ਸ੍ਰੀ ਫ਼ਤਹਿਗੜ੍ਹ ਸਾਹਿਬ/ 25 ਜਨਵਰੀ:(ਰਵਿੰਦਰ ਸਿੰਘ ਢੀਂਡਸਾ):ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਨੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਪੰਜਾਬ ਰਜਿ: ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਪੀਲ 'ਸੇ ਨੋ ਟੂ ਚਾਈਨਾ ਡੋਰ' ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਲਈ ਸਕੂਲ ਕੈਂਪਸ ਵਿੱਚ ਇੱਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ। ਸਕੂਲ ਵੱਲੋਂ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਗਲੋਬਲ ਸਕੂਲ ਦੇਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਗਾਮੀ ਬਸੰਤ ਪੰਚਮੀ ਮੌਕੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦਾ ਪ੍ਰਣ ਲਿਆ ਅਤੇ ਵਾਅਦਾ ਕੀਤਾ ਕਿ ਉਹ ਚਾਇਨਾ ਡੋਰ ਦੀ ਵਰਤੋ ਪਤੰਗ ਚੜ੍ਹਾਉਣ ਲਈ ਨਹੀਂ ਕਰਨਗੇ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕਈ ਹਾਦਸੇ ਵਾਪਰ ਰਹੇ ਹਨ। ਇਹ ਚੀਨੀ ਡੋਰ ਪੰਛੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ। ਸਰਕਾਰ ਵੱਲੋਂ ਇਸ ਚਾਈਨਾ ਡੋਰ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਕੁਝ ਵਪਾਰੀ ਇਸ ਨੂੰ ਦੇਸ਼ ਭਰ 'ਚ ਗੈਰ-ਕਾਨੂੰਨੀ ਢੰਗ ਨਾਲ ਵੇਚ ਰਹੇ ਹਨ।ਸਕੂਲ ਦੇ ਪ੍ਰਿੰਸੀਪਲ ਰਜਨੀਸ਼ ਮਦਾਨ ਨੇ ਵੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਰਤੋਂ ਆਪਣੇ ਮਨੋਰੰਜਨ ਲਈ ਨਾ ਕਰਨ। ਇਸ ਦੇ ਨਾਲ, ਸਕੂਲ ਨੇ ਕਲਾਸ ਗਰੁੱਪਾਂ ਵਿੱਚ ਚਾਈਨਾ ਡੋਰ ਦੀ ਦੁਰਵਰਤੋਂ ਨੂੰ ਦਰਸਾਉਂਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ। ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਐਫ.ਏ.ਪੀ ਦੁਆਰਾ ਇਹ ਇੱਕ ਬਹੁਤ ਵਧੀਆ ਉਪਰਾਲਾ ਸੀ ਅਤੇ ਦੇਸ਼ ਭਗਤ ਗਲੋਬਲ ਸਕੂਲ ਆਪਣੇ ਸਕੂਲ ਵਿੱਚ ਅਜਿਹੀ ਗਤੀਵਿਧੀ ਦਾ ਆਯੋਜਨ ਕਰਨ ਲਈ ਵਿਸ਼ੇਸ ਮਾਣ ਮਹਿਸੂਸ ਕਰਦਾ ਹੈ।