ਭਾਰਤ ਤੇ ਚੀਨ ਦਾ ਆਪਸੀ ਵਪਾਰ :-
ਸਾਡੇ ਵਰਤਮਾਨ ਹੁਕਮਰਾਨਾਂ ਦਾ ਵਿਹਾਰ ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਦੇਸ਼ ਦੀ ਤਰੱਕੀ ਨਾਲ ਜੁੜੀ ਕੋਈ ਪਰਿਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਸ ਨੂੰ ਸਮੁੱਚੇ ਸੰਸਾਰ ਲਈ ਲਾਭਕਾਰੀ ਹੀ ਨਹੀਂ ਦਰਸਾਇਆ ਜਾਂਦਾ ਸਗੋਂ ਸੰਕੇਤ ਇਹ ਜਾਂਦੇ ਹਨ ਕਿ ਸਮੁੱਚਾ ਸੰਸਾਰ ਹੁਣ ਇਸ ਪਰਿਯੋਜਨਾ ’ਤੇ ਨਿਰਭਰ ਹੋਣ ਵਾਲਾ ਹੈ। ਇਹ ਵਿਸ਼ਵ ਗੁਰੂ ਬਣਨ ਦੀ ਖਾਮ-ਖ਼ਿਆਲੀ ਦਾ ਪ੍ਰਭਾਵ ਮਾਤਰ ਨਹੀਂ ਸਗੋਂ ਲੱਛੇਦਾਰ ਭਾਸ਼ਣਬਾਜ਼ੀ ਹੁੰਦੀ ਹੈ। ਇਸ ਸਰਕਾਰ ਵੱਲੋਂ 2014 ਤੋਂ ਦੇਸ਼ ਨੂੰ ਨਿਰਯਾਤ ਦੀ ਆਲਮੀ ਧੁਰੀ ਬਣਾਉਣ ਦਾ ਸੰਕਲਪ ਲਿਆ ਗਿਆ ਸੀ ਪਰ ਅੱਜ 8 ਸਾਲ ਲੰਘ ਜਾਣ ਬਾਅਦ ਸਾਡੇ ਕੋਲ ਵਿਦੇਸ਼ੀ ਪੂੰਜੀ ਦੇ ਆਵਾਗਮਣ ਨੂੰ ਦਿਖਾਉਣ ਤੋਂ ਇਲਾਵਾ ਕੁੱਛ ਖਾਸ ਨਹੀਂ ਹੈ। ਅਸੀਂ ਨਿਰਮਾਣ ਦੀ ਆਲਮੀ ਧੁਰੀ ਬਣ ਕੇ ਚੀਨ ਨੂੰ ਪਛਾੜਨਾ ਸੀ ਪਰ ਅੱਜ ਹਾਲਤ ਇਹ ਸਾਹਮਣੇ ਆ ਰਹੀ ਹੈ ਕਿ ਫੈਕਟਰੀਆਂ ਦੇ ਤਿਆਰ ਮਾਲ ਤੱਕ ਦੇ ਮਾਮਲੇ ਵਿੱਚ ਸਾਡੀ ਚੀਨ ਉੱਤੇ ਨਿਰਭਰਤਾ ਲਗਾਤਾਰ ਵੱਧਦੀ ਜਾ ਰਹੀ ਹੈ। 20 ਮਈ 2020 ਨੂੰ ਲਦਾਖ਼ ’ਚ ਭਾਰਤੀ ਅਤੇ ਚੀਨੀ ਫੌਜਾਂ ਦੀ ਝੜਪ ਤੋਂ ਬਾਅਦ ਇਹ ਦਾਅਵੇ ਕੀਤੇ ਗਏ ਸਨ ਕਿ ਚੀਨ ਤੋਂ ਮਾਲ ਮੰਗਾਉਣਾ ਬੰਦ ਕੀਤਾ ਜਾਵੇਗਾ ਪਰ ਹਕੀਕਤ ਇਹ ਹੈ ਕਿ ਚੀਨ ਨਾਲ ਵੱਧ ਰਹੇ ਸਰਹੱਦੀ ਝਗੜਿਆਂ ਦੇ ਬਾਵਜੂਦ ਭਾਰਤ ਦਾ ਚੀਨ ਨਾਲ ਵਪਾਰ ਵੱਧਦਾ ਗਿਆ ਹੈ ਅਤੇ ਇਸ ਆਪਸੀ ਵਪਾਰ ਵਿੱਚ ਚੀਨ ਦੇ ਭਾਰਤ ਨੂੰ ਨਿਰਯਾਤ ਦਾ ਹਿੱਸਾ ਵੀ ਲਗਾਤਾਰ ਵੱਧਦਾ ਗਿਆ ਹੈ।
