ਸ੍ਰੀ ਫ਼ਤਹਿਗੜ੍ਹ ਸਾਹਿਬ/ 25 ਜਨਵਰੀ:
(ਰਵਿੰਦਰ ਸਿੰਘ ਢੀਂਡਸਾ):
ਬੀਤੇ ਦਿਨੀਂ ਸੰਘੋਲ 'ਤੋਂ ਚੋਰੀ ਕੀਤੀ ਗਈ ਟਰੈਕਟਰ-ਟਰਾਲੀ ਸਮੇਤ ਸੰਘੋਲ ਚੌਂਕੀ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਲਖਵਿੰਦਰ ਸਿੰਘ ਵਾਸੀ ਸੰਘੋਲ ਨੇ ਦੱਸਿਆ ਸੀ ਕਿ ਉਹ ਭੱਠੇ 'ਤੇ ਕੱਚੀਆਂ ਇੱਟਾਂ ਦੀ ਢੋਆ-ਢੁਆਈ ਦਾ ਕੰਮ ਕਰਦਾ ਹੈ ਤੇ ਬੀਤੀ 23 ਜਨਵਰੀ ਨੂੰ ਉਸਨੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਕੇ ਟਰੈਕਟਰ-ਟਰਾਲੀ ਪਿੰਡ ਸੰਘੋਲ ਵਿਖੇ ਸਥਿਤ ਆਪਣੇ ਘਰ ਦੇ ਬਾਹਰ ਖੜ੍ਹੀ ਕਰ ਦਿੱਤੀ ਜਿਸ ਨੂੰ ਚੋਰੀ ਕਰ ਲਿਆ ਗਿਆ।ਲਖਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਖਮਾਣੋਂ ਵਿਖੇ ਅ/ਧ 379 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਵਾਉਣ ਉਪਰੰਤ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਮਾਮਲੇ ਦੀ ਤਫਤੀਸ਼ ਅੱਗੇ ਵਧਾਉਂਦਿਆਂ ਕਥਿਤ ਵਿਅਕਤੀਆਂ ਦਿਲਬਾਗ ਸਿੰਘ ਅਤੇ ਨੀਰਜ ਕੁਮਾਰ ਵਾਸੀਆਨ ਪਿੰਡ ਹਰਮੇਸ਼ਪੁਰਾ ਦੇ ਕਬਜ਼ੇ 'ਚੋਂ ਉਕਤ ਚੋਰੀਸ਼ੁਦਾ ਟਰੈਕਟਰ-ਟਰਾਲੀ ਬਰਾਮਦ ਕਰਦੇ ਹੋਏ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।