ਸੁਰੇਸ਼ ਕੁਮਾਰ/ਜਸਕਰਨ ਸਿੰਘ
ਹੁਸ਼ਿਆਰਪੁਰ, ਮੁਕੇਰੀਆਂ, 17 ਜਨਵਰੀ:
ਭਾਰਤ ਜੋੜੋ ਯਾਤਰਾ ਦੌਰਾਨ ਜਿਲ੍ਹੇ ਦੇ ਮੁਕੇਰੀਆਂ ਉੱਪ ਮੰਡਲ ਅਧੀਨ ਆਉਂਦੇ ਪਿੰਡ ਲਮੀਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਕੌਮੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਉੱਤੇ ਆਰ ਐਸ ਐਸ ਅਤੇ ਭਾਜਪਾ ਦਾ ਕਬਜ਼ਾ ਹੋ ਚੁੱਕਾ ਹੈ ਅਤੇ ਕੌਮੀ ਮੀਡੀਆ, ਚੋਣ ਕਮਿਸ਼ਨ ਅਤੇ ਨਿਆਂਪਾਲਿਕਾ ਦਬਾਅ ਹੇਠ ਕੰਮ ਕਰ ਰਹੀ ਹੈ। ‘ਭਾਰਤ ਜੋੜੋ ਯਾਤਰਾ’ ਇਨ੍ਹਾਂ ਸੰਸਥਾਵਾਂ ਨੂੰ ਅਜ਼ਾਦ ਕਰਾਉਣ ਦੀ ਲੜਾਈ ਹੈ। ਉਨ੍ਹਾ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਗਲਾ ਕਟਾ ਸਕਦੇ ਹਨ, ਪਰ ਆਰਐਸਐਸ ਦਫ਼ਤਰ ਨਹੀਂ ਜਾ ਸਕਦੇ ਕਿਉਂਕਿ ਆਰਐਸਐਸ ਦੀ ਵਿਚਾਰਧਾਰਾ ਉਹ ਕਦੇ ਵੀ ਨਹੀਂ ਅਪਣਾ ਸਕਦੇ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀ ਰਵਾਇਤਾਂ ਅਤੇ ਇਤਿਹਾਸ ਤੋਂ ਸੇਧ ਲੈ ਕੇ ਪੰਜਾਬ ਨੂੰ ਚਲਾਉਣ ਦੀ ਸਲਾਹ ਦਿੱਤੀ।
ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰ ਐਸ ਐਸ ਨੇ ਦੇਸ਼ ਦੀਆਂ ਧਰਮ ਨਿਰਪੱਖ ਤੇ ਅਜ਼ਾਦ ਸੰਸਥਾਵਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਚੋਣ ਕਮਿਸ਼ਨ, ਸੀਬੀਆਈ, ਈ ਡੀ ਅਤੇ ਪੈਗਾਸਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੀਡੀਆ ਹਾਉਸਾਂ ਉੱਤੇ ਭਾਜਪਾ ਨੇ ਕਬਜ਼ਾ ਕਰ ਲਿਆ ਹੈ ਅਤੇ ਲੋਕ ਮਸਲਿਆਂ ਨੂੰ ਦਰਕਿਨਾਰ ਕਰਕੇ ਮੀਡੀਆ ਸੈਲੀਬਿ੍ਰਟੀ ਖਬਰਾਂ ਦਿਖਾ ਰਿਹਾ ਹੈ। ਜਦੋਂ ਕਿ ਮੀਡੀਆ ਦਾ ਰੋਲ ਸਰਕਾਰ ਦੀਆਂ ਗਲਤ ਨੀਤੀਆਂ ਪ੍ਰਤੀ ਵਾਚ ਡੌਗ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੇ ਚਚੇਰੇ ਭਰਾ ਤੇ ਭਾਜਪਾ ਆਗੂ ਵਰੁਣ ਗਾਂਧੀ ਦੀ ਵਿਚਾਰਧਾਰਾ ਕਾਂਗਰਸ ਨਾਲ ਮੇਲ ਨਹੀਂ ਖਾਂਦੀ। ਵਰੁਣ ਗਾਂਧੀ ਨੇ ਆਰ ਐਸ ਐਸ ਦੀ ਵਿਚਾਰਧਾਰਾ ਨੂੰ ਅਪਣਾ ਲਿਆ ਹੈ, ਪਰ ਉਨ੍ਹਾਂ ਦਾ ਭਾਂਵੇ ਗਲ਼ਾ ਕੱਟ ਦਿਉਂ ਉਹ ਆਰਐੱਸਐੱਸ ਦੇ ਦਫ਼ਤਰ ਨਹੀਂ ਜਾ ਸਕਦੇ, ਹਾਲਾਂਕਿ ਪਰਿਵਾਰਕ ਰਿਸ਼ਤੇ ਵੱਖਰੇ ਹੁੰਦੇ ਹਨ। ਭਾਜਪਾ ਦੇ ਅਯੁੱਧਿਆ 'ਚ ਰਾਮ ਮੰਦਰ 2024 ਤੱਕ ਬਣਾ ਕੇ ਲੋਕਾਂ ਲਈ ਖੋਲ੍ਹ ਦਿੱਤੇ ਜਾਣ ਦੇ ਸਬੰਧ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨਫ਼ਰਤ ਫੈਲਾਉਂਦੀ ਹੈ ਅਤੇ ਸਮਾਜ ਨੂੰ ਵੰਡਣ ਦਾ ਕੰਮ ਕਰਦੀ ਹੈ। ਉਹ ਪਿਆਰ ਦੀਆਂ ਦੁਕਾਨਾਂ ਖੋਲ੍ਹ ਰਹੇ ਹਨ ਅਤੇ ਕੁਝ ਖੁੱਲ੍ਹ ਗਈਆਂ ਹਨ। ਆਰ ਐਸ ਐਸ ਆਗੂ ਮੋਹਨ ਭਗਵਤ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹਿੰਦੂ ਧਰਮ ਕਿਸੇ ਤਰ੍ਹਾਂ ਦੀ ਵੀ ਨਫ਼ਰਤ ਫੈਲਾਉਣ ਜਾਂ ਕਿਸੇ ਨੂੰ ਡਰਾਉਣ ਧਮਕਾਉਣ ਦੀ ਆਗਿਆ ਨਹੀਂ ਦਿੰਦਾ, ਪਰ ਜੋ ਹਿੰਦੂ ਧਰਮ ਵਿੱਚ ਲਿਖਿਆ ਹੈ, ਉਸ ਉੱਤੇ ਆਰ ਐਸ ਐਸ ਅਮਲ ਨਹੀਂ ਕਰਦੀ। ਕਾਂਗਰਸ ਨੇ ਦੇਸ਼ ਦੇ 20 ਕਰੋੜ ਗਰੀਬ ਲੋਕਾਂ ਨੂੰ ਵੱਖ ਵੱਢ ਸਕੀਮਾਂ ਰਾਹੀਂ ਗੁਰਬਤ ਤੋਂ ਬਾਹਰ ਕੱਢਿਆ, ਪਰ ਦੇਸ਼ ‘ਤੇ ਕਾਬਜ਼ ਹੋਈ ਭਾਜਪਾ ਨੇ ਮੁੜ ਇਨ੍ਹਾਂ ਨੂੰ ਗਰੀਬੀ ਵੱਲ ਧੱਕ ਦਿੱਤਾ। ਕਾਂਗਰਸ ਦੀ ਯੂ ਪੀ ਏ ਸਰਕਾਰ ਨੇ ਕਿਸਾਨਾਂ ਤੇ ਨੌਜਵਾਨਾਂ ਨਈ ਕਾਫੀ ਕੁੱਝ ਕੀਤਾ, ਪਰ ਲੋੜ ਅਨੁਸਾਰ ਨਹੀਂ ਕਰ ਸਕੀ। ਭਾਜਪਾ ਨੇ ਕਿਸਾਨਾਂ ਉੱਤੇ 3 ਖੇਤੀ ਕਨੂੰਨਾ ਸਮੇਤ ਅੰਨੇਵਾਹ ਬਹੁਪੱਖੀ ਹਮਲੇ ਕੀਤੇ, ਜਿਸ ਨੇ ਦੇਸ਼ ਦੀ ਕਿਸਾਨੀ ਨੂੰ ਕੰਗਾਲੀ ਵੱਲ ਧੱਕਿਆ ਹੈ। ਕਾਂਗਰਸ ਲਈ ਕਿਸਾਨੀ ਕੇਂਦਰੀ ਧੁਰਾ ਹੋਵੇਗੀ ਅਤੇ ਨਵੀਆਂ ਖੇਤੀ ਤਕਨੀਕਾਂ ਅਤੇ ਖੇਤੀ ਰੁਜ਼ਗਾਰ ਦੀ ਵਸੀਲਿਆਂ ਨਾਲ ਕਿਸਾਨੀ ਨੂੰ ਉੱਚਆਇਆ ਜਾਵੇਗਾ।
ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਦਿੱਲੀ ਦੀਆਂ ਸੇਧਾਂ ‘ਤੇ ਚੱਲਣ ਦੀ ਥਾਂ ਪੰਜਾਬ ਦੀਆਂ ਰਵਾਇਤਾਂ ਅਤੇ ਇਤਿਹਾਸ ਤੋਂ ਸੇਧ ਲੈ ਕੇ ਕੰਮ ਕਰਨਾ ਚਾਹੀਦਾ ਹੈ। ਪੰਜਾਬ ਦੇ ਲੋਕ ਕਦੇ ਵੀ ਦਿੱਲੀ ਤੋਂ ਚੱਲਣਾ ਪਸੰਦ ਨਹੀਂ ਕਰਨਗੇ। ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਸੂਬੇ ‘ਤੇ ਰਾਜ ਕਰਨ ਦਾ ਮੌਕਾ ਦਿੱਤਾ, ਪਰ ਸਰਕਾਰ ਲੋਕਾਂ ਦੀਆਂ ਆਸਾਂ ‘ਤੇ ਖਰੀ ਨਹੀਂ ਉੱਤਰੀ, ਜਿਸ ਕਾਰਨ ਲੋਕ ਸੂਬਾ ਸਰਕਾਰ ਤੋਂ ਨਿਰਾਸ਼ ਚੱਲ ਰਹੇ ਹਨ। ਸੂਬੇ ਦੀ ਕਾਂਗਰਸ ਲੀਡਰਸ਼ਿਪ ਸਬੰਧੀ ਸਵਾਲ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਉਹ ਖੁਸ਼ ਹਨ ਕਿ ਸਰਕਾਰ ਦੇ ਦਬਾਅ ਹੇਠ ਆਉਣ ਵਾਲੇ ਲੋਕ ਕਾਂਗਰਸ ਵਿੱਚੋਂ ਬਾਹਰ ਚਲੇ ਗਏ ਹਨ। ਉਨ੍ਹਾਂ ਮੰਨਿਆ ਕਿ ਸੂਬੇ ਦੀ ਸੱਤਾ ‘ਤੇ ਕਾਬਜ਼ ਰਹੀ ਕਾਂਗਰਸ ਨਸ਼ੇ ਅਤੇ ਕਿਸਾਨੀ ਲਈ ਚੰਗਾ ਨਹੀਂ ਕਰ ਸਕੀ, ਜਿਸ ਕਾਰਨ ਲੋਕਾਂ ਦੇ ਰੋਸ ਕਾਰਨ ਸਰਕਾਰ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਹੈ। ਹਿਮਾਚਲ ਵਿੱਚ ਕਾਂਗਰਸ ਵਲੋਂ ਡੀਜ਼ਲ ਦੇ ਰੇਟਾਂ ਵਿੱਚ 3 ਰੁਪਏ ਦਾ ਵਾਧਾ ਕਰਨ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਸੂਬਿਆਂ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਦੀ ਅਤੇ ਹਿਮਾਚਲ ਵਿੱਚ ਸਰਕਾਰ ਨੂੰ ਕੁਝ ਸਮਾਂ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਦੇਸ਼ ਅੰਦਰ ਭਾਜਪਾ ਦੇ ਖਿਲਾਫ਼ ਮਹੌਲ ਤਿਆਰ ਹੋ ਰਿਹਾ ਹੈ ਅਤੇ ਆਰਥਿਕ ਮੰਦਹਾਲੀ ਨੇ ਚੋਟ ਮਾਰੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਤੇ ਸੂਬੇ ਅੰਦਰ ਲੋਕਾਂ ਨੂੰ ਇੱਕ ਵਿਜ਼ਨ ਦੇਵੇਗੀ। ਕਾਂਗਰਸ ਨੂੰ ਛੋਟੀ ਸਨਅਤ ਨੂੰ ਉਤਸ਼ਾਹਿਤ ਕਰਨਾ ਪਵੇਗਾ, ਕਿਸਾਨ ਪੱਖੀ ਨੀਤੀਆਂ ਸਮੇਤ ਬੇਰੁਜ਼ਗਾਰੀ ਦੂਰ ਕਰਨ ਲਈ ਸਾਰਥਿਕ ਕਦਮ ਚੁੱਕਣੇ ਪੈਣਗੇ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਜੈ ਰਾਮ ਰਮੇਸ਼, ਦਿਗਵਿਜੇ ਸਿੰਘ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਆਗੂ ਹਰੀਸ਼ ਚੌਧਰੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਰਾਜ ਕੁਮਾਰ, ਵਿਜੇ ਇੰਦਰ ਸਿੰਗਲਾ, ਮੀਡੀਆ ਇੰਚਾਰਜ ਪਵਨ ਖੇੜਾ ਆਦਿ ਵੀ ਹਾਜ਼ਰ ਸਨ।