਆਰਥੀ ਕੰਪਿਊਟਰ ਆਪਰੇਟਰ ਜਾਂ ਡਾਟਾ ਐਂਟਰੀ ਆਪਰੇਟਰ ਲੱਗ ਸਕਦੇ ਹਨ।
ਬੀ.ਐੱਸ.ਸੀ ਨਰਸਿੰਗ : ਖਾਸ ਤੌਰ ਤੇ ਬੀ.ਐੱਸ.ਸੀ. ਨਰਸਿੰਗ ਦੀ ਡਿਗਰੀ ਲੜਕੀਆ ਲਈ ਹੈ ,ਜਿਸ ਨੂੰ ਕਰਕੇ ਉਹ ਨਰਸ ਲੱਗ ਸਕਦੀਆ ਹਨ। ਲੜਕੇ ਵੀ ਇਹ ਡਿਗਰੀ ਕਰ ਸਕਦੇ ਹਨ। ਇਸ ਦੇ ਲਈ ਬਾਰ੍ਹਵੀ ਵਿੱਚ ਮੈਡੀਕਲ ਦੇ ਵਿਸ਼ੇ ਪੜ੍ਹੇ ਹੋਣੇ ਲਾਜ਼ਮੀ ਹਨ। ਦੂਜੇ ਦੇਸ਼ਾ ਵਿੱਚ ਬੀ.ਐੱਸ.ਸੀ. ਨਰਸਿੰਗ ਦੇ ਵਿਦਿਆਰਥੀਆਂ ਦੀ ਬਹੁਤ ਮੰਗ ਹੈ।
ਬੀ.ਐਸ.ਸੀ ਐਗਰੀਕਲਚਰ: ਬਾਰ੍ਹਵੀ ਤੋਂ ਬਾਅਦ ਮੈਡੀਕਲ ਅਤੇ ਨਾਨ-ਮੈਡੀਕਲ ਦੇ ਵਿਦਿਆਰਥੀ ਖੇਤੀਬਾੜੀ ਦੇ ਸੰਦਰਭ ਵਿੱਚ ਬੀ.ਐਸ.ਸੀ ਐਗਰੀਕਲਚਰ ਕਰ ਸਕਦੇ ਹਨ। ਇਸ ਨੂੰ ਕਰਨ ਤੋਂ ਬਾਅਦ ਵਿਦਿਆਰਥੀਆਂ ਕੋਲ ਬਹੁਤ ਸਾਰੀਆਂ ਨੌਕਰੀਆਂ ਦੇ ਦਰਵਾਜੇ ਖੁੱਲ ਜਾਂਦੇ ਹਨ।ਇਸ ਦੇ ਖਾਸ ਵਿਸ਼ਿਆਂ ਦੀ ਮੁਹਾਰਤ ਰੱਖਣ ਵਾਲੇ ਵਿਦਿਆਰਥੀਆਂ ਨੂੰ ਕੇਂਦਰ ਤੇ ਰਾਜ ਦੋਵਾਂ ਵਿਭਾਗਾਂ ਵਿੱਚ ਨੋਕਰੀ ਮਿਲ ਸਕਦੀ ਹੈ। ਗ੍ਰੈਜੂਏਟ ਵਿਦਿਆਰਥੀ ਦੀ ਖੇਤੀਬਾੜੀ ਵਿਭਾਗ ਵੱਲੋਂ ਵਿਕਾਸ ਦੇ ਕੰਮ ਜਿਵੇਂ ਕਿ ਫਸਲਾਂ, ਬੀਜਾਂ, ਕਿਸਾਨੀ ਕੰਮਾਂ ਦੇ ਵਾਧੇ ਲਈ ਅਤੇ ਬਲਾਕ ਵਿਕਾਸ ਵਿਭਾਗ ਵਿੱਚ ਨਿਯੁਕਤੀ ਕੀਤੀ ਜਾਂਦੀ ਹੈ, ਬੀ.ਐਸ.ਸੀ ਐਗਰੀਕਲਚਰ ਇੱਕ ਅਜਿਹੀ ਡਿਗਰੀ ਹੈ, ਜਿਸ ਨੂੰ ਕਰਕੇ ਵਿਦਿਆਰਥੀ, ਦੂਜੇ ਦੇਸਾਂ ਵਿੱਚ ਜਾ ਕੇ ਨੌਕਰੀ ਪ੍ਰਾਪਤ ਕਰ ਸਕਦੇ ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਸਹਿਕਾਰੀ , ਗ੍ਰਾਮੀਣ ਬੈਂਕਾਂ ਵਿੱਚ ਅਸਿਸਟੈਂਟ ਅਤੇ ਐਗਰੀਕਲਚਰ ਅਧਿਕਾਰੀ ਲੱਗ ਸਕਦੇ ਹਨ। ਵਿਦਿਆਰਥੀ ਐਮ.ਐਸ.ਸੀ ਐਗਰੀਕਲਚਰ ਜਾਂ ਰੂਰਲ ਮੈਨੇਜ਼ਮੈਂਟ ਕਰ ਸਕਦੇ ਹਨ। ਇਸ ਦੇ ਨਾਲ ਵਿਦਿਆਰਥੀਆਂ ਕੋਲ ਨੈਸ਼ਨਲ ਸੀਡਜ਼ ਕਾਰਪੋਰੇਸ਼ਨ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਵੇਅਰ ਹਾਉਸਿੰਗ ਕਾਰਪੋਰੇਸ਼ਨ ਤੇ ਫਰਟੀਲਾਈਜਜ਼ ਕਾਰਪੋਰੇਸ਼ਨ ਵਿੱਚ ਭਰਤੀ ਦੇ ਰਾਹ ਖੁੱਲ ਜਾਂਦੇ ਹਨ।
