ਭਾਰਤ ਦੀ ਹਰਨਾਜ਼ ਨੇ ਪਹਿਨਾਇਆ ਤਾਜ
ਏਜੰਸੀਆਂ
ਵਾਸ਼ਿੰਗਟਨ/16 ਜਨਵਰੀ : ਅਮਰੀਕਾ ਦੀ ਆਰ’ਬੋਨੀ ਗੈਬਰੀਅਲ ਨੇ ਮਿਸ ਯੂਨੀਵਰਸ 2022 ਦਾ ਖਿਤਾਬ ਜਿੱਤ ਲਿਆ ਹੈ । ਗੈਬਰੀਅਲ ਨੇ ਲੂਸਿਆਨਾ ਦੇ ਨਿਊ ਓਰਲੀਨਜ਼ ਵਿੱਚ 71ਵੇਂ ਮਿਸ ਯੂਨੀਵਰਸ ਮੁਕਾਬਲੇ ਦਾ ਤਾਜ ਆਪਣੇ ਨਾਂ ਕੀਤਾ । ਮਿਸ ਯੂਨੀਵਰਸ ਗੈਬਰੀਅਲ ਨੂੰ ਪਿਛਲੀ ਮਿਸ ਯੂਨੀਵਰਸ, ਭਾਰਤ ਦੀ ਹਰਨਾਜ਼ ਸੰਧੂ ਨੇ ਤਾਜ ਪਹਿਨਾਇਆ ਸੀ। ਮਿਸ ਯੂਨੀਵਰਸ ਮੁਕਾਬਲੇ ਦੌਰਾਨ ਟੌਪ-3 ਵਿੱਚ ਅਮਰੀਕਾ ਦੀ ਆਰ’ਬੋਨੀ ਗੈਬਰੀਅਲ, ਵੈਨੇਜ਼ੁਏਲਾ ਦੀ ਅਮਾਂਡਾ ਡੂਡਾਮੇਲ ਨਿਊਮੈਨ ਅਤੇ ਡੋਮੀਨਿਕਨ ਰਿਪਬਲਿਕ ਦੀ ਐਂਡਰੀਆ ਮਾਰਟੀਨੇਜ਼ ਨੇ ਜਗ੍ਹਾ ਬਣਾਈ। ਪਹਿਲੀ ਰਨਰ-ਅੱਪ ਵੈਨੇਜ਼ੁਏਲਾ ਦੀ ਅਮਾਂਡਾ ਡੂਡਾਮੇਲ ਨਿਊਮੈਨ ਅਤੇ ਦੂਜੀ ਰਨਰ-ਅੱਪ ਡੋਮੀਨਿਕਨ ਰੀਪਬਲਿਕ ਦੀ ਐਂਡਰੀਨਾ ਮਾਰਟੀਨੇਜ਼ ਰਹੀ। ਗੈਬਰੀਅਲ ਨੇ 86 ਸੁੰਦਰੀਆਂ ਨੂੰ ਹਰਾ ਕੇ ਤਾਜ ਜਿੱਤਿਆ। ਇਸ ਸਾਲ ਭਾਰਤ ਵੱਲੋਂ ਦਿਵਿਤਾ ਰਾਏ ਮੁਕਾਬਲੇ ’ਚ ਪਹੁੰਚੀ ਸੀ ਪਰ ਦਿਵਿਤਾ ਟਾਪ 16 ਵਿੱਚ ਆਉਣ ਤੋਂ ਬਾਅਦ ਮੁਕਾਬਲੇ ਵਿੱਚੋਂ ਬਾਹਰ ਹੋ ਗਈ ਸੀ ।