ਸ੍ਰੀ ਫ਼ਤਹਿਗੜ੍ਹ ਸਾਹਿਬ/ 25 ਜਨਵਰੀ:
(ਰਵਿੰਦਰ ਸਿੰਘ ਢੀਂਡਸਾ):
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ 'ਚ ਤਾਇਨਾਤ ਇੱਕ ਸਿਪਾਹੀ ਵਿਰੁੱਧ ਉੁਸਦੀ ਪਤਨੀ ਦੀ ਸ਼ਿਕਾਇਤ 'ਤੇ ਬਸੀ ਪਠਾਣਾਂ ਪੁਲਿਸ ਵੱਲੋਂ ਅ/ਧ 498ਏ,341,323,506 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੋਹਾਲੀ ਵਿਖੇ ਇੰਟੈਲੀਜੈਂਸ ਵਿੰਗ 'ਚ ਸਿਪਾਹੀ ਵਜੋਂ ਤਾਇਨਾਤ ਕਥਿਤ ਵਿਅਕਤੀ ਰਮਨਜੀਤ ਸਿੰਘ ਵਾਸੀ ਪਿੰਡ ਦੁਲਚੀਮਾਜਰਾ ਥਾਣਾ ਚਮਕੌਰ ਸਾਹਿਬ ਜ਼ਿਲਾ ਰੂਪਨਗਰ ਦੀ ਪਤਨੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਗਿਆ ਕਿ ਰਮਨਜੀਤ ਸਿੰਘ ਨਾਲ ਉਸ ਦਾ ਵਿਆਹ ਮਿਤੀ 19/11/22 ਨੂੰ ਸਿੱਖ ਰੀਤ ਰਿਵਾਜ਼ਾਂ ਮੁਤਾਬਿਕ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸਦਾ ਪਤੀ ਉਸਨੂੰ ਹੋਰ ਦਾਜ-ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਜੋ ਕਿ ਵਾਰ-ਵਾਰ ਉਸਨੂੰ ਪੇਕਿਆਂ ਤੋਂ ਦਾਜ 'ਚ ਵੱਡੀ ਕਾਰ ਲੈ ਕੇ ਆਉਣ ਲਈ ਕਹਿੰਦਾ ਰਹਿੰਦਾ ਸੀ ਤੇ ਬੀਤੀ 19 ਜਨਵਰੀ ਦੀ ਸ਼ਾਮ ਕਰੀਬ 5.30 ਵਜੇ ਡਿਊਟੀ ਤੋਂ ਆਏ ਉਸਦੇ ਪਤੀ ਰਮਨਜੀਤ ਸਿੰਘ ਵੱਲੋਂ ਵੱਡੀ ਕਾਰ ਦੀ ਮੰਗ ਨੂੰ ਲੈ ਕੇ ਉਸ ਨਾਲ ਗਾਲੀ-ਗਲੋਚ ਕਰਦਿਆਂ ਉਸਦੀ ਕੁੱਟਮਾਰ ਕੀਤੀ ਗਈ।ਥਾਣਾ ਬਸੀ ਪਠਾਣਾਂ ਦੇ ਸਹਾਇਕ ਥਾਣੇਦਾਰ ਪਰਜਿੰਦਰ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।