ਬੀ.ਏ: ਆਰਟਸ ਦੇ ਵਿਦਿਆਰਥੀ ਬੀ.ਏ ਕਰ ਸਕਦੇ ਹਨ ਅਤੇ ਗ੍ਰੈਜ਼ੁਏਸ਼ਨ ਤੋ ਬਾਅਦ ਐਮ.ਏ ਦੀ ਡਿਗਰੀ ਜਾਂ ਬੀ.ਐੱਡ ਦਾ ਕੋਰਸ ਕੀਤਾ ਜਾ ਸਕਦਾ ਹੈ।ਐਮ.ਏ. ਤੋ ਬਾਅਦ ਯੂ.ਜੀ.ਸੀ.ਨੈੱਟ ਦਾ ਟੈਸਟ ਪਾਸ ਕਰਕੇ ਕਾਲਜ ਵਿੱਚ ਅਤੇ ਬੀ.ਐਡ ਤੋਂ ਬਾਅਦ ਸਕੂਲ ਵਿੱਚ ਅਧਿਆਪਨ ਕੀਤਾ ਜਾ ਸਕਦਾ ਹੈ।ਬੀ.ਏ. ਤੋਂ ਬਾਅਦ ਬਹੁਤ ਸਾਰੀਆ ਸਰਕਾਰੀ ਭਰਤੀਆ ਹੁੰਦੀਆਂ ਹਨ ਜਿਵੇਂ ਕਿ ਪੁਲਿਸ, ਫੌਜ਼, ਪਟਵਾਰੀ, ਇਨਕਮ ਵਿਭਾਗ, ਆਈ.ਬੀ.ਪੀ.ਐਸ. ਦੇ ਪੀ.ਏ. ਜਾਂ ਕਲਰਕ, ਵਣ ਵਿਭਾਗ ਦੇ ਅਧਿਕਾਰੀ ਤੇ ਆਈ.ਏ.ਐਸ ਅਧਿਕਾਰੀ ਆਦਿ।
ਬੀ.ਟੈੱਕ: ਬਾਰ੍ਹਵੀ ਤੋਂ ਬਾਅਦ ਵਿਦਿਆਰਥੀ ਬੀ.ਟੈਕੱ ਵੀ ਕਰ ਸਕਦੇ ਹਨ, ਇਸ ਨਾਲ ਤਕਨੀਕੀ ਕੰਮ ਦੀ ਮੁਹਾਰਤ ਹਾਸਲ ਹੋ ਜਾਂਦੀ ਹੈ। ਇਸ ਦੀਆਂ ਕਈ ਸ਼ਾਖਾਵਾ ਹੁੰਦੀਆਂ ਹਨ, ਇਨ੍ਹਾਂ ਵਿੱਚੋ ਪ੍ਰਮੁੱਖ ਮਕੈਨਿਕਲ ਇਲੈਕਟਰੀਕਲ, ਸਿਵਿਲ, ਕੈਮੀਕਲ ਅਤੇ ਕੰਪਿਉਟਰ ਸਾਇੰਸ ਇੰਜੀਨਿਅਰਿੰਗ ਹਨ, ਇਸ ਦੇ ਲਈ ਬਾਰ੍ਹਵੀ ਵਿੱਚ ਸਾਇੰਸ ਸਟਰੀਮ ਵਿੱਚ ਫਿਜ਼ਿਕਸ, ਕੈਮਿਸਟਰੀ, ਮੈਥਜ਼ ਵਿਸ਼ੇ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਵਿਦਿਆਰਥੀ ਕੰਪਨੀਆਂ ਵਿੱਚ ਨੌਕਰੀ ਕਰ ਸਕਦੇ ਹਨ।
ਸਿੱਟਾ: ਸਮੁੱਚੇ ਤੌਰ ਤੇ ਅਸੀ ਇਹ ਕਹਿ ਸਕਦੇ ਹਾਂ ਪੜ੍ਹਾਈ ਤੋਂ ਬਿਨਾਂ ਮਨੁੱਖ ਦੀ ਜਿੰਦਗੀ ਵਿੱਚ ਕਾਮਯਾਬ ਹੋਣ ਲਈ ਕਿਸੇ ਨਾ ਕਿਸੇ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨਾ ਜਰੂਰੀ ਹੈ।ਇਹ ਸਾਰੇ ਮਾਰਗ ਵਿਦਿਆਰਥੀ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਸਹਾਇਕ ਹੁੰਦੇ ਹਨ।
ਲੇਖਕ
ਲੈਕਚਰਾਰ ਗੁਰਪ੍ਰੀਤ ਸਿੰਘ ਬਿਲਿੰਗ
ਪਿੰਡ ਡੰਘੇੜੀਆਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