2022 ਵਿੱਚ ਭਾਰਤ ਤੇ ਚੀਨ ਦਰਮਿਆਨ 135.98 ਅਰਬ ਡਾਲਰ ਦਾ ਵਪਾਰ ਹੋਇਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ ਵਿੱਚ 8.4 ਪ੍ਰਤੀਸ਼ਤ ਦਾ ਵਾਧਾ ਦਿਖਾਉਂਦਾ ਹੈ। ਇਸ ਤੋਂ ਪਿਛਲੇ 2021 ਦੇ ਸਾਲ ਵਿੱਚ ਭਾਰਤ ਤੇ ਚੀਨ ਦਰਮਿਆਨ 125.62 ਅਰਬ ਡਾਲਰ ਦਾ ਵਪਾਰ ਹੋਇਆ ਸੀ। ਇਹ ਸਾਲ ਦਰ ਸਾਲ ਅਨੁਸਾਰ 43.32 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਸੀ ਅਤੇ ਦੋਵੇਂ ਮੁਲਕਾਂ ’ਚ ਪਹਿਲੀ ਵਾਰ ਆਪਸੀ ਵਪਾਰ 100 ਅਰਬ ਡਾਲਰ ਨੂੰ ਟੱਪ ਗਿਆ ਸੀ। ਦੋਨਾਂ ਦੇਸ਼ਾਂ ਦਰਮਿਆਨ ਪੂਰਬੀ ਲਦਾਖ਼ ਤੋਂ ਸ਼ੁਰੂ ਹੋਏ ਫੌਜੀ ਟਕਰਾਅ ਦੇ ਅਤੇ ਸਰਹੱਦੀ ਤਨਾਅ ਦੇ ਬਾਵਜੂਦ ਵਪਾਰ ਲਗਾਤਾਰ ਵਧਿਆ ਹੈ। ਅਸਲ ’ਚ 2015 ਤੋਂ 2021 ਦਰਮਿਆਨ ਭਾਰਤ ਤੇ ਚੀਨ ਦਾ ਆਪਸੀ ਵਪਾਰ ਹਰ ਸਾਲ 12.55 ਪ੍ਰਤੀਸ਼ਤ ਦੇ ਹਿਸਾਬ ਵੱਧਦੇ ਹੋਏ 75.30 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਆਪਸੀ ਵਪਾਰ ਦੇ ਵਾਧੇ ਦਾ ਅਰਥ ਉਹ ਨਹੀਂ ਜੋ ਸਾਡੇ ਹੁਕਮਰਾਨ ਦਿਖਾਉਣਾ ਚਾਹੁੰਦੇ ਹਨ। ਹਾਲਤ ਬਿਲਕੁਲ ਭਾਰਤ ਲਈ ਅਸੰਤੁਲਿਤ ਬਣੀ ਹੋਈ ਹੈ। 2022 ਦੌਰਾਨ ਹੋਏ ਚੀਨ ਅਤੇ ਭਾਰਤ ਦੇ ਆਪਸੀ ਵਪਾਰ ਵਿੱਚ ਭਾਰਤ ਦਾ ਹਿੱਸਾ ਦਰਸਾਉਂਦਾ ਹੈ ਕਿ ਆਪਸੀ ਵਪਾਰ ਵਿੱਚ ਚੀਨ ਬਹੁਤ ਅਗਾਂਹ ਹੈ ਅਤੇ ਭਾਰਤ ਦਾ ਜੋ ਹਿੱਸਾ ਰਿਹਾ ਹੈ, ਉਹ ਘਟਦਾ ਜਾਂਦਾ ਰਿਹਾ ਹੈ।
2022 ’ਚ ਭਾਰਤ ਅਤੇ ਚੀਨ ਦਰਮਿਆਨ 135.98 ਅਰਬ ਡਾਲਰ ਦਾ ਆਪਸੀ ਵਪਾਰ ਤਾਂ ਹੋਇਆ ਹੈ ਪਰ ਭਾਰਤ ਦਾ ਵਪਾਰਕ ਘਾਟਾ ਪਹਿਲੀ ਵਾਰ 100 ਅਰਬ ਡਾਲਰ ਤੋਂ ਵੱਧ ਗਿਆ ਹੈ। ਚੀਨ ਨੇ ਇਸ ਸਾਲ ਦੌਰਾਨ ਭਾਰਤ ਨੂੰ 118.05 ਅਰਬ ਡਾਲਰ ਦਾ ਨਿਰਯਾਤ ਕੀਤਾ ਹੈ ਜੋ ਕਿ ਇੱਕ ਸਾਲ ’ਚ 21.07 ਪ੍ਰਤੀਸ਼ਤ ਦਾ ਵਾਧਾ ਹੈ। ਦੂਸਰੇ ਪਾਸੇ ਭਾਰਤ ਤੋਂ ਚੀਨ ਨੂੰ ਜਾਣ ਵਾਲੇ ਮਾਲ ’ਚ 2022 ਦੇ ਸਾਲ ਦੌਰਾਨ 37.09 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸ ਸਾਲ ਦੌਰਾਨ ਭਾਰਤ ਤੋਂ ਚੀਨ ਨੂੰ 17.48 ਅਰਬ ਡਾਲਰ ਦਾ ਹੀ ਨਿਰਯਾਤ ਹੋ ਸਕਿਆ ਹੈ। ਇਸ ਤਰ੍ਹਾਂ ਚੀਨ ਨਾਲ ਆਪਸੀ ਵਪਾਰ ’ਚ ਭਾਰਤ ਨੂੰ 101.2 ਅਰਬ ਡਾਲਰ ਦਾ ਵਪਾਰਕ ਘਾਟਾ ਸਹਿਣਾ ਪਿਆ ਹੈ। 2021 ਵਿੱਚ ਭਾਰਤ ਲਈ ਇਹ ਵਪਾਰਕ ਘਾਟਾ 69.38 ਅਰਬ ਡਾਲਰ ਸੀ। 2008 ਤੋਂ ਹੀ ਚੀਨ ਭਾਰਤ ਦਾ ਸਭ ਤੋਂ ਵੱਡਾ ਭਾਈਵਾਲ ਬਣਿਆ ਆ ਰਿਹਾ ਹੈ। ਪਿਛਲੇ ਦਹਾਕੇ ਦੇ ਮੁੱਢ ਤੋਂ ਹੀ ਦੋਨਾਂ ਦੇਸ਼ਾਂ ਦਰਮਿਆਨ ਵਪਾਰ ਵਿੱਚ ਗ਼ੈਰ ਮਾਮੂਲੀ ਵਾਧਾ ਹੋਇਆ ਹੈ ਪਰ ਵਪਾਰਕ ਘਾਟਾ ਭਾਰਤ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਚੀਨ ਨੂੰ ਥੋੜ੍ਹੀਆਂ ਹੀ ਜਿਣਸਾਂ ਨਿਰਯਾਤ ਕਰ ਪਾਉਂਦਾ ਹੈ। ਭਾਰਤ ਲਈ ਵਪਾਰਕ ਘਾਟਾ ਨਾ ਕਿ ਬਹੁਤ ਵੱਡਾ ਹੈ ਸਗੋਂ ਇਹ ਭਾਰਤ ਲਈ ਲਗਾਤਾਰ ਵੱਧਦਾ ਵੀ ਜਾ ਰਿਹਾ ਹੈ। ਇਸ ਸਥਿਤੀ ਤੋਂ ਸਹਿਜੇ ਹੀ ਦੇਖਿਆ ਜਾ ਸਕਦਾ ਹੈ ਕਿ ਭਾਰਤ ਦੇ ਕਾਰਖਾਨੇ ਵੱਖ-ਵੱਖ ਤਰ੍ਹਾਂ ਦੀਆਂ ਜਿਣਸਾਂ ਤਿਆਰ ਨਹੀਂ ਕਰ ਪਾ ਰਹੇ ਜੋ ਚੀਨ ਨੂੰ ਨਿਰਯਾਤ ਕੀਤੀਆਂ ਜਾ ਸਕਣ। ਸੋ ਭਾਰਤ ’ਚ ਜਿਣਸਾਂ ਦੇ ਨਿਰਮਾਣ ਲਈ ਮੂਲ ਢਾਂਚਾ ਸਥਾਪਤ ਕਰਨ ਵਾਲੇ ਬਹੁਤ ਸਾਰੇ ਕੰਮ ਅਧੂਰੇ ਪਏ ਹਨ। ਇਹ ਨਿਰਯਾਤ ਦੀ ‘‘ਆਲਮੀ ਧੁਰੀ’’ ਬਣਨ ਦੇ ਸੁਫ਼ਨੇ ਤੋਂ ਬਹੁਤ ਦੂਰ ਦੀ ਹਕੀਕਤ ਹੈ